Punjab Weather: ਪੰਜਾਬ 'ਚ ਫਿਰ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਵਾਵਾਂ ਨਾਲ ਬੂੰਦਾ-ਬਾਂਦੀ, ਗਰਮੀ ਤੋਂ ਰਾਹਤ, ਫਸਲਾਂ ਦਾ ਨੁਕਸਾਨ
ਵਿਭਾਗ ਨੇ ਦੱਸਿਆ ਕਿ ਪੰਜਾਬ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਨਵਾਂਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਦੱਖਣੀ ਤੇ ਪੱਛਮੀ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
Punjab Weather Update: ਇਸ ਸਮੇਂ ਉੱਤਰੀ ਭਾਰਤ ਭਿਆਨਕ ਗਰਮੀ ਦੀ ਮਾਰ ਝੱਲ ਰਿਹਾ ਹੈ। ਅਜਿਹੇ 'ਚ ਬੀਤੇ ਦਿਨ ਕੁੱਝ ਸੂਬਿਆਂ 'ਚ ਤੇਜ਼ ਹਵਾਵਾ ਤੇ ਹਲਕੀ ਬੂੰਦਾ-ਬਾਂਦੀ ਨੇ ਆਮ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਵੀਰਵਾਰ ਨੂੰ ਮੌਸਮ ਦਾ ਬਦਲਿਆ ਹੋਇਆ ਮਿਜਾਜ਼ ਵੇਖਣ ਨੂੰ ਮਿਲਿਆ। ਸੂਬੇ 'ਚ ਦੇਰ ਸ਼ਾਮ ਤੇਜ਼ ਹਵਾਵਾਂ ਨਾਲ ਕੁਝ ਖੇਤਰਾਂ 'ਚ ਬੂੰਦਾ-ਬਾਂਦੀ ਹੋਈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ ਪੱਛਮੀ ਗੜਬੜੀ ਕਾਰਨ 14 ਅਪ੍ਰੈਲ ਨੂੰ ਮੌਸਮ 'ਚ ਬਦਲਾਅ ਹੋਵੇਗਾ। ਵਿਭਾਗ ਨੇ ਦੱਸਿਆ ਕਿ ਪੰਜਾਬ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਨਵਾਂਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਦੱਖਣੀ ਤੇ ਪੱਛਮੀ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਇਸ ਦੇ ਨਾਲ ਹੀ ਕੁਝ ਥਾਵਾਂ 'ਤੇ ਹਨੇਰੀ ਦੇ ਨਾਲ-ਨਾਲ ਹਲਕੀ ਬਾਰਸ਼ ਵੀ ਹੋਵੇਗੀ। ਵੀਰਵਾਰ ਸ਼ਾਮ ਨੂੰ ਪਏ ਮੀਂਹ ਕਾਰਨ ਪੰਜਾਬ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਪਰ ਕਿਸਾਨਾਂ ਦੀ ਚਿੰਤਾ ਵਧ ਗਈ। ਕੁਝ ਥਾਵਾਂ ਉੱਪਰ ਫਸਲਾਂ ਦੇ ਨੁਕਸਾਨ ਦੀ ਖਬਰ ਵੀ ਹੈ। ਮੰਡੀਆਂ ਵਿੱਚ ਵੀ ਕਣਕ ਦੀ ਫਸਲ ਭਿੱਜ ਗਈ ਹੈ।
ਬਿਜਲੀ ਦੀ ਮੰਗ ਵਿੱਚ ਗਿਰਾਵਟ
ਪੰਜਾਬ ਵਿੱਚ ਕੋਲੇ ਦਾ ਸੰਕਟ ਫਿਲਹਾਲ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਵੀ ਥਰਮਲਾਂ ਵਿੱਚ ਸਿਰਫ਼ ਇੱਕ ਤੋਂ 15 ਦਿਨ ਦਾ ਕੋਲਾ ਬਚਿਆ ਹੈ। ਇਸ ਦੌਰਾਨ ਵੀਰਵਾਰ ਸ਼ਾਮ ਨੂੰ ਤੇਜ਼ ਹਨੇਰੀ ਦੇ ਨਾਲ ਹਲਕੀ ਬਾਰਸ਼ ਕਾਰਨ ਪਾਰਾ ਡਿੱਗਣ ਕਾਰਨ ਬਿਜਲੀ ਦੀ ਮੰਗ 'ਚ ਕਾਫ਼ੀ ਕਮੀ ਆਈ ਹੈ। ਪਾਵਰਕੌਮ ਨੇ ਕੋਲਾ ਬਚਾਉਣ ਲਈ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ-ਦੋ ਯੂਨਿਟ ਬੰਦ ਕਰ ਦਿੱਤੇ ਹਨ।
ਦੂਜੇ ਪਾਸੇ ਸੂਬੇ ਦਾ ਪ੍ਰਾਈਵੇਟ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅਜੇ ਵੀ ਕੋਲੇ ਦੀ ਘਾਟ ਕਾਰਨ ਬੰਦ ਪਿਆ ਹੈ। ਹਾਲਾਂਕਿ ਵੀਰਵਾਰ ਨੂੰ ਦਿਨ ਵੇਲੇ ਬਿਜਲੀ ਦੀ ਮੰਗ 7500 ਮੈਗਾਵਾਟ ਨੂੰ ਪਾਰ ਕਰ ਗਈ, ਜਿਸ ਲਈ ਪਾਵਰਕੌਮ ਨੂੰ ਬਾਹਰੋਂ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3100 ਮੈਗਾਵਾਟ ਬਿਜਲੀ ਖਰੀਦਣੀ ਪਈ।
ਇਸ ਸਬੰਧੀ ਪਾਵਰਕੌਮ ਦੇ ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ ਨੇ ਕਿਹਾ ਕਿ ਤੇਜ਼ ਹਨੇਰੀ ਤੇ ਹਲਕੀ ਬਾਰਸ਼ ਕਾਰਨ ਬਿਜਲੀ ਦੀ ਮੰਗ ਘਟੀ ਹੈ, ਜਿਸ ਕਾਰਨ ਰੋਪੜ ਤੇ ਲਹਿਰਾ ਪ੍ਰੇਮ ਦੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਲੋੜ ਪੈਣ 'ਤੇ ਇਨ੍ਹਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Mann Slams Opposition: ਕੇਜਰੀਵਾਲ ਨਾਲ ਪੰਜਾਬ ਦੇ ਅਫਸਰਾਂ ਦੀ ਮੀਟਿੰਗ 'ਤੇ ਭਗਵੰਤ ਮਾਨ ਦਾ ਦੋ-ਟੁੱਕ ਜਵਾਬ, 'ਦਿੱਲੀ ਛੱਡੋ ਇਜ਼ਰਾਇਲ ਵੀ ਭੇਜਾਂਗਾ'