ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ, ਲਾਵਾਰਸ ਪਸ਼ੂਆਂ ਦੀ ਸਮੱਸਿਆ ਦਾ ਹੋਏਗਾ ਪੱਕਾ ਹੱਲ, ਜਾਣੋ ਕੇਂਦਰ ਸਰਕਾਰ ਦਾ ਪੂਰਾ ਪਲਾਨ
ਨੀਤੀ ਆਯੋਗ ਗਾਂ ਦੇ ਗੋਹੇ ਦੀ ਵਪਾਰਕ ਵਰਤੋਂ ਤੇ ਕਿਸਾਨਾਂ ਲਈ ਬੋਝ ਬਣਨ ਵਾਲੇ ਆਵਾਰਾ ਪਸ਼ੂਆਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਹੱਲ ਕਰਨ ਲਈ ਕਾਰਜ ਯੋਜਨਾ 'ਤੇ ਕੰਮ ਕਰ ਰਹੀ ਹੈ।
ਨਵੀਂ ਦਿੱਲੀ: ਨੀਤੀ ਆਯੋਗ ਗਾਂ ਦੇ ਗੋਹੇ ਦੀ ਵਪਾਰਕ ਵਰਤੋਂ ਤੇ ਕਿਸਾਨਾਂ ਲਈ ਬੋਝ ਬਣਨ ਵਾਲੇ ਆਵਾਰਾ ਪਸ਼ੂਆਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਹੱਲ ਕਰਨ ਲਈ ਕਾਰਜ ਯੋਜਨਾ 'ਤੇ ਕੰਮ ਕਰ ਰਹੀ ਹੈ। ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਗਊਸ਼ਾਲਾ ਅਰਥਚਾਰੇ 'ਚ ਸੁਧਾਰ ਕਰਨ ਦੇ ਇੱਛੁਕ ਹਾਂ। ਕਮਿਸ਼ਨ ਨੇ ਆਰਥਿਕ ਖੋਜ ਸੰਸਥਾਨ ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕੌਨੋਮਿਕ ਰਿਸਰਚ (ਐਨਸੀਏਈਆਰ) ਨੂੰ ਵੀ ਗਊਸ਼ਾਲਾ ਅਰਥਚਾਰੇ ਬਾਰੇ ਇੱਕ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਇਸ ਦੇ ਵਪਾਰਕ ਲਾਭਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਰਮੇਸ਼ ਚੰਦ ਨੇ ਕਿਹਾ ਕਿ ਅਸੀਂ ਸਿਰਫ਼ ਇਹ ਦੇਖ ਰਹੇ ਹਾਂ ਕਿ ਗਊਸ਼ਾਲਾ ਅਰਥਚਾਰੇ 'ਚ ਸੁਧਾਰ ਦੀਆਂ ਕੀ ਸੰਭਾਵਨਾਵਾਂ ਹਨ। ਅਸੀਂ ਇਸ ਸੰਭਾਵਨਾ ਨੂੰ ਵੇਖ ਰਹੇ ਹਾਂ ਕਿ ਕੀ ਅਸੀਂ ਗਊਸ਼ਾਲਾ ਤੋਂ ਪ੍ਰਾਪਤ ਹੋਣ ਵਾਲੇ ਸਹਿ-ਉਤਪਾਦਾਂ ਮਤਲਬ ਗੋਹੇ ਨਾਲ ਕੁਝ ਆਮਦਨੀ ਪ੍ਰਾਪਤ ਕਰ ਸਕਦੇ ਹਾਂ ਜਾਂ ਕਮਾਈ ਵਾਲੀ ਕੋਈ ਹੋਰ ਚੀਜ਼ ਬਣਾ ਸਕਦੇ ਹਾਂ। ਰਮੇਸ਼ ਚੰਦ ਦੀ ਅਗਵਾਈ 'ਚ ਸਰਕਾਰੀ ਅਧਿਕਾਰੀਆਂ ਦੀ ਇੱਕ ਟੀਮ ਨੇ ਵਰਿੰਦਾਵਨ (ਉੱਤਰ ਪ੍ਰਦੇਸ਼), ਰਾਜਸਥਾਨ ਤੇ ਭਾਰਤ ਦੇ ਹੋਰ ਹਿੱਸਿਆਂ 'ਚ ਵੱਡੀਆਂ ਗਊਸ਼ਾਲਾਵਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ 10 ਜਾਂ 15 ਫ਼ੀਸਦੀ ਗਊਆਂ ਥੋੜ੍ਹੀ ਮਾਤਰਾ 'ਚ ਦੁੱਧ ਦਿੰਦੀਆਂ ਹਨ ਪਰ ਇਹ ਮਜ਼ਦੂਰੀ, ਖੁਰਾਕ ਤੇ ਇਲਾਜ ਦੇ ਖਰਚੇ ਨੂੰ ਪੂਰਾ ਕਰਨ ਲਈ ਕਾਫੀ ਨਹੀਂ।
ਨੀਤੀ ਆਯੋਗ 'ਚ ਖੇਤੀਬਾੜੀ ਨੀਤੀਆਂ ਦੀ ਨਿਗਰਾਨੀ ਕਰਨ ਵਾਲੇ ਰਮੇਸ਼ ਚੰਦ ਨੇ ਕਿਹਾ ਕਿ ਗਾਂ ਦੇ ਗੋਹੇ ਦੀ ਵਰਤੋਂ ਬਾਇਓ-ਸੀਐਨਜੀ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਅਜਿਹੀਆਂ ਸੰਭਾਵਨਾਵਾਂ ਦੇਖ ਰਹੇ ਹਾਂ। ਉਨ੍ਹਾਂ ਨੇ ਗਾਂ ਦੇ ਗੋਹੇ ਤੋਂ ਬਾਇਓ-ਸੀਐਨਜੀ ਬਣਾਉਣ ਦੇ ਫ਼ਾਇਦਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਊਰਜਾ ਦੇ ਰੂਪ 'ਚ ਇਸ ਦੀ ਵਰਤੋਂ ਕਰਾਂਗੇ, ਜਿਸ ਨਾਲ ਲਾਭ ਵੀ ਮਿਲੇਗਾ। ਉੱਘੇ ਖੇਤੀ ਅਰਥ ਸ਼ਾਸਤਰੀ ਰਮੇਸ਼ ਚੰਦ ਨੇ ਕਿਹਾ ਕਿ ਆਵਾਰਾ ਪਸ਼ੂਆਂ ਨੂੰ ਖੁੱਲ੍ਹੇ 'ਚ ਛੱਡਣਾ ਵੀ ਫ਼ਸਲਾਂ ਲਈ ਹਾਨੀਕਾਰਕ ਹੈ। ਇਸ ਲਈ ਅਸੀਂ ਗਊਸ਼ਾਲਾ ਅਰਥਚਾਰੇ 'ਤੇ ਕੰਮ ਕਰ ਰਹੇ ਹਾਂ। ਨੈਸ਼ਨਲ ਡੇਅਰੀ ਵਿਕਾਸ ਬੋਰਡ ਅਨੁਸਾਰ ਭਾਰਤ 'ਚ ਸਾਲ 2019 'ਚ 19.25 ਕਰੋੜ ਗਊਆਂ ਤੇ 10.99 ਕਰੋੜ ਮੱਝਾਂ ਸਨ, ਜਿਸ ਨਾਲ ਕੁੱਲ ਗਊਆਂ ਦੀ ਆਬਾਦੀ 30.23 ਕਰੋੜ ਹੋ ਗਈ ਹੈ।
ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਮਾਲਕਾਂ ਵੱਲੋਂ ਛੱਡੇ ਗਏ ਪਸ਼ੂਆਂ ਦੀ ਸਮੱਸਿਆ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਵਿਰੋਧੀ ਪਾਰਟੀਆਂ ਵੱਲੋਂ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਆਪਣੀਆਂ ਜਨਤਕ ਰੈਲੀਆਂ 'ਚ ਕਿਹਾ ਸੀ ਕਿ ਜੇਕਰ 10 ਮਾਰਚ ਨੂੰ ਮੁੜ ਸਰਕਾਰ ਬਣੀ ਤਾਂ ਇਹ ਸੰਕਟ ਦੂਰ ਹੋ ਜਾਵੇਗਾ। ਅਜਿਹੇ ਪ੍ਰਬੰਧ ਕੀਤੇ ਜਾਣਗੇ, ਜਿਸ ਤਹਿਤ ਪਸ਼ੂ ਪਾਲਕ ਗੋਹੇ ਤੋਂ ਕਮਾਈ ਕਰ ਸਕਣ। ਪੂਰੇ ਉੱਤਰ ਪ੍ਰਦੇਸ਼ 'ਚ ਬਾਇਓ ਗੈਸ ਪਲਾਂਟਾਂ ਦਾ ਇੱਕ ਨੈੱਟਵਰਕ ਵੀ ਬਣਾਇਆ ਜਾ ਰਿਹਾ ਹੈ।