Farmer ਖੇਤਾਂ ਦੁਆਲੇ ਰੁੱਖ ਲਗਾ ਕੇ ਹਰਿਆਲੀ ਦੇ ਨਾਲ ਕਮਾਉਣ ਵੱਡਾ ਮੁਨਾਫਾ, ਰੁੱਖਾਂ ਨੂੰ ਵੀ ਬਣਾਇਆ ਜਾ ਸਕਦਾ ਕਿੱਤਾ
punjab ਪੰਜਾਬ ਵਿੱਚ ਆਵਾਜਾਈ ਦੇ ਵਿਕਸਿਤ ਹੋਣ ਦੇ ਨਾਲ ਨਾਲ ਰੁੱਖਾਂ ਦੀ ਗਿਣਤੀ ਘੱਟਦੀ ਜਾਂਦੀ ਹੈ। ਸੜਕਾਂ ਦਾ ਨਿਰਮਾਣ ਤਾਂ ਹੋ ਰਿਹਾ....
Farming - ਪੰਜਾਬ ਵਿੱਚ ਆਵਾਜਾਈ ਦੇ ਵਿਕਸਿਤ ਹੋਣ ਦੇ ਨਾਲ ਨਾਲ ਰੁੱਖਾਂ ਦੀ ਗਿਣਤੀ ਘੱਟਦੀ ਜਾਂਦੀ ਹੈ। ਸੜਕਾਂ ਦਾ ਨਿਰਮਾਣ ਤਾਂ ਹੋ ਰਿਹਾ ਹੈ, ਪਰ ਹਰਿਆਲੀ ਘੱਟਦੀ ਜਾ ਰਹੀ ਹੈ। ਇਸ ਤੋਂ ਵੱਡੀ ਚਿੰਤਾ ਵਾਲੀ ਗੱਲ ਕੀ ਹੋ ਸਕਦੀ ਹੈ ਪੰਜਾਬ ’ਚ ਵਣਾਂ ਹੇਠਲਾ ਰਕਬਾ ਰਾਜਸਥਾਨ ਤੋਂ ਵੀ ਘੱਟ ਰਹਿ ਗਿਆ ਹੈ। ਕੇਂਦਰੀ ਵਾਤਾਵਰਨ,ਜੰਗਲੀ ਤੇ ਪੌਣਪਾਣੀ ਮੰਤਰਾਲੇ ਦੀ ਰਿਪੋਰਟ ਅਨੁਸਾਰ ਪੰਜਾਬ ’ਚ ਪਿਛਲੇ ਦਸ ਵਰ੍ਹਿਆਂ ਦੌਰਾਨ 0.53 ਮਿਲੀਅਨ ਰੁੱਖਾਂ ’ਤੇ ਕੁਹਾੜਾ ਚੱਲਿਆ ਹੈ। ਇਸ ਹਿਸਾਬ ਨਾਲ ਪੰਜਾਬ ’ਚ ਰੋਜ਼ਾਨਾ ਰੁੱਖ ਕੱਟਣ ਦੀ ਔਸਤਨ ਗਿਣਤੀ 147 ਹੈ।
ਖੇਤੀ ਇਨਕਲਾਬ ਅਧੀਨ ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨ ਦੀ ਹੋਈ ਸ਼ੁਰੂਆਤ ਵੀ ਪੰਜਾਬ’ਚ ਰੁੱਖਾਂ ਦੀ ਗਿਣਤੀ ਘਟਣ ਦਾ ਸਬੱਬ ਬਣੀ ਹੈ। ਖੇਤੀ ਦੇ ਮਸ਼ੀਨੀਕਰਨ ਨਾਲ ਵੱਡੀਆਂ ਖੇਤੀ ਜੋਤਾਂ ਦਾ ਪ੍ਰਚਲਨ ਹੋਇਆ ਹੈ। ਕਿਸੇ ਸਮੇਂ ਰੁੱਖਾਂ ਦੀਆਂ ਹਰਿਆਲੀਆਂ ਦਾ ਸਿਰਨਾਵਾਂ ਸਮਝੇ ਜਾਣ ਵਾਲੇ ਖੇਤ ਰੁੱਖਾਂ ਤੋਂ ਸੱਖਣੇ ਹੋ ਗਏ। ਖੇਤਾਂ ’ਚ ਰੁੱਖਾਂ ਦੀਆਂ ਛਾਵਾਂ ਦਾ ਸੋਕਾ ਹੀ ਪੈ ਗਿਆ। ਆਧੁਨਿਕ ਖੇਤੀ ਦੇ ਰਸਤੇ ਤੁਰਿਆ ਕਿਸਾਨ ਰੁੱਖਾਂ ਦੀ ਅਹਿਮੀਅਤ ਹੀ ਵਿਸਾਰ ਬੈਠਾ।
ਕਿਸਾਨ ਕੋਲ ਰੁੱਖ ਲਾਉਣ ਲਈ ਜਗ੍ਹਾ, ਸਮਰੱਥਾ ਤੇ ਸਾਧਨ ਸਭ ਕੁਝ ਮੌਜੂਦ ਹਨ। ਕਿਸਾਨ ਤਾਂ ਖੇਤਾਂ ਦੇ ਆਲੇ-ਦੁਆਲੇ ਰੁੱਖ ਲਾ ਕੇ ਵੀ ਰੁੱਖਾਂ ਹੇਠ ਰਕਬਾ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਗਤੀ ਦੇਣ ਦੀ ਸਮਰੱਥਾ ਰੱਖਦੇ ਹਨ। ਰੁੱਖਾਂ ਦੀ ਆਮਦਨ ਦਾ ਹਿੱਸੇਦਾਰ ਬਣਾ ਕੇ ਕਿਸਾਨਾਂ ਨੂੰ ਸੜਕਾਂ ਤੇ ਰਸਤਿਆਂ ਦੇ ਨਾਲ-ਨਾਲ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਖੇਤਾਂ ’ਚ ਰੁੱਖ ਲਾਉਣ ਵਾਲੇ ਕਿਸਾਨਾਂ ਲਈ ਵੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਜਾ ਸਕਦਾ ਹੈ। ਰੁੱਖ ਲਾਉਣ ਨੂੰ ਫ਼ਸਲਾਂ ਦੇ ਬਦਲ ਵਜੋਂ ਉਭਾਰਨ ਦੀਆਂ ਸੰਭਾਵਨਾਵਾਂ ’ਤੇ ਵੀ ਵਿਚਾਰ ਕੀਤਾ ਜਾਣਾ ਬਣਦਾ ਹੈ। ਸੂਬੇ ’ਚ ਵਣਾਂ ਹੇਠ ਰਕਬਾ ਵਧਾਉਣ ਲਈ ਸਰਕਾਰਾਂ ਨੂੰ ਮਹਿਜ਼ ਖਾਨਾਪੂਰਤੀ ਦਾ ਰਸਤਾ ਤਿਆਗ ਕੇ ਹਕੀਕਤ ਭਰਪੂਰ ਕੋਸ਼ਿਸ਼ਾਂ ਵੱਲ ਵਧਣਾ ਚਾਹੀਦਾ ਹੈ।
ਦੱਸ ਦਈਏ ਕਿ ਪ੍ਰਦੂਸ਼ਣ, ਤਪਸ਼ ਤੇ ਬੇਸ਼ੁਮਾਰ ਹੋਰ ਚੁਣੌਤੀਆਂ ’ਚ ਘਿਰੇ ਇਨਸਾਨ ਨੂੰ ਰੁੱਖਾਂ ਦਾ ਚੇਤਾ ਆਉਣ ਲੱਗਿਆ ਹੈ। ਸਰਕਾਰਾਂ ਵੀ ਜਾਗਰੂਕਤਾ ਵਿਖਾਉਣ ਲੱਗੀਆਂ ਹਨ। ਰੁੱਖਾਂ ਦੀ ਅਹਿਮੀਅਤ ਦੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ ਹਨ। ਵਿਦਿਆਰਥੀਆਂ ਨੂੰ ਰੁੱਖ ਲਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਬਹੁਤ ਸਾਰੀਆਂ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਸੰਸਥਾਵਾਂ ਵੱਲੋਂ ਰੁੱਖ ਲਾਉਣ ਤੇ ਸੰਭਾਲਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਵਣਾਂ ਹੇਠ ਰਕਬੇ ’ਚ ਇਜ਼ਾਫ਼ੇ ਲਈ ਪ੍ਰਸ਼ਾਸਨਿਕ ਕੋਸ਼ਿਸ਼ਾਂ ਵੀ ਵਿਖਾਈ ਦੇਣ ਲੱਗੀਆਂ ਹਨ ।