ਅੱਜ PM ਮੋਦੀ 9.75 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਟ੍ਰਾਂਸਫ਼ਰ ਕਰਨਗੇ 19,500 ਕਰੋੜ ਰੁਪਏ
ਨਰਿੰਦਰ ਮੋਦੀ ਕੁਝ ਲਾਭਪਾਤਰੀ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ’ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨਗੇ। ਇਸ ਤਹਿਤ ਦੁਪਹਿਰ 12.30 ਵਜੇ 9.75 ਕਰੋੜ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਟ੍ਰਾਂਸਫਰ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਪੀਐਮ (PM) ਨਰਿੰਦਰ ਮੋਦੀ ਕੁਝ ਲਾਭਪਾਤਰੀ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ। ਇਸ ਯੋਜਨਾ ਤਹਿਤ, ਕਿਸਾਨ ਪਰਵਾਰਾਂ ਨੂੰ ਹਰ ਸਾਲ ਚਾਰ ਕਿਸ਼ਤਾਂ ਵਿੱਚ 6,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਹੁਣ ਤੱਕ ਕਿਸਾਨਾਂ ਨੂੰ 1.38 ਲੱਖ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਭਲਕੇ ਮਹੋਬਾ ਵਿੱਚ ਲਾਂਚ ਕੀਤੀ ਜਾਵੇਗੀ ਉਜਵਲਾ 2.0 ਸਕੀਮ
ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਗਰੀਬ ਪਰਿਵਾਰਾਂ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 10 ਅਗਸਤ ਨੂੰ ਵੀਰਭੂਮੀ ਮਹੋਬਾ ਤੋਂ ਉਜਵਲਾ 2.0 ਨੂੰ ਵਰਚੁਅਲੀ ਲਾਂਚ ਕਰਨਗੇ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰੋਗਰਾਮ ਦੀ ਸ਼ੁਰੂਆਤ ਲਈ ਮਹੋਬਾ ਆ ਰਹੇ ਹਨ। ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੋਗਰਾਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਬੀਤੇ ਦਿਨੀਂ ਕਮਿਸ਼ਨਰ ਦਿਨੇਸ਼ ਸਿੰਘ ਅਤੇ ਆਈਜੀ ਕੇ. ਸੱਤਿਆਨਾਰਾਇਣ ਡੀਐਮ ਅਤੇ ਐਸਪੀ ਦੇ ਨਾਲ ਪੁਲਿਸ ਲਾਈਨ ਗਰਾਂਡ ਅਤੇ ਹੈਲੀਪੈਡ ਦਾ ਜਾਇਜ਼ਾ ਲੈਣ ਆਏ ਸਨ। ਜ਼ਿਲ੍ਹਾ ਮੈਜਿਸਟ੍ਰੇਟ ਸਤੇਂਦਰ ਕੁਮਾਰ ਨੇ ਦੱਸਿਆ ਕਿ 10 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜਵਲਾ ਸਕੀਮ ਨੂੰ ਵਰਚੁਅਲੀ ਲਾਂਚ ਕਰਨਗੇ। ਮਹੋਬਾ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਪੁਲਿਸ ਲਾਈਨ ਮੈਦਾਨ ਵਿੱਚ ਮੌਜੂਦ ਰਹਿਣਗੇ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।