ਪੜਚੋਲ ਕਰੋ
ਕਾਦੀਆਂ ਦੇ ਕਿਸਾਨ ਅਵਤਾਰ ਨੇ ਲੱਭਿਆ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਜਿਹੇ ਕਿਸਾਨ ਵੀ ਹਨ ਜਿਹੜੇ ਪਰਾਲੀ ਨੂੰ ਅੱਗ ਲਾਏ ਬਿਨਾ ਹੀ ਅਗਲੀ ਫਸਲ ਦੀ ਬਿਜਾਈ ਕਰ ਰਹੇ ਹਨ। ਅਜਿਹੇ ਕਿਸਾਨਾਂ ਵਿੱਚੋਂ ਹੀ ਇੱਕ ਹੈ, ਤਹਿਸੀਲ ਬਟਾਲਾ ’ਚ ਕਸਬਾ ਕਾਦੀਆਂ ਦੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਸੰਧੂ। ਅਵਤਾਰ ਸਿੰਘ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਾਏ ਪਹਿਲਾਂ ਤੋਂ ਹੀ ਘਰ ਵਿੱਚ ਪਏ ਖੇਤੀ ਸੰਦਾਂ ਦੀ ਵਰਤੋਂ ਕਰਦੇ ਹੋਏ ਖੇਤ ਤਿਆਰ ਕਰਕੇ ਆਲਆਂ ਦੀ ਬਿਜਾਈ ਕੀਤੀ ਹੈ। ਕਿਸਾਨ ਅਵਤਾਰ ਸਿੰਘ ਸੰਧੂ ਵੱਲ ਦੇਖ ਕੇ ਇਲਾਕੇ ਅੰਦਰ ਵੱਡੀ ਗਿਣਤੀ ਕਿਸਾਨਾਂ ਦੀ ਸੋਚ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਹੋਰ ਕਿਸਾਨ ਵੀ ਬਿਨਾਂ ਅੱਗ ਲਾਏ ਆਪਣੇ ਖੇਤ ਤਿਆਰ ਕਰ ਰਹੇ ਹਨ। ਕਿਸਾਨ ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਣ ਕਾਰਨ ਜਿਥੇ ਧੂੰਏਂ ਕਾਰਨ ਆਮ ਲੋਕਾਂ ਦਾ ਸਾਹ ਘੁਟਦਾ ਹੈ, ਉੱਥੇ ਜ਼ਮੀਨ ਦੇ ਉਪਜਾਊ ਤੱਤ ਖਤਮ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਾਰੇ ਕਿਸਾਨ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਤਾਂ ਵੱਡੀ ਮਾਤਰਾ ਵਿੱਚ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਦੁਸਟ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾ ਰਹੇ ”ਯੰਗ ਇੰਨੋਵੇਟਿਵ” ਵਟਸਐਪ ਗਰੁੱਪ ਵਿੱਚ ਪਿਛਲੇ 2-3 ਮਹੀਨਿਆਂ ਤੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੁੰਦੇ ਨੁਕਸਾਨ ਬਾਰੇ ਲਗਾਤਾਰ ਹੋ ਵਿਚਾਰ ਚਰਚਾ ਤੋਂ ਬਾਅਦ ਉਸ ਨੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਸੀ। ਉਨਾਂ ਦੱਸਿਆ ਕਿ ਇਸ ਵਾਰ ਉਸਨੇ ਆਲੂਆਂ ਦੀ ਬਿਜਾਈ ਕਰਨੀ ਸੀ ਤੇ ਉਸ ਨੇ ਆਪਣੇ ਖੇਤਾਂ ’ਚ ਬਿਨਾਂ ਪਰਾਲੀ ਨੂੰ ਅੱਗ ਲਾਏ ਖੇਤ ਤਿਆਰ ਕੀਤੇ ਹਨ। ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ ਕੰਬਾਈਨ ਮਾਲਕ ਨੂੰ ਕਹਿ ਕੇ ਝੋਨੇ ਦੀ ਕਟਾਈ ਉਪਰੋਂ ਕਰਵਾਈ ਗਈ ਤਾਂ ਜੋ ਪਰਾਲੀ ਦਾ ਫੂਸ ਘੱਟ ਤੋਂ ਘੱਟ ਖੇਤ ਵਿੱਚ ਡਿੱਗੇ। ਉਨ੍ਹਾਂ ਦੱਸਿਆ ਕਿ ਖੇਤ ਤਿਆਰ ਕਰਨ ਲਈ ਝੋਨੇ ਦੀ ਕਟਾਈ ਉਪਰੰਤ ਤਿੰਨ ਵਾਰ ਤਵਿਆਂ ਨਾਲ ਖੜ੍ਹੇ ਮੁੱਢਾਂ ਨੂੰ ਕੱਟਿਆ ਗਿਆ। ਇਸ ਤੋਂ ਬਾਅਦ ਇੱਕ ਵਾਰ ਪਲਟਾਵੀਂ ਹੱਲ ਚਲਾ ਕੇ ਦੋ ਵਾਰ ਦੁਬਾਰਾ ਤਵਿਆਂ ਨਾਲ ਵਾਹਿਆ ਗਿਆ। ਉਨ੍ਹਾਂ ਦੱਸਿਆ ਕਿ ਤਵੇ ਚਲਾਉਣ ਤੋਂ ਬਾਅਦ ਦੋ ਵਾਰ ਹੱਲਾਂ ਨਾਲ ਵਾਹ ਕੇ ਸੁਹਾਗਾ ਮਾਰ ਕੇ ਆਲੂਆਂ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਂਵੇ ਇਸ ਤਰ੍ਹਾਂ ਖੇਤ ਤਿਆਰ ਕਰਨ ਨਾਲ ਕੁਝ ਖਰਚਾ ਵੱਧ ਆਇਆ ਹੈ ਪਰ ਜ਼ਮੀਨ ਦੀ ਸਿਹਤ, ਵਾਤਾਵਰਨ ਤੇ ਜੀਵ ਜੰਤੁਆਂ ਦੇ ਬਚਾਅ ਲਈ ਇਹ ਨਿਗੂਣਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜੇ ਬਗੈਰ ਆਲੂਆਂ ਦੀ ਸਫਲਤਾਪੂਰਵਕ ਕੀਤੀ ਬਿਜਾਈ ਨਾਲ ਹੌਂਸਲਾ ਹੋਰ ਵਧ ਗਿਆ ਹੈ ਤੇ ਇਲਾਕੇ ਦੇ ਹੋਰ ਕਿਸਾਨ ਵੀ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਅਵਤਾਰ ਸਿੰਘ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਬਿਨਾ ਪਰਾਲੀ ਸਾੜੇ ਆਪਣੇ ਖੇਤਾਂ ਦੀ ਬਿਜਾਈ ਕਰਨ ਤਾਂ ਜੋ ਅਸੀਂ ਸਾਰੇ ਰਲ-ਮਿਲ ਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾ ਸਕੀਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















