ਹਰਤੇਜ ਸਿੰਘ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ
ਜ਼ਿਲ੍ਹਾ ਅਤੇ ਤਹਿਸੀਲ ਬਠਿੰਡਾ ਅਧੀਨ ਪੈਂਦੇ ਪਿੰਡ ਮਹਿਤਾ ਦੇ ਹਰਤੇਜ ਸਿੰਘ ਮਹਿਤਾ ਕੁਦਰਤੀ ਖੇਤੀ ਦੇ ਮਾਹਿਰ ਕਿਸਾਨ ਹੋਣ ਕਰਕੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ।
ਚੰਡੀਗੜ੍ਹ : ਜ਼ਿਲ੍ਹਾ ਅਤੇ ਤਹਿਸੀਲ ਬਠਿੰਡਾ ਅਧੀਨ ਪੈਂਦੇ ਪਿੰਡ ਮਹਿਤਾ ਦੇ ਹਰਤੇਜ ਸਿੰਘ ਮਹਿਤਾ ਕੁਦਰਤੀ ਖੇਤੀ ਦੇ ਮਾਹਿਰ ਕਿਸਾਨ ਹੋਣ ਕਰਕੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਬਚਪਨ ਤੋਂ ਹੀ ਕੁਝ ਵੱਖਰਾ ਕਰ ਵਿਖਾਉਣ ਦੀ ਤੀਬਰ ਇੱਛਾ ਕਾਰਨ ਉਸ ਨੇ ਲੰਬਾ ਸਮਾਂ ਖੱਬੇ ਪੱਖੀ ਲਹਿਰ ਸਮੇਤ ਵੱਖ-ਵੱਖ ਜਥੇਬੰਦੀਆਂ ਵਿਚ ਕੰਮ ਕੀਤਾ ਅਤੇ ਖੇਤੀ ਪਿਤਾ ਪੁਰਖੀ ਕਿੱਤਾ ਹੋਣ ਕਰਕੇ ਬਚਪਨ ਤੋਂ ਹੀ ਉਸ ਦੀ ਇਸ ਪਾਸੇ ਵੱਲ ਲਗਨ ਸੀ।
ਦੇਖਣ ਵਿਚ ਸਾਧਾਰਨ ਜਾਪਦੇ ਇਸ ਕਿਸਾਨ ਦੀ ਵਿੱਦਿਅਕ ਯੋਗਤਾ ਐਮ.ਏ. ਪੰਜਾਬੀ ਅਤੇ ਐਮ.ਏ. ਪੋਲਿਟੀਕਲ ਸਾਇੰਸ ਹੈ। ਲਗਪਗ 10 ਸਾਲ ਪਹਿਲਾਂ ਕੁਦਰਤੀ ਖੇਤੀ ਸ਼ੁਰੂ ਕਰਕੇ ਸਖਤ ਮਿਹਨਤ ਸਦਕਾ ਇਹ ਕਿਸਾਨ ਇਲਾਕੇ ਭਰ ਵਿਚ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਉਹ ਆਪਣੇ 11 ਏਕੜ ਰਕਬੇ ਵਿਚ ਨਰਮਾ, ਕਣਕ, ਸਰ੍ਹੋਂ, ਮਸਰੀ, ਕਮਾਦ ਤੇ ਪਾਲਕ, ਮੇਥੀ, ਗਾਜਰ, ਮੂਲੀ, ਗੰਢੇ, ਲੱਸਣ ਸਮੇਤ ਸਾਰੀਆਂ ਹੀ ਸਬਜ਼ੀਆਂ ਕੁਦਰਤੀ ਤਰੀਕਿਆਂ ਨਾਲ ਆਪਣੇ ਖੇਤ ਵਿਚ ਤਿਆਰ ਕਰਦਾ ਹੈ, ਜਿਸ ਵਿੱਚੋਂ ਨਰਮਾ ਐਫ 1378 ਅਤੇ ਕਣਕ 1482 ਤੇ ਬੰਸੀ ਨਾਮੀ ਬੀਜ ਵਧੇਰੇ ਸਫਲ ਸਾਬਤ ਹੋਏ ਹਨ।
ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਸਹਿਯੋਗ ਦੀ ਘਾਟ ਅਤੇ ਕਿਸਾਨਾਂ ਵਿਚ ਘੱੱਟ ਸਬਰ ਸੰਤੋਖ, ਕਾਹਲਾਪਣ ਤੇ ਅਨਪੜ੍ਹਤਾ ਕਾਰਨ ਦਿਨੋਂ-ਦਿਨ ਨਦੀਨ ਨਾਸ਼ਕ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਦੀ ਵੱਧ ਵਰਤੋਂ ਕਰਕੇ ਦੇਸ਼ ਦੇ ਅੰਨਦਾਤਾ ਜ਼ਹਿਰਦਾਤਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਕੀਟ ਪ੍ਰਬੰਧਾਂ ਨੂੰ ਠੀਕ ਕਰਨ ਲਈ ਕਿਸਾਨ ਕੁਦਰਤੀ ਤਰੀਕਿਆਂ ਨਾਲ ਮਿੱਤਰ ਕੀੜੇ ਅਤੇ ਦੁਸ਼ਮਣ ਕੀੜੇ ਆਪਣੇ ਖੇਤ ਵਿਚ ਹੀ ਪੈਦਾ ਕਰ ਸਕਦੇ ਹਨ, ਪਰ ਉਹ ਕੁਦਰਤ ’ਤੇ ਯਕੀਨ ਨਾ ਰੱਖਦੇ ਹੋਏ ਜ਼ਹਿਰੀਲੀਆਂ ਵਸਤਾਂ ਦਾ ਪ੍ਰਯੋਗ ਕਰਕੇ ਜ਼ਰੂਰੀ ਜੀਵਾਂ ਨੂੰ ਨਸ਼ਟ ਕਰ ਰਹੇ ਹਨ ਤੇ ਫਿਰ ਹੋਣ ਵਾਲੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਕੈਮੀਕਲਾਂ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਵਾਤਾਵਰਨ ਵਿਚ ਵਿਗਾੜ ਆਉਣ ਦੇ ਨਾਲ-ਨਾਲ ਉਨ੍ਹਾਂ ਦਾ ਆਰਥਿਕ ਤੌਰ ’ਤੇ ਵੀ ਬੇਹੱਦ ਜ਼ਿਆਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਖੇਤੀ ਖੇਤਰ ਵਿਚ ਰੇਹਾਂ ਤੇ ਸਪਰੇਆਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਨ ਲਈ ਦੇਸੀ ਗਾਂ ਦੇ ਮੂਤਰ ਅਤੇ ਗੋਹੇ ਤੋਂ ਤਿਆਰ ਹੋਣ ਵਾਲੇ ਜੀਵ ਅੰਮ੍ਰਿਤ ਦਾ ਹੀ ਅਹਿਮ ਯੋਗਦਾਨ ਹੈ, ਜੋ ਕਿ ਲਾਭਦਾਇਕ ਸਾਬਤ ਹੋਣ ਦੇ ਨਾਲ ਨਾਲ ਬੇਹੱਦ ਜ਼ਿਆਦਾ ਸਸਤਾ ਵੀ ਹੈ। ਇਸ ਕਿਸਾਨ ਨੇ ਦੱਸਿਆ ਕਿ ਨਰਮੇ ਦੇ ਮੁਕਾਬਲਤਨ ਜਵਾਰ ਤੇ ਬਾਜਰਾ ਅਤੇ ਕਣਕ ਦੇ ਮੁਕਾਬਲਤਨ ਸਰ੍ਹੋਂ ਬੀਜਣ ਨਾਲ ਜਿੱਥੇ ਕਾਫੀ ਹੱਦ ਤੱਕ ਉਕਤ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਠੱਲ੍ਹ ਪੈਂਦੀ ਹੈ, ਉੱਥੇ ਜ਼ਿਆਦਾ ਫਸਲਾਂ ਹੋਣ ਨਾਲ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੁੰਦਾ ਹੈ।
ਉਕਤ ਕਿਸਾਨ ਨੇ ਦੱਸਿਆ ਕਿ ਟਰਾਂਸਪੋਰਟੇਸ਼ਨ ਦੀ ਘਾਟ ਅਤੇ ਮੰਡੀਆਂ ਵਿਚ ਵਪਾਰੀਆਂ ਵੱਲੋਂ ਕੀਤੀ ਜਾਂਦੀ ਕਿਸਾਨਾਂ ਦੀ ਆਰਥਿਕ ਲੁੱਟ ਕਾਰਨ ਉਹ ਆਪਣੀਆਂ ਫਸਲਾਂ ਅਤੇ ਸਬਜ਼ੀਆਂ ਨੂੰ ਪਿੰਡ ਵਿਚ ਹੀ ਵੇਚਦੇ ਹਨ। ਮਹਿਤਾ ਨੇ ਦੱਸਿਆ ਕਿ ਉਹ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਅਤੇ ਖੇਤੀ ਵਿਰਾਸਤ ਮਿਸ਼ਨ ਤੋਂ ਵੀ ਸਮੇਂ ਸਮੇਂ ਸਿਰ ਲੋੜੀਂਦੀ ਜਾਣਕਾਰੀ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਫਸਲਾਂ ਅਤੇ ਸਬਜ਼ੀਆਂ ਦੀ ਘਰ ਵਿਚ ਵਰਤੋਂ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਸਾਰੀਆਂ ਹੀ ਬਿਮਾਰੀਆਂ ਤੋਂ ਰਹਿਤ ਅਤੇ ਤੰਦਰੁਸਤ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਤਜਰਬੇ ਦੇ ਤੌਰ ’ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਵੀ ਇਹੀ ਸੰਦੇਸ਼ ਦਿੰਦੇ ਹਨ ਕਿ ਪ੍ਰਾਈਵੇਟ ਕੰਪਨੀਆਂ ਵਿਚ ਤਿਆਰ ਹੋਣ ਵਾਲੀਆਂ ਜ਼ਹਿਰਾਂ ਤੇ ਇਸ ਲੋਟੂ ਢਾਂਚੇ ਦੇ ਚੁੰਗਲ ਵਿੱਚੋਂ ਨਿਕਲ ਕੇ ਕੁਦਰਤੀ ਖੇਤੀ ਦੇ ਜ਼ਰੀਏ ਸਮਾਜ ਅਤੇ ਪਰਿਵਾਰ ਨੂੰ ਤੰਦਰੁਸਤ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin