ਪੜਚੋਲ ਕਰੋ
Advertisement
(Source: ECI/ABP News/ABP Majha)
ਨਿਰਾਸ਼ਾ 'ਚ ਆਸ਼ਾ ਬਣੇ ਪੰਜ ਕਿਸਾਨਾਂ ਦਾ ਸਨਮਾਨ
ਲੁਧਿਆਣਾ :ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਪੰਜ ਅਗਾਂਹਵਧੂ ਕਿਸਾਨਾਂ ਨੂੰ ਉਹਨਾਂ ਦੀਆਂ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਪ੍ਰਾਪਤੀਆਂ ਲਈ ਕਿਸਾਨ ਮੇਲੇ ਦੇ ਪਹਿਲੇ ਦਿਨ ਸਨਮਾਨਿਤ ਕੀਤਾ । ਆਉ ਜਾਣਦੇ ਹਾਂ ਇੰਨ੍ਹਾਂ ਪੰਜ ਕਿਸਾਨਾਂ ਬਾਰੇ।
1. ਅਮਰਜੀਤ ਸਿੰਘ ਸਪੁੱਤਰ ਭਗਵੰਤ ਸਿੰਘ ਪਿੰਡ ਬਹਿਰਾਮ ਸਹਿਸਤਾ, ਜ਼ਿਲ੍ਹਾ ਜਲੰਧਰ ਦਾ ਬਾਰਵ੍ਹੀਂ ਤੱਕ ਯੋਗਤਾ ਰੱਖਣ ਵਾਲਾ ਨੌਜਵਾਨ ਕਿਸਾਨ ਹੈ ਜੋ 12 ਏਕੜ ਦੀ ਖੇਤੀ ਵਿੱਚ ਨਵੀਆਂ ਪਹਿਲਕਦਮੀਆਂ ਕਾਰਨ ਇਕ ਨਵੇਕਲੀ ਪਛਾਣ ਬਣਾ ਚੁੱਕਾ ਹੈ । ਉਸਨੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ, ਡੇਅਰੀ ਵਿਭਾਗ ਪੰਜਾਬ, ਅਤੇ ਹੋਰ ਅਦਾਰਿਆਂ ਤੋਂ ਸਿਖਲਾਈਆਂ ਪ੍ਰਾਪਤ ਕਰਕੇ ਮਧੂ ਮੱਖੀ ਪਾਲਣ, ਡੇਅਰੀ ਫਾਰਮਿੰਗ ਅਤੇ ਬੀਜ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ ।
ਇਸ ਤੋਂ ਇਲਾਵਾ 1999-2002 ਵਿੱਚ ਸਾਈਪ੍ਰਸ ਮੁਲਕ ਤੋਂ ਸਿਖਲਾਈ ਪ੍ਰਾਪਤ ਕਰ ਫੁੱਲਾਂ ਦੀ ਨਰਸਰੀ ਅਤੇ ਫ਼ਲ਼ਾਂ ਦੀ ਪਿਉਂਦ ਤਿਆਰ ਕਰਨ ਦੀ ਸਿਖਲਾਈ ਲੈ ਚੁੱਕਾ ਹੈ । ਨਵੀਨਤਮ ਤਕਨਾਲੋਜੀ ਸੰਬੰਧੀ ਸਿੱਖਣ ਦੀ ਤਾਂਘ ਰੱਖਣ ਵਾਲਾ ਅਮਰਜੀਤ ਸਿੰਘ ਇਟਲੀ, ਸਵਿਟਜ਼ਰਲੈਂਡ ਵਰਗੇ ਮੁਲਕਾਂ ਦਾ ਵੀ ਦੌਰਾ ਕਰ ਚੁੱਕਾ ਹੈ । ਉਸ ਵੱਲੋਂ ਆਪਣੇ ਖੇਤਾਂ ਵਿੱਚ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਹਨ ਅਤੇ ਫੁਹਾਰਾ ਛਿੜਕਾਈ ਦੀ ਤਕਨੀਕ ਵੀ ਅਪਣਾਈ ਹੋਈ ਹੈ । ਉਹ ਕੁਦਰਤੀ ਸੋਮਿਆਂ ਦੇ ਚੰਗੇਰੇ ਰਖ-ਰਖਾਵ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੰਜਮ ਨਾਲ ਵਰਤੋਂ ਕਰਦਾ ਹੈ ।
ਦੂਜੇ ਕਿਸਾਨਾਂ ਤੋਂ ਰੂੜੀ ਦੀ ਖਾਦ ਪ੍ਰਾਪਤ ਕਰ ਉਸ ਵਿੱਚ ਪ੍ਰਤੀ ਟਰਾਲੀ ਇੱਕ ਟ੍ਰਾਈਕੋਡਰਮਾ ਦਾ ਪੈਕਟ ਪਾਉਣ ਵਾਲਾ ਕਿਰਸਾਨ ਅਮਰਜੀਤ ਸਿੰਘ ਵੱਖ-ਵੱਖ ਸਬਜ਼ੀਆਂ ਅਤੇ ਫੁੱਲਾਂ ਦੀ ਚੰਗੇਰੀ ਪਨੀਰੀ ਤਿਆਰ ਕਰਦਾ ਹੈ। ਇਸ ਤੋਂ ਇਲਾਵਾ ਉਸ ਵੱਲੋਂ ਬਾਸਮਤੀ ਦੇ ਨਾਲ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕਿਸਮਾਂ ਦੀ ਪਨੀਰੀ ਵੀ ਲੋੜ ਅਨੁਸਾਰ ਤਿਆਰ ਕੀਤੀ ਜਾਂਦੀ ਹੈ । ਸ. ਅਮਰਜੀਤ ਸਿੰਘ ਨੂੰ ਅਨੇਕਾਂ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਇਲਾਕੇ ਦੇ ਹੋਰ ਕਿਸਾਨਾਂ ਦੇ ਲਈ ਪ੍ਰੇਰਨਾ ਦਾ ਸੋਮਾ ਬਣ ਕੇ ਉਭਰਿਆ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸ. ਅਮਰਜੀਤ ਸਿੰਘ ਨੂੰ ਸਾਲ 2016 ਦਾ ਪ੍ਰਵਾਸੀ ਭਾਰਤੀ ਪੁਰਸਕਾਰ ਦਿੱਤਾ ਜਾ ਰਿਹਾ ਹੈ ।
2. ਹਾਕਮ ਸਿੰਘ ਪੁੱਤਰ ਭਾਗ ਸਿੰਘ ਸੰਗਰੂਰ ਜ਼ਿਲ੍ਹੇ ਦੇ ਮਹਿਲਾਂ ਪਿੰਡ ਦਾ ਇੱਕ ਅਗਾਂਹ ਵਧੂ ਕਿਸਾਨ ਹੈ ਜੋ ਕਣਕ ਅਤੇ ਝੋਨੇ ਦੀਆਂ ਰਵਾਇਤੀ ਫ਼ਸਲਾਂ ਤੋਂ ਬਿਨਾਂ ਸਬਜ਼ੀਆਂ ਦਾ ਵਿਗਿਆਨਕ ਢੰਗਾਂ ਨਾਲ ਉਤਪਾਦਨ ਕਰਦਾ ਹੈ । ਉਸ ਨੂੰ ਸਾਲ 2004 ਵਿੱਚ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਵੱਲੋਂ, ਉਤਮ ਕਿਸਾਨ ਐਵਾਰਡ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੈ । 60 ਸਾਲਾਂ ਦੇ ਹਾਕਮ ਸਿੰਘ ਖੁੰਬਾਂ ਦੀ ਕਾਸ਼ਤ ਸੰਬੰਧੀ ਯੂਨੀਵਰਸਿਟੀ ਤੋਂ, ਖੇਤੀਬਾੜੀ ਵਿਭਾਗ ਤੋਂ ਮਧੂ ਮੱਖੀ ਪਾਲਣ ਸੰਬੰਧੀ, ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਸੰਬੰਧੀ ਸੰਗਰੂਰ ਜ਼ਿਲ੍ਹੇ ਦੀ ਆਤਮਾ ਇਕਾਈ ਤੋਂ, ਫ਼ਲ ਉਤਪਾਦਨ ਸੰਬੰਧੀ ਪੈਪਸੀ ਫਾਰਮ ਜੱਲੋਵਾਲ ਜਲੰਧਰ ਆਦਿ ਤੋਂ ਪ੍ਰਾਪਤ ਕਰ ਚੁੱਕਾ ਹੈ ।
ਆਪਣੀ ਖੇਤੀ ਨੂੰ ਤਕਨੀਕੀ ਦਿਸ਼ਾ ਦੇਣ ਲਈ ਉਸਨੇ ਅਨੇਕਾਂ ਅਦਾਰਿਆਂ ਦਾ ਦੌਰਾ ਕੀਤਾ ਹੈ । ਉਸ ਤੋਂ ਬਾਅਦ ਸਾਲ 2009 ਵਿੱਚ 6 ਏਕੜ ਜ਼ਮੀਨਦੋਜ਼ ਖੇਤਰ ਵਿੱਚ ਪਾਣੀ ਦੀਆਂ ਪਾਈਪਾਂ ਵਿਛਾਈਆਂ । ਮਿੱਟੀ ਦੀ ਸਿਹਤ ਸੰਭਾਲ ਲਈ ਖੇਤਾਂ ਵਿੱਚ ਹਰੀ ਖਾਦ ਅਤੇ ਸਬਜ਼ੀਆਂ ਦੀ ਰਹਿੰਦ ਖੂੰਹਦ ਦੀ ਵਰਤੋਂ ਕੀਤੀ ਜਾਂਦੀ ਹੈ । ਉਸ ਵੱਲੋਂ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਦੇ ਆਧਾਰ 'ਤੇ ਹੀ ਕੀਤੀ ਜਾਂਦੀ ਹੈ। ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਬਾਸਮਤੀ ਅਤੇ ਸਬਜ਼ੀਆਂ ਨੂੰ ਫ਼ਸਲੀ ਚੱਕਰ ਵਿੱਚ ਸ਼ਾਮਲ ਕਰ ਹਾਕਮ ਸਿੰਘ ਨੇ ਆਪਣਾ ਅਲੱਗ ਮੁਕਾਮ ਬਣਾਇਆ ਹੈ। ਖੇਤਾਂ ਦੀ ਸਰਹੱਦ ਤੇ ਸਫ਼ੈਦੇ ਲਗਾਏ ਹਨ ਅਤੇ ਕੁਝ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਵੀ ਲਿਆਂਦਾ ਹੈ ।
ਉਸ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਨਾਲ ਜਿਥੇ ਮਿੱਟੀ ਅਤੇ ਪਾਣੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਉਥੇ ਕੁੱਲ ਮੁਨਾਫ਼ੇ ਵਿੱਚ ਵੀ ਵਾਧਾ ਹੁੰਦਾ ਹੈ । ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਨਾਲ ਪਾਣੀ ਦੀ ਸੁਚੱਜੀ ਵਰਤੋਂ ਕਰਦਾ ਹੈ ਅਤੇ ਝਾੜ ਵੀ ਵਧ ਲੈਂਦਾ ਹੈ । ਰਵਾਇਤੀ ਖੇਤੀ ਤੋਂ ਦੂਰ ਉਸ ਵੱਲੋਂ ਆਲੂ ਦੀ ਠੇਕਾ ਪ੍ਰਣਾਲੀ ਅਨੁਸਾਰ ਕਾਸ਼ਤ ਕੀਤੀ ਜਾਂਦੀ ਹੈ । ਖੇਤੀ ਤੋਂ ਬਿਨਾਂ ਹੋਰ ਆਮਦਨ ਲਈ ਉਸ ਨੇ 10 ਮੱਝਾਂ ਰੱਖੀਆਂ ਹੋਈਆਂ ਹਨ ਅਤੇ ਮੁਰਗੀ ਪਾਲਣ ਤੋਂ ਉਸ ਨੂੰ ਚਾਰ ਲੱਖ ਰੁਪਏ ਤੋਂ ਵੱਧ ਦੀ ਆਮਦਨ ਹੋ ਜਾਂਦੀ ਹੈ । ਮੰਡੀਕਰਨ ਦੀ ਸਮੱਸਿਆ ਨੂੰ ਸਮਝਦਿਆਂ ਉਸਨੇ ਆਪਣੀ ਉਪਜ ਨੂੰ ਦਰਜ਼ਾਬੰਦੀ ਤੋਂ ਬਾਅਦ ਸੁਨਾਮ, ਸੰਗਰੂਰ, ਮਲੇਰਕੋਟਲਾ ਆਦਿ ਮੰਡੀਆਂ ਵਿੱਚ ਪਹੁੰਚਾਉਣ ਦਾ ਰਾਹ ਲੱਭ ਲਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸ. ਹਾਕਮ ਸਿੰਘ ਨੂੰ ਸਾਲ 2016 ਦਾ ਪ੍ਰਵਾਸੀ ਭਾਰਤੀ ਪੁਰਸਕਾਰ ਦਿੱਤਾ ਜਾ ਰਿਹਾ ਹੈ ।
3. ਸਟਰਾਅਬੇਰੀ ਦਾ ਸਫ਼ਲ ਕਾਸ਼ਤਕਾਰ ਚੇਤਨ ਵਰਮਾ ਸਪੁੱਤਰ ਰਾਕੇਸ਼ ਵਰਮਾ ਪਿੰਡ ਸਾਹੋਵਾਲ ਨੇੜੇ ਰਣਜੀਤ ਬਾਗ ਜ਼ਿਲ੍ਹਾ ਗੁਰਦਾਸਪੁਰ ਦਾ ਵਿਗਿਆਨਿਕ ਦ੍ਰਿਸ਼ਟੀਕੋਨ ਰੱਖਣ ਵਾਲਾ ਅਗਾਂਹਵਧੂ ਨੌਜਵਾਨ ਕਿਸਾਨ ਹੈ। ਬਾਕਸਿੰਗ ਦੇ ਉਘੇ ਖਿਡਾਰੀ ਚੇਤਨ ਨੇ ਆਪਣੇ ਪਿਤਾ ਜੀ ਦੀ ਅਗਵਾਈ ਹੇਠ ਸਾਲ 2011 ਵਿੱਚ ਢਾਈ ਏਕੜ ਜ਼ਮੀਨ ਠੇਕੇ ਤੇ ਲੈ ਕੇ ਆਧੁਨਿਕ ਲੀਹਾਂ ਤੇ ਚਲਦਿਆਂ ਸਟਰਾਅਬੇਰੀ ਦੀ ਖੇਤੀ ਆਰੰਭ ਕੀਤੀ । ਅੱਜ ਜਿੱਥੇ ਚੇਤਨ ਸਟਰਾਅਬੇਰੀ ਦੀ ਗਰੇਡਿੰਗ ਅਤੇ ਮਿਆਰੀ ਡੱਬਾਬੰਦੀ ਕਰਕੇ ਖੁਦ ਮੰਡੀਕਰਨ ਕਰਦਿਆਂ ਚੰਗਾ ਮੁਨਾਫ਼ਾ ਹਾਸਲ ਕਰ ਰਿਹਾ ਹੈ ਉਥੇ ਪ੍ਰੋਸੈਸਿੰਗ ਯੂਨਿਟ ਲਗਾਕੇ ਸਟਰਾਅਬੇਰੀ ਕ੍ਰਸ਼ ਅਤੇ ਜੂਸ ਦਾ ਉਤਪਾਦਨ ਵੀ ਕਰ ਰਿਹਾ ਹੈ ।
ਉਹ ਸਟਰਾਅਬੇਰੀ ਦੀ ਵੱਡੇ ਪੱਧਰ ਤੇ ਕਾਸ਼ਤ ਕਰਕੇ ਇਸਤੋਂ ਬਰਫ਼ੀ ਅਤੇ ਸ਼ੇਕ ਆਦਿ ਬਣਾਕੇ ਚੇਤਨ ਬਾਹਰਲੇ ਮੁਲਕਾਂ ਨੂੰ ਭੇਜਣ ਦੇ ਖੂਬਸੂਰਤ ਭਵਿੱਖ ਦੇ ਸੁਪਨੇ ਲਈ ਯਤਨਸ਼ੀਲ ਹੈ । ਇੱਕ ਏਕੜ ਵਿੱਚ ਚੇਤਨ 40 ਬੈਡ ਤਿਆਰ ਕਰਦਾ ਹੈ, ਜਿਨ੍ਹਾਂ ਉਪਰ ਸਟਰਾਅਬੇਰੀ ਦੇ 32000 ਪੌਦੇ ਲਗਾਉਂਦਾ ਹੈ । ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰਨ ਤੋਂ ਇਲਾਵਾ ਫ਼ਲ ਪੈਣ ਤੇ ਚੇਤਨ ਬੈਡਾਂ ਉਪਰ ਪਰਾਲੀ ਵਿਛਾਉਂਦਾ ਹੈ ਤਾਂ ਜੋ ਉਚ ਗੁਣਵਤਾ ਵਾਲਾ ਫ਼ਲ ਹਾਸਲ ਹੋ ਸਕੇ । ਜਲ ਸੋਮਿਆਂ ਦੀ ਸਾਂਭ-ਸੰਭਾਲ ਹਿਤ ਉਹ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਦਾ ਹੈ । ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਉਹ ਖੇਤਾਂ ਵਿੱਚ ਹੀ ਦੱਬ ਦਿੰਦਾ ਹੈ ਤਾਂ ਜੋ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ।
ਸਟਰਾਅਬੇਰੀ ਤੋਂ ਇਲਾਵਾ ਚੇਤਨ, ਮਿਰਚਾਂ ਅਤੇ ਬਰੌਕਲੀ ਦੀ ਕਾਸ਼ਤ ਨਾਲ ਚੰਗੀ ਆਮਦਨ ਲੈ ਰਿਹਾ ਹੈ ਤਾਂ ਜੋ ਉਸਦੀ ਆਮਦਨ ਵਿੱਚ ਵਾਧਾ ਹੋ ਸਕੇ । ਫ਼ਰਵਰੀ ਦੇ ਪਹਿਲੇ ਹਫ਼ਤੇ ਸਟਰਾਅਬੇਰੀ ਦੀ ਉਠਦੀ ਫ਼ਸਲ ਵਿੱਚ ਉਹ ਮਿਰਚਾਂ ਦੀ ਅੰਤਰਕਾਸ਼ਤ ਕਰ ਲੈਂਦਾ ਹੈ । ਗੁਰਦਾਸਪੁਰ ਅਤੇ ਬਾਕੀ ਪੰਜਾਬ ਤੋਂ ਕਿਸਾਨ ਉਸ ਦੇ ਖੇਤਾਂ ਨੂੰ ਦੇਖਣ ਲਈ ਆਉਂਦੇ ਰਹਿੰਦੇ ਹਨ। ਨਿਮਨ ਕਿਰਸਾਨੀ ਦੇ ਖ਼ੁਦ ਕਾਸ਼ਤਕਾਰ ਚੇਤਨ ਵਰਮਾ ਨੂੰ ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ ।
4. ਰਾਜਮੋਹਨ ਸਿੰਘ ਕਾਲੇਕਾ, ਸਪੁੱਤਰ ਗੁਰਦੀਪ ਸਿੰਘ ਪਿੰਡ ਬਿਸ਼ਨਪੁਰ ਛੰਨਾ,ਜ਼ਿਲ੍ਹਾ ਪਟਿਆਲਾ, ਵਿਗਿਆਨਕ ਤਰੀਕੇ ਰਾਹੀਂ ਫ਼ਸਲਾਂ ਦੀ ਕਾਸ਼ਤ ਕਰਨ ਵਾਲਾ ਅਗਾਂਹਵਧੂ ਕਿਸਾਨ ਹੈ । ਆਪਣੀ 20 ਏਕੜ ਜ਼ਮੀਨ ਵਿੱਚ ਪੰਦਰਾਂ ਸਾਲਾਂ ਤੋਂ ਕਣਕ-ਝੋਨੇ ਦੀ ਖੇਤੀ ਕਰਦਿਆਂ ਉਹ ਜ਼ਮੀਨ ਨੂੰ ਸਿਹਤਮੰਦ ਰੱਖਣ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ।
ਕੀਟ ਨਾਸ਼ਕ, ਉਲੀ ਨਾਸ਼ਕ ਅਤੇ ਨਦੀਨ ਨਾਸ਼ਕ ਦੀ ਲੋੜ ਅਨੁਸਾਰ ਵਰਤੋਂ ਕਰਕੇ ਕਣਕ ਦਾ 23 ਕੁਇੰਟਲ ਅਤੇ ਝੋਨੇ ਦਾ 35 ਕੁਇੰਟਲ ਝਾੜ ਲੈਣ ਵਾਲਾ ਰਾਜਮੋਹਨ ਸਿੰਘ ਫ਼ਸਲਾਂ ਦੀ ਕਾਸ਼ਤ, ਖੇਤੀ ਵਿਗਿਆਨੀਆਂ ਨਾਲ ਵਿਚਾਰ ਵਟਾਂਦਰੇ ਉਪਰੰਤ ਅਤੇ ਪੀ ਏ ਯੂ ਵੱਲੋਂ ਪ੍ਰਕਾਸ਼ਿਤ ਹੁੰਦੇ ਖੇਤੀ ਸਾਹਿਤ ਵਿੱਚ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਮੁਤਾਬਕ ਕਰਦਾ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਸਾਇਣਾਂ ਦੀ ਵਰਤੋਂ ਕਰਕੇ ਉਸ ਦੇ ਖੇਤ ਵਿੱਚ ਮਿੱਤਰ ਕੀੜੇ ਵੱਡੀ ਗਿਣਤੀ ਵਿੱਚ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਦੀ ਖ਼ੁਰਾਕ ਖੇਤਾਂ ਵਿੱਚ ਹੀ ਪੈਦਾ ਹੋਏ ਦੁਸ਼ਮਣ ਕੀੜੇ ਬਣਦੇ ਹਨ । ਰਾਜਮੋਹਨ ਵੱਲੋਂ ਪੈਦਾ ਕੀਤੀ ਕਣਕ ਦਾ ਦਾਣਾ ਕਾਲਾ, ਦਾਗੀ ਜਾਂ ਖਾਲੀ ਨਹੀਂ ਹੁੰਦਾ।
ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵਿੱਚ ਰਾਜਮੋਹਨ ਸਿੰਘ ਅਹਿਮ ਯੋਗਦਾਨ ਪਾ ਰਿਹਾ ਹੈ । ਜਲ ਸੋਮਿਆਂ ਦੀ ਬੱਚਤ ਲਈ ਉਸਨੇ ਜ਼ਮੀਨ ਵਿੱਚ ਅੰਡਰ ਗਰਾਊਂਡ ਪਾਈਪਾਂ ਵਿਛਾਈਆਂ ਹੋਈਆਂ ਹਨ । ਜ਼ਮੀਨ ਨੂੰ ਪੱਧਰਾ ਕਰਨ ਲਈ ਉਹ ਲੇਜ਼ਰ ਕਰਾਹੇ ਦੀ ਵਰਤੋਂ ਕਰਦਾ ਹੈ ।
ਭੂਮੀ ਦੀ ਉਪਜਾਊ ਸ਼ਕਤੀ ਨੂੰ ਸਥਿਰ ਰੱਖਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਰਾਜਮੋਹਨ ਸਿੰਘ ਝੋਨੇ ਅਤੇ ਕਣਕ ਦੀ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦਿੰਦਾ ਹੈ। ਕਣਕ ਅਤੇ ਝੋਨੇ ਦੇ ਖੁਦ ਕਾਸ਼ਤਕਾਰ ਅਤੇ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਦੇ ਚਾਨਣ-ਮੁਨਾਰੇ ਰਾਜਮੋਹਨ ਸਿੰਘ 'ਸਟੇਟ ਐਵਾਰਡ' ਅਤੇ 'ਨੈਸ਼ਨਲ ਇੰਨੋਵੇਟਿਵ ਫਾਰਮਰ ਐਵਾਰਡ' ਵਰਗੇ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਾਜਮੋਹਨ ਸਿੰਘ ਕਾਲੇਕਾ ਨੂੰ ਪੰਜਾਬ ਵਿੱਚ ਖੇਤ ਫ਼ਸਲਾਂ ਦੇ ਸਵੈ-ਕਾਸ਼ਤਕਾਰ ਹੋਣ ਲਈ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ ਜਾ ਰਿਹਾ ਹੈ ।
5. ਵਿਨੋਦ ਕੁਮਾਰੀ ਸਪੁੱਤਰੀ ਗੁਰਦਿਆਲ ਚੰਦ ਪਿੰਡ ਮੈਲ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਜਾਗਰੂਕ ਅਤੇ ਉਦਮੀ ਕਿਸਾਨ ਔਰਤ ਹੈ । ਆਪਣੀ ਪੰਜ ਏਕੜ ਜ਼ਮੀਨ ਵਿੱਚ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਵਿਨੋਦ ਕੁਮਾਰੀ ਨੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਦੇ ਸਹਾਇਕ ਕਿੱਤੇ ਨੂੰ ਅਪਣਾਇਆ ਅਤੇ ਸੰਧਿਆ ਸਵੈ ਸਹਾਇਤਾ ਗਰੁੱਪ ਦੇ ਮੁਖੀ ਵਜੋਂ ਸਿਖਰਾਂ ਤੇ ਪਹੁੰਚ ਕੇ ਵਿਸ਼ੇਸ਼ ਨਾਮਣਾ ਖੱਟਿਆ ਹੈ । ਅਚਾਰ, ਚਟਨੀਆਂ, ਮੁਰੱਬੇ, ਜੈਮ, ਸਕੂਐਸ਼, ਸ਼ਰਬਤ ਅਤੇ ਮਸਾਲੇ ਆਦਿ ਤਿਆਰ ਕਰਕੇ ਵਿਨੋਦ ਕੁਮਾਰੀ ਨਾ ਕੇਵਲ ਆਪਣੇ ਸਗੋਂ ਸਮੁੱਚੇ ਗਰੁੱਪ ਦੀਆਂ ਮੈਂਬਰਾਂ ਦੇ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਕਰਕੇ ਨਾਰੀ ਸੁਸ਼ਕਤੀਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ ।
ਖੇਤੀ ਅਤੇ ਖੇਤੀ ਅਧਾਰਿਤ ਕਿੱਤਿਆਂ ਸੰਬੰਧੀ ਸਿਖਲਾਈ ਵਿਨੋਦ ਕੁਮਾਰੀ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ, ਪੀਏਯੂ ਅਤੇ ਹੋਰ ਨਾਮਵਰ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਹੈ । ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵਿੱਚ ਵਿਨੋਦ ਕੁਮਾਰੀ ਵਿਸ਼ੇਸ਼ ਯੋਗਦਾਨ ਪਾ ਰਹੀ ਹੈ । ਜਲ ਸੋਮਿਆਂ ਦੀ ਸੰਜਮੀ ਵਰਤੋਂ ਲਈ ਜਿੱਥੇ ਉਨ੍ਹਾਂ ਵੱਲੋਂ ਜ਼ਮੀਨ ਹੇਠ ਪਾਈਪਾਂ ਦੱਬ ਕੇ ਤੁਪਕਾ ਸਿੰਚਾਈ ਕੀਤੀ ਜਾਂਦੀ ਹੈ ਉਥੇ ਫ਼ਲਾਂ ਅਤੇ ਸਬਜ਼ੀਆਂ ਨੂੰ ਟੱਬ ਵਿੱਚ ਧੋਣ ਉਪਰੰਤ ਪਾਣੀ ਪੌਦਿਆਂ ਨੂੰ ਪਾ ਦਿੱਤਾ ਜਾਂਦਾ ਹੈ । ਫ਼ਸਲ ਉਤਪਾਦਨ ਅਤੇ ਫ਼ਸਲਾਂ ਨਾਲ ਸੰਬੰਧਤ ਕਿੱਤਿਆਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੀ ਵਿਨੋਦ ਕੁਮਾਰੀ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement