ਮੋਦੀ ਨੇ ਕੀਤਾ ਕਿਸਾਨਾਂ ਦੇ ਖਾਤੇ 'ਚ 36-36 ਹਜ਼ਾਰ ਪਾਉਣ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
ਸਰਕਾਰੀ ਅੰਕੜੇ ਮੁਤਾਬਕ ਤਕਰੀਬਨ 11 ਕਰੋੜ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਸਾਲਾਨਾ 6000 ਰੁਪਏ ਦੀ ਸਹਾਇਤਾ ਰਾਸ਼ੀ ਮਿਲਦੀ ਹੈ ਤੇ ਹੁਣ ਇਹ ਕਿਸਾਨ ਨਵੀਂ ਪੈਨਸ਼ਨ ਸਕੀਮ ਵਿੱਚ ਵੀ ਨਿਵੇਸ਼ ਕਰ ਸਕਦੇ ਹਨ।
ਨਵੀਂ ਦਿੱਲੀ: ਮੋਦੀ ਸਰਕਾਰ ਨੇ ਗਰੀਬ ਵਰਗ ਲਈ ਸਹਾਇਤਾ ਰਾਸ਼ੀ ਦੇਣ ਦਾ ਫੈਸਲਾ ਕਰ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਰਾਸ਼ੀ ਕੇਵਨ ਉਨ੍ਹਾਂ ਗਰੀਬ ਕਿਸਾਨਾਂ ਨੂੰ ਮਿਲੇਗੀ ਜਿਸ ਦਾ ਨਾਂ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਸ਼ਾਮਲ ਹੋਵੇਗਾ। ਸਕੀਮ ਦਾ ਲਾਭ ਵੀ ਉਹੋ ਵਿਅਕਤੀ ਚੁੱਕ ਸਕਦਾ ਹੈ ਜਿਸ ਨੂੰ ਉਕਤ ਯੋਜਨਾ ਤਹਿਤ 2000 ਰੁਪਏ ਦੀ ਕਿਸ਼ਤ ਮਿਲਦੀ ਹੋਵੇਗੀ।
ਸਰਕਾਰੀ ਅੰਕੜੇ ਮੁਤਾਬਕ ਤਕਰੀਬਨ 11 ਕਰੋੜ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਸਾਲਾਨਾ 6000 ਰੁਪਏ ਦੀ ਸਹਾਇਤਾ ਰਾਸ਼ੀ ਮਿਲਦੀ ਹੈ ਤੇ ਹੁਣ ਇਹ ਕਿਸਾਨ ਨਵੀਂ ਪੈਨਸ਼ਨ ਸਕੀਮ ਵਿੱਚ ਵੀ ਨਿਵੇਸ਼ ਕਰ ਸਕਦੇ ਹਨ। ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ ਯੋਗ ਲੋਕ ਸਾਲਾਨਾ 36000 ਹਾਸਲ ਕਰ ਸਕਦੇ ਹਨ ਉਹ ਵੀ ਬਗ਼ੈਰ ਕਿਸੇ ਦਸਤਾਵੇਜ਼ ਦਿੱਤੇ। ਇਸ ਯੋਜਨਾ ਨੂੰ ਪੀਐਮ ਕਿਸਾਨ ਮਾਨਧਨ ਯੋਜਨਾ ਦਾ ਨਾਂ ਦਿੱਤਾ ਗਿਆ ਹੈ।
ਇਸ ਤਹਿਤ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਪੈਨਸ਼ਨ ਦੇਣ ਦੀ ਯੋਜਨਾ ਹੈ। ਜੋ ਕਿਸਾਨ ਪਹਿਲਾਂ ਤੋਂ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਿਹਾ ਹੈ ਤਾਂ ਉਸ ਨੂੰ ਕਿਸਾਨ ਮਾਨਧਨ ਯੋਜਨਾ ਲਈ ਕੋਈ ਦਸਤਾਵੇਜ਼ ਨਹੀਂ ਦੇਣਾ ਹੋਵੇਗਾ, ਜਦਕਿ ਬਾਕੀਆਂ ਨੂੰ ਵੱਖਰੇ ਤੌਰ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਮਾਨਧਨ ਯੋਜਨਾ ਦੇ ਲਾਭਪਾਤਰੀ ਬਣਨ ਦੀ ਉਮਰ 18-40 ਸਾਲ ਹੋਣੀ ਚਾਹੀਦੀ ਹੈ। ਜਿਸ ਕਿਸਾਨ ਕੋਲ ਵੱਧ ਤੋਂ ਵੱਧ ਦੋ ਹੈਕਟੇਅਰ ਦੀ ਖੇਤੀਯੋਗ ਜ਼ਮੀਨ ਹੈ, ਸਿਰਫ ਉਹੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ। ਇਸ ਸਕੀਮ ਤਹਿਤ ਰਜਿਸਟਰ ਹੋਏ ਕਿਸਾਨਾਂ ਨੂੰ 55 ਰੁਪਏ ਤੋਂ ਲੈ ਕੇ 200 ਰੁਪਏ ਤੱਕ ਹਰ ਮਹੀਨੇ ਜਮ੍ਹਾਂ ਕਰਵਾਉਣੇ ਪੈਣਗੇ। ਕਿਸਾਨ ਨੂੰ ਘੱਟੋ-ਘੱਟ 20 ਅਤੇ ਵੱਧ ਤੋਂ ਵੱਧ 40 ਸਾਲ ਤੱਕ ਇਹ ਪ੍ਰੀਮੀਅਮ ਭਰਨਾ ਹੋਵੇਗਾ। ਇਸ ਤਰ੍ਹਾਂ ਇਕੱਠੇ ਹੋਏ ਪੈਸੇ ਨਾਲ ਕਿਸਾਨ ਪੈਨਸ਼ਨ ਪਾਉਣ ਦੇ ਹੱਕਦਾਰ ਹੋ ਸਕਦੇ ਹਨ।