ਕਿਸਾਨਾਂ ਨੂੰ ਇੱਕ ਹੋਰ ਝਟਕਾ, ਹੁਣ ਖਾਦਾਂ ਹੋਈਆਂ ਮਹਿੰਗੀਆਂ
ਸਹਿਕਾਰੀ ਸੁਸਾਇਟੀਆਂ ਵਿੱਚ ਜਾਣ ਵਾਲਾ ਪਹਿਲਾਂ ਮਾਲ 1200 ਰੁਪਏ ਦਾ ਲੱਗਿਆ ਤੇ ਹੁਣ ਨਵਾਂ ਮਾਲ 1750 ਰੁਪਏ ਹੈ। ਉਧਰ ਸੁਪਰ ਫਾਸਟਫੇਟ ਖਾਦ ਦੀ ਇੱਕ ਬੋਰੀ ਹੁਣ 425 ਰੁਪਏ ਤੋਂ ਵਧ ਕੇ 465 ਰੁਪਏ ਹੋਣ ਦੀ ਜਾਣਕਾਰੀ ਮਿਲੀ ਹੈ।
ਚੰਡੀਗੜ੍ਹ: ਸਰਕਾਰ ਨੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨ ਨੂੰ ਹੁਣ ਖਾਦਾਂ ਵੀ ਮਹਿੰਗੀਆਂ ਖਰੀਦਣੀਆਂ ਪੈਣਗੀਆਂ। ਜਾਣਕਾਰੀ ਮਿਲੀ ਹੈ ਕਿ ਹੁਣ ਵਿਦੇਸ਼ੀ ਡੀਏਪੀ ਖਾਦ ਦੀ ਇੱਕ ਬੋਰੀ ਦੀ ਕੀਮਤ 1850 ਰੁਪਏ ਹੋ ਗਈ ਹੈ, ਜਦੋਂਕਿ ਸਵਦੇਸੀ ਡੀਏਪੀ ਖਾਦ ਦਾ ਇੱਕ ਥੈਲਾ 1700 ਰੁਪਏ ਦਾ ਵਿਕੇਗਾ। ਇਸ ਨਾਲ ਕਿਸਾਨਾਂ ਉੱਪਰ ਵੱਡੀ ਮਾਰ ਪਏਗੀ।
ਸੂਤਰਾਂ ਮੁਤਾਬਕ ਸਹਿਕਾਰੀ ਸੁਸਾਇਟੀਆਂ ਵਿੱਚ ਜਾਣ ਵਾਲਾ ਪਹਿਲਾਂ ਮਾਲ 1200 ਰੁਪਏ ਦਾ ਲੱਗਿਆ ਤੇ ਹੁਣ ਨਵਾਂ ਮਾਲ 1750 ਰੁਪਏ ਹੈ। ਉਧਰ ਸੁਪਰ ਫਾਸਟਫੇਟ ਖਾਦ ਦੀ ਇੱਕ ਬੋਰੀ ਹੁਣ 425 ਰੁਪਏ ਤੋਂ ਵਧ ਕੇ 465 ਰੁਪਏ ਹੋਣ ਦੀ ਜਾਣਕਾਰੀ ਮਿਲੀ ਹੈ। ਲੀਡਰਾਂ ਨੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨ ਦੀਆਂ ਪ੍ਰੇਸ਼ਾਨੀਆਂ ਵਧਾਉਣ ਵਾਸਤੇ ਖਾਦਾਂ ਦੀਆਂ ਕੀਮਤਾਂ ਵਧਾਉਣ ਵਾਲੇ ਪਾਸੇ ਤੁਰ ਪਈ ਹੈ।
ਦੱਸ ਦਈਏ ਕਿ ਕਿਸਾਨ ਪਹਿਲਾਂ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਡਟੇ ਹੋਏ ਹਨ। ਇਸ ਦੇ ਨਾਲ ਹੀ ਪਿਛਲੇ ਦਨਾਂ ਦੌਰਾਨ ਕੇਂਦਰ ਸਰਕਾਰ ਦੇ ਕੁਝ ਫੈਸਲਿਆਂ ਕਰਕੇ ਕਿਸਾਨਾਂ ਅੰਦਰ ਕਾਫੀ ਰੋਸ ਹੈ। ਹੁਣ ਖਾਦਾਂ ਦੇ ਭਾਅ ਵਧਣ ਨਾਲ ਕਿਸਾਨ ਹੋਰ ਰੋਹ ਵਿੱਚ ਆ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਡੀਜ਼ਲ ਦਾ ਭਾਅ ਲਗਤਾਰ ਵਧ ਰਿਹਾ ਹੈ। ਹੁਣ ਖਾਦਾਂ ਦਾ ਭਾਅ ਵੀ ਵਧਾ ਦਿੱਤਾ ਹੈ। ਦੂਜੇ ਪਾਸੇ ਸਰਕਾਰ ਫਸਲਾਂ ਦਾ ਘੱਟੋ-ਘੱਟ ਭਾਅ ਦੇਣ ਤੋਂ ਵੀ ਭੱਜ ਰਹੀ ਹੈ।