(Source: ECI/ABP News/ABP Majha)
ਕਿਸਾਨ ਜਥੇਬੰਦੀਆਂ ਦਾ ਯੂ-ਟਰਨ, ਲੱਖਾ ਸਿਧਾਣਾ ਤੇ ਉਸ ਸਾਥੀਆਂ ਨੂੰ ਮੁੜ ਸੌਂਪੀ ਅੰਦੋਲਨ 'ਚ ਕਮਾਨ
ਲੰਬੀ ਚਰਚਾ ਮਗਰੋਂ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਲੈਣ ਦਾ ਫ਼ੈਸਲਾ ਕੀਤਾ।
ਚੰਡੀਗੜ੍ਹ: ਲਾਲ ਕਿਲੇ ਦੀ ਘਟਨਾ ਮਗਰੋਂ ਰੂਪੋਸ਼ ਹੋਇਆ ਲੱਖਾ ਸਿਧਾਣਾ ਮੁੜ ਕਿਸਾਨ ਅੰਦੋਲਨ ਵਿੱਚ ਡਟ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਬੁਲਾ ਲਿਆ ਹੈ। ਲਾਲ ਕਿਲੇ ਦੀ ਘਟਨਾ ਮਗਰੋਂ ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਤੋਂ ਪਾਸਾ ਵੱਟ ਲਿਆ ਜਿਸ ਕਰਕੇ ਨੌਜਵਾਨਾਂ ਵਿੱਚ ਕਾਫੀ ਨਿਰਾਸ਼ਾ ਸੀ। ਇਸ ਕਰਕੇ ਕਿਸਾਨ ਜਥੇਬੰਦੀਆਂ ਦੀ ਅਲੋਚਨਾ ਵੀ ਹੋ ਰਹੀ ਸੀ।
ਆਖਰ ਲੰਬੀ ਚਰਚਾ ਮਗਰੋਂ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਲੈਣ ਦਾ ਫ਼ੈਸਲਾ ਕੀਤਾ। ਪਤਾ ਲੱਗਾ ਹੈ ਕਿ ਲੱਖਾ ਸਿਧਾਣਾ ਨੂੰ ਮੋਰਚੇ ਨਾਲ ਜੋੜਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਈ ਲੀਡਰ, ਗਾਇਕ ਤੇ ਚਿੰਤਕ ਬੀਤੇ ਦਿਨਾਂ ਤੋਂ ਸਰਗਰਮ ਸਨ।
ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਮੋਰਚੇ ਵੱਲੋਂ ਸਿਧਾਣਾ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੀਆਂ ਕਮੀਆਂ ਦੂਰ ਕਰਕੇ ਮੋਰਚੇ ਦੀ ਅਗਵਾਈ ਹੇਠ ਚੱਲਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਕਈ ਗਾਇਕਾਂ, ਚਿੰਤਕਾਂ ਤੇ ਕਿਸਾਨ ਆਗੂਆਂ ਦਰਮਿਆਨ ਇਸ ਮੁੱਦੇ ਉਪਰ ਚਰਚਾ ਚੱਲ ਰਹੀ ਸੀ।
ਕਿਸਾਨ ਆਗੂ ਨੇ ਜਥੇਬੰਦੀਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਜਿਨ੍ਹਾਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੁੱਦੇ ਨੂੰ ਹੱਲ ਕੀਤਾ। ਦਰਅਸਲ ਲਾਲ ਕਿਲਾ ਦੀ ਘਟਨਾ ਮਗਰੋਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਨਾਲੋਂ ਕਿਸਾਨ ਜਥੇਬੰਦੀਆਂ ਨੇ ਨਾਤਾ ਤੋੜ ਲਿਆ ਸੀ। ਕਈ ਲੀਡਰਾਂ ਨੇ ਲੱਖਾ ਸਿਧਾਣਾ ਦੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਸੀ। ਇਸ ਕਰਕੇ ਨੌਜਵਾਨ ਵਰਗ ਨਰਾਜ਼ ਹੋ ਗਿਆ ਸੀ। ਇਸ ਨਾਲ ਅੰਦੋਲਨ ਨੂੰ ਢਾਅ ਵੀ ਲੱਗੀ ਸੀ।