Punjab Milk Price: ਪੰਜਾਬ 'ਚ ਮਹਿੰਗਾ ਹੋਵੇਗਾ ਦੁੱਧ, ਛੇ ਰੁਪਏ ਤੱਕ ਵੱਧ ਸਕਦੀਆਂ ਦੁੱਧ ਦੀਆਂ ਕੀਮਤਾਂ
ਦੋਧੀ ਯੂਨੀਅਨ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਹ ਅੰਦੋਲਨ ਦਾ ਰਾਹ ਅਖਤਿਆਰ ਕਰਨਗੇ ਅਤੇ ਸੂਬੇ ਵਿੱਚ ਦੁੱਧ ਦੀ ਸਪਲਾਈ ਬੰਦ ਕਰਨ ਲਈ ਮਜਬੂਰ ਹੋਣਗੇ।
Punjab Milk Price: Milk will be more expensive in Punjab, milk prices may go up to Rs
ਚੰਡੀਗੜ੍ਹ: ਪੰਜਾਬ ਵਿੱਚ ਦੁੱਧ ਮਹਿੰਗਾ ਹੋ ਸਕਦਾ ਹੈ। ਦੁੱਧ ਵਿਕਰੇਤਾਵਾਂ ਨੇ ਖੁੱਲ੍ਹੇ ਬਾਜ਼ਾਰ ਵਿੱਚ ਵਿਕਣ ਵਾਲੇ ਦੁੱਧ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕਰਨ ਦੀ ਜ਼ਿਲ੍ਹਾ ਪੱਧਰ ’ਤੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਕਾਰਨ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਦੱਸਿਆ ਗਿਆ ਹੈ। ਇਸ ਸਮੇਂ ਪੰਜਾਬ ਦੀ ਖੁੱਲ੍ਹੀ ਮੰਡੀ ਵਿੱਚ ਘੱਟ ਫੈਟ ਵਾਲਾ ਦੁੱਧ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਦੱਸ ਦਈਏ ਕਿ ਜੇਕਰ ਸੂਬੇ 'ਚ ਦੁੱਧ ਦੀ ਕੀਮਤ 6 ਰੁਪਏ ਵਧਦੀ ਹੈ ਤਾਂ ਇਸ ਦਾ ਸਿੱਧਾ ਅਸਰ ਰਸੋਈ 'ਤੇ ਪਵੇਗਾ। ਦੁੱਧ ਦੀਆਂ ਕੀਮਤਾਂ ਵਧਣ ਨਾਲ ਦਹੀਂ, ਪਨੀਰ, ਦੇਸੀ ਘਿਓ ਅਤੇ ਲੱਸੀ ਦੀਆਂ ਕੀਮਤਾਂ ਵੀ ਵਧਣਗੀਆਂ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ।
ਪੰਜਾਬ ਵਿੱਚ ਇਸ ਸਮੇਂ ਕਰੀਬ 6000 ਡੇਅਰੀ ਫਾਰਮ ਚੱਲ ਰਹੇ ਹਨ। 3.5 ਲੱਖ ਕਿਸਾਨ ਡੇਅਰੀ ਫਾਰਮਾਂ ਨਾਲ ਜੁੜੇ ਹੋਏ ਹਨ। ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ 6 ਫੀਸਦੀ ਤੋਂ ਵੱਧ ਹੈ। 2012 ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਪਸ਼ੂ ਦੁੱਧ ਉਤਪਾਦਨ ਵਿੱਚ ਵਾਧਾ ਹੋਇਆ ਹੈ। ਜੋ ਉਤਪਾਦਨ 2012 ਵਿੱਚ 3.51 ਕਿਲੋ ਪ੍ਰਤੀ ਪਸ਼ੂ ਸੀ, ਹੁਣ ਵੱਧ ਕੇ 5.27 ਹੋ ਗਿਆ ਹੈ। ਉਂਝ ਦੁੱਧ ਦੀ ਪੈਦਾਵਾਰ ਵਧਣ ਨਾਲ ਦੁੱਧ ਉਤਪਾਦਕਾਂ ਦਾ ਮੁਨਾਫ਼ਾ ਵੀ ਘਟਿਆ ਹੈ। ਇਸ ਦਾ ਕਾਰਨ ਪਸ਼ੂ ਖੁਰਾਕ ਦੀ ਵੱਧ ਰਹੀ ਮਹਿੰਗਾਈ ਹੈ। ਪਸ਼ੂਆਂ ਦੀ ਖੁਰਾਕ ਜੋ 20 ਰੁਪਏ ਸੀ ਹੁਣ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਇਸ ਸਮੇਂ ਖੁੱਲ੍ਹੇ ਬਾਜ਼ਾਰ ਵਿੱਚ ਦੁੱਧ 40 ਰੁਪਏ ਕਿਲੋ (ਘੱਟ ਫੈਟ) ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਫੁੱਲ ਕਰੀਮ ਵਾਲੇ ਦੁੱਧ ਦੀ ਕੀਮਤ 60 ਰੁਪਏ ਰੱਖੀ ਗਈ ਹੈ। ਪਰਚੂਨ ਦੁੱਧ ਵਿਕਰੇਤਾ 5 ਰੁਪਏ ਦੇ ਮੁਨਾਫੇ ਨਾਲ ਦੁੱਧ ਵੇਚ ਰਹੇ ਹਨ। ਜਦੋਂਕਿ ਡੇਅਰੀ ਉਦਯੋਗ ਨਾਲ ਜੁੜੇ ਕਿਸਾਨਾਂ ਨੂੰ ਮਹਿੰਗੇ ਚਾਰੇ ਕਾਰਨ ਵਧੇਰੇ ਖਰਚਾ ਚੁੱਕਣਾ ਪੈਂਦਾ ਹੈ। ਅਜਿਹੇ 'ਚ ਮੁਨਾਫਾ ਵੀ ਘੱਟ ਰਿਹਾ ਹੈ। ਮਜਬੂਰੀ ਵਿੱਚ ਯੂਨੀਅਨ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ।
ਸੂਬੇ ਦੀਆਂ ਦੋਧੀ ਯੂਨੀਅਨਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਦੀ ਮੰਗ ਕਰ ਰਹੀਆਂ ਹਨ। ਦੋਧੀ ਯੂਨੀਅਨ ਦੇ ਨੁਮਾਇੰਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਦੁੱਧ ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਕਿਲੋ ਵਾਧਾ ਕਰਨ ਦੀ ਮੰਗ ਕਰ ਰਹੇ ਹਨ। ਅਮੂਲ ਨੇ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ।