Progressive Farmer: ਇਸ ਕਿਸਾਨ ਨੇ ਖੇਤੀ 'ਚੋਂ ਕਮਾਈ ਲਈ ਲਭਿਆ ਅਜਿਹਾ ਰਾਹ ਕਿ ਹਰ ਪਾਸੇ ਚਰਚੇ
ਗੁਰਦਿਆਲ ਸਿੰਘ ਵੱਲੋਂ ਸ਼ੁੱਧ ਤੇ ਮਿਆਰੀ ਹਲਦੀ ਪਾਊਡਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ, ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾ ਵਿੱਚ ਖ਼ੁਦ ਪਹੁੰਚ ਕੇ ਵੇਚਦਾ ਹੈ। ਮੈਟ੍ਰਿਕ ਪਾਸ ਗੁਰਦਿਆਲ ਸਿੰਘ ਨੇ ਬਹੁਭਾਂਤੀ ਖੇਤੀ ਦੇ ਰਾਹ ਤੁਰਦਿਆਂ ਆਪਣੀ ਆਰਥਿਕ ਸਥਿਤੀ ਨੂੰ ਹੀ ਮਜ਼ਬੂਤ ਨਹੀਂ ਕੀਤਾ ਸਗੋਂ ਆਪਣੇ ਇਲਾਕੇ ਦੇ ਹੋਰ ਲੋਕਾਂ ਦਾ ਰਾਹ ਦਸੇਰਾ ਵੀ ਬਣਿਆ।
ਚੰਡੀਗੜ੍ਹ: ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਸੱਲ੍ਹੋਪੁਰ ਦਾ ਗੁਰਦਿਆਲ ਸਿੰਘ ਦਾ ਨਾਂ ਪੰਜਾਬ ਦੇ ਕੁਝ ਗਿਣੇ ਚੁਣੇ ਹਲਦੀ ਉਤਪਾਦਕਾਂ ਵਿੱਚ ਆਉਂਦਾ ਹੈ। ਉਸਦੀ ਹਲਦੀ ਪੰਜਾਬ ਵਿੱਚ ਹੀ ਨਹੀਂ ਬਲਕਿ ਹੋਰਾਂ ਸੂਬਿਆਂ ਵਿੱਚ ਵਿਕਦੀ ਹੈ। ਉਹ ਹਲਦੀ ਦੇ ਪਾਊਡਰ ਦੇ ਨਾਲ ਨਾਲ ਹਲਦੀ ਦਾ ਬੀਜ ਵੀ ਵੇਚਦਾ ਹੈ ਜਿਸ ਤੋਂ ਚੋਖੀ ਕਮਾਈ ਹੋ ਜਾਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਸਨੇ ਹਲਦੀ ਦਾ ਮੰਡੀਕਰਨ ਵੀ ਖੁਦ ਕਰਦਾ ਹੈ। ਉਸਨੇ ਮੰਡੀਕਰਨ ਦੇ ਹੱਲ ਲਈ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਨਾਲ ਲੈ ਕੇ ਗਰੀਨ ਗੋਲਡ ਫਾਰਮਰ ਇੰਟਰਸਟ ਗਰੁੱਪ ਵੀ ਬਣਾਇਆ ਹੋਇਆ ਹੈ। ਉਹ ਆਪਣੀ ਹਲਦੀ ਦੀ ਮਾਰਕੀਟਿੰਗ ਗਰੀਨ ਗੋਲਡ ਹਲਦੀ ਪਾਊਡਰ ਦੇ ਨਾਮ ਹੇਠ ਕਰ ਰਿਹਾ ਹੈ। ਇਸ ਕਿਸਾਨ ਨੇ ਖੇਤੀ ਦੇ ਦਿਨੋ ਦਿਨ ਨਿਘਰਦੇ ਜਾ ਰਹੇ ਹਾਲਾਤ ’ਤੇ ਮੰਡੀਆਂ ਵਿੱਚ ਹੋ ਰਹੀ ਪੈਦਾਵਾਰ ਦੀ ਖੱਜਲ-ਖੁਆਰੀ ਤੋਂ ਬਚਣ ਲਈ ਹਲਦੀ ਆਪ ਪੈਦਾ ਕਰਕੇ ਤੇ ਪੀਸ ਕੇ ਵੇਚਣ ਦਾ ਮਨ ਬਣਾਇਆ।
ਗੁਰਦਿਆਲ ਸਿੰਘ ਵੱਲੋਂ ਸ਼ੁੱਧ ਤੇ ਮਿਆਰੀ ਹਲਦੀ ਪਾਊਡਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ, ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾ ਵਿੱਚ ਖ਼ੁਦ ਪਹੁੰਚ ਕੇ ਵੇਚਦਾ ਹੈ। ਮੈਟ੍ਰਿਕ ਪਾਸ ਗੁਰਦਿਆਲ ਸਿੰਘ ਨੇ ਬਹੁਭਾਂਤੀ ਖੇਤੀ ਦੇ ਰਾਹ ਤੁਰਦਿਆਂ ਆਪਣੀ ਆਰਥਿਕ ਸਥਿਤੀ ਨੂੰ ਹੀ ਮਜ਼ਬੂਤ ਨਹੀਂ ਕੀਤਾ ਸਗੋਂ ਆਪਣੇ ਇਲਾਕੇ ਦੇ ਹੋਰ ਲੋਕਾਂ ਦਾ ਰਾਹ ਦਸੇਰਾ ਵੀ ਬਣਿਆ। ਗੁਰਦਿਆਲ ਸਿੰਘ ਨੇ ਸਮੇਂ ਸਮੇਂ ’ਤੇ ਖੇਤੀਬਾੜੀ ਨਾਲ ਸਬੰਧਿਤ ਕਈ ਕੋਰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੇ ਹਨ ਜਿਨ੍ਹਾਂ ਵਿੱਚ ਡਾਕ ਰਾਹੀਂ ਖੇਤੀ ਸਿੱਖਿਆ ਕੋਰਸ, ਸ਼ਹਿਦ ਮੱਖੀ ਪਾਲਣ, ਡੇਅਰੀ ਫਾਰਮਿੰਗ ਅਤੇ ਖੁੰਬਾਂ ਦੀ ਕਾਸ਼ਤ ਮੁੱਖ ਹਨ। ਸ਼ੁਰੂ ਵਿੱਚ ਉਸ ਨੇ ਥੋੜ੍ਹੇ ਰਕਬੇ ’ਤੇ ਹਲਦੀ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾਇਆ। ਇਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਹਲਦੀ ਦੀ ਕਾਸ਼ਤ ਨੂੰ ਵੱਡੇ ਪੱਧਰ ’ਤੇ ਅਪਣਾਉਣ ਦਾ ਫ਼ੈਸਲਾ ਕੀਤਾ। ਗੁਰਦਿਆਲ ਸਿੰਘ ਨੇ ਬਾਗ਼ਬਾਨੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਦੀ ਮਦਦ ਨਾਲ ਹਲਦੀ ਦੀ ਤਕਨੀਕੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਸ ਨੇ ਇਨ੍ਹਾਂ ਵਿਭਾਗਾਂ ਤੋਂ ਤਕਨੀਕੀ ਸਹਾਇਤਾ ਅਤੇ ਕੌਮੀ ਬਾਗ਼ਬਾਨੀ ਮਿਸ਼ਨ ਦੀ ਮਾਲੀ ਮਦਦ ਨਾਲ ਹਲਦੀ ਦੀ ਪ੍ਰੋਸੈਸਿੰਗ ਲਈ ਪਲਾਂਟ ਲਗਾਇਆ।
ਇਸ ਪਲਾਂਟ ’ਤੇ ਤਕਰੀਬਨ ਛੇ ਲੱਖ ਰੁਪਏ ਖ਼ਰਚ ਹੋਏ। ਇਸ ਵਿੱਚੋਂ 1.5 ਲੱਖ ਰੁਪਏ ਸਬਸਿਡੀ ਦੇ ਤੌਰ ’ਤੇ ਵੀ ਮਿਲੇ। ਪਲਾਂਟ ਲੱਗਣ ਤੋਂ ਬਾਅਦ ਆਲੇ-ਦੁਆਲੇ ਦੇ ਕਿਸਾਨਾਂ ਨੇ ਵੀ ਹਲਦੀ ਦੀ ਕਾਸ਼ਤ ਵਿੱਚ ਰੁਚੀ ਵਿਖਾਈ। ਗੁਰਦਿਆਲ ਸਿੰਘ ਨੇ ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਖ਼ਰੀਦਣ ਦਾ ਕੰਟਰੈਕਟ ਕੀਤਾ ਅਤੇ ਉਨ੍ਹਾਂ ਨੂੰ ਵੀ ਆਪਣੇ ਇਸ ਧੰਦੇ ਨਾਲ ਜੋੜਿਆ। ਹਲਦੀ ਦੀ ਬਿਜਾਈ ’ਤੇ ਪ੍ਰਤੀ ਏਕੜ ਤਕਰੀਬਨ 35 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ ਜਦੋਂਕਿ ਇੱਕ ਏਕੜ ਵਿੱਚੋਂ ਤਕਰੀਬਨ 100 ਕੁਇੰਟਲ ਕੱਚੀ ਹਲਦੀ ਨਿੱਕਲ ਆਉਂਦੀ ਹੈ ਜਿਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਤਕਰੀਬਨ 15 ਕਵਿੰਟਲ ਹਲਦੀ ਪਾਊਡਰ ਪ੍ਰਾਪਤ ਹੁੰਦਾ ਹੈ। ਇਹ ਪਾਊਡਰ ਤਕਰੀਬਨ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕ ਜਾਂਦਾ ਹੈ। ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਹੈ ਕਿ ਕਿਸੇ ਇੱਕ ਧੰਦੇ ਵਿੱਚ ਰਹਿ ਕੇ ਲਗਾਤਾਰ ਮੁਨਾਫ਼ਾ ਨਹੀਂ ਕਮਾਇਆ ਜਾ ਸਕਦਾ, ਇਸ ਲਈ ਉਹ ਹਲਦੀ ਦੀ ਕਾਸ਼ਤ ਦੇ ਨਾਲ ਨਾਲ ਕਈ ਸਹਾਇਕ ਧੰਦੇ ਵੀ ਚਲਾ ਰਿਹਾ ਹੈ। ਉਹ ਇੱਕ ਚੰਗਾ ਸ਼ਹਿਦ ਮੱਖੀ ਪਾਲਕ ਹੈ। ਇਸ ਸਮੇਂ ਉਸ ਕੋਲ ਸ਼ਹਿਦ ਮੱਖੀ ਦੇ 50 ਬਕਸੇ ਰੱਖੇ ਹੋਏ ਹਨ।
ਗੁਰਦਿਆਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ’ਤੇ ਇਕੱਲਾ ਅਮਲ ਹੀ ਨਹੀਂ ਕਰਦਾ ਸਗੋਂ ਹੋਰ ਕਿਸਾਨਾਂ ਨੂੰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ। ਉਹ ਆਪਣੇ ਖੇਤਾਂ ਵਿੱਚ ਲੇਜ਼ਰ ਕਰਾਹਾ, ਜ਼ੀਰੋ ਟਿਲ-ਡਰਿਲ, ਕੱਦੂ ਕਰਨ ਵਾਲਾ ਰੋਲਰ, ਟੈਂਸ਼ੀਓਮੀਟਰ ਅਤੇ ਖਾਦਾਂ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰਦਾ ਹੈ। ਉਹ ਆਪਣੀ ਖੇਤੀ ਲਈ ਬਣਾਏ ਹੋਏ ਸੰਦਾਂ ਨੂੰ ਨਾਲ ਦੇ ਕਿਸਾਨਾਂ ਦੇ ਖੇਤਾਂ ਵਿੱਚ ਕਿਰਾਏ ’ਤੇ ਚਲਾ ਕੇ ਵੀ ਪੈਸਾ ਕਮਾਉਂਦਾ ਹੈ। ਗੁਰਦਿਆਲ ਸਿੰਘ ਮਿਹਨਤ, ਸਿਰੜ ਅਤੇ ਲਗਨ ਵਿੱਚ ਵਿਸ਼ਵਾਸ ਰੱਖਣ ਵਾਲਾ ਕਿਸਾਨ ਹੈ। ਇਸ ਦਾ ਪ੍ਰਮਾਣ ਉਸ ਨੂੰ ਕੌਮੀ ਪੱਧਰ ’ਤੇ ਮਿਲੇ ਮਾਣ ਸਨਮਾਨਾਂ ਤੋਂ ਲੱਗਦਾ ਹੈ। ਹਾਲ ਹੀ ਵਿੱਚ ਉਸ ਨੂੰ ਐਡਵਾਈਜ਼ਰ ਕਿਸਾਨ ਮੇਲੇ ਉੱਪਰ ਠੱਟ ਭਰਾਵਾਂ ਵੱਲੋਂ ਖੇਤੀ ਵਿਭਿੰਨਤਾ ਵਿੱਚ ਯੋਗਦਾਨ ਲਈ ਡਾਟਾ-ਵਿੰਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਪੰਜਾਬ ਬੀ ਕੀਪਿੰਗ ਬੋਰਡ, ਪੀਏਯੂ ਕਿਸਾਨ ਕਲੱਬ, ਪੀਏਯੂ ਕਿਸਾਨ ਕਮੇਟੀ, ਬੀ ਕੀਪਿੰਗ ਐਸੋਸੀਏਸ਼ਨ, ਲੁਧਿਆਣਾ, ਜ਼ਿਲ੍ਹਾ ਖੇਤੀ ਉਤਪਾਦਨ ਕਮੇਟੀ ਦਾ ਮੌਜੂਦਾ ਮੈਂਬਰ ਹੈ ਅਤੇ ਕੇ ਵੀ ਕੇ ਵਿਗਿਆਨਕ ਸਲਾਹਕਾਰ ਕਮੇਟੀ ਦਾ ਮੈਂਬਰ ਵੀ ਰਹਿ ਚੁੱਕਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904