(Source: ECI/ABP News/ABP Majha)
ਮੱਝ ਦਾ ਦੁੱਧ ਵੇਚ ਕੇ ਇਹ ਵਿਦਿਆਰਥਣ ਕਮਾ ਰਹੀ 72 ਲੱਖ ਰੁਪਏ, ਪੜ੍ਹੋ 23 ਸਾਲਾ ਕੁੜੀ ਦੀ ਕਹਾਣੀ
ਸ਼ਰਧਾ ਧਵਨ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹਾ ਹੈੱਡਕੁਆਰਟਰ ਤੋਂ 60 ਕਿਲੋਮੀਟਰ ਦੂਰ ਪਿੰਡ ਨਿਘੋਜ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਸਤਿਆਵਾਨ ਧਵਨ ਮੱਝਾਂ ਦਾ ਕਾਰੋਬਾਰ ਕਰਦੇ ਸਨ।
ਮੁੰਬਈ : ਛੋਟੀ ਉਮਰ 'ਚ ਵੱਡੀ ਸਫਲਤਾ ਹਾਸਲ ਕਰਨ ਵਾਲੀ ਇਸ ਲੜਕੀ ਦਾ ਨਾਂ ਹੈ ਸ਼ਰਧਾ ਧਵਨ। ਸਿਰਫ਼ 23 ਸਾਲ ਦੀ ਉਮਰ 'ਚ ਉਸ ਨੇ 72 ਲੱਖ ਰੁਪਏ ਸਾਲਾਨਾ ਕਮਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਉਹ ਵੀ ਮੱਝਾਂ ਦਾ ਦੁੱਧ ਵੇਚ ਕੇ। ਜਦਕਿ ਅੱਜ-ਕੱਲ੍ਹ ਪੜ੍ਹੇ-ਲਿਖੇ ਨੌਜਵਾਨ ਪਸ਼ੂ ਪਾਲਣ ਵਰਗੇ ਕਿੱਤੇ ਨੂੰ ਅਪਣਾਉਣ ਤੋਂ ਕੰਨੀ ਕਤਰਾਉਂਦੇ ਹਨ। ਸ਼ਰਧਾ ਧਵਨ ਦੀ ਕਹਾਣੀ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ, ਜੋ ਸੋਚਦੇ ਹਨ ਕਿ ਖੇਤੀ ਜਾਂ ਪਸ਼ੂ ਪਾਲਣ ਕਰਕੇ ਰੋਜ਼ੀ-ਰੋਟੀ ਕਮਾਉਣਾ ਮੁਸ਼ਕਲ ਹੈ। ਸ਼ਰਧਾ ਧਵਨ ਉਨ੍ਹਾਂ ਮੁਟਿਆਰਾਂ ਲਈ ਰੋਲ ਮਾਡਲ ਹੈ ਜੋ ਪਰਿਵਾਰ ਦੇ ਸਾਲਾਂ ਪੁਰਾਣੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਚਦੀਆਂ ਹਨ।
ਸ਼ਰਧਾ ਧਵਨ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹਾ ਹੈੱਡਕੁਆਰਟਰ ਤੋਂ 60 ਕਿਲੋਮੀਟਰ ਦੂਰ ਪਿੰਡ ਨਿਘੋਜ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਸਤਿਆਵਾਨ ਧਵਨ ਮੱਝਾਂ ਦਾ ਕਾਰੋਬਾਰ ਕਰਦੇ ਸਨ। ਉਸ ਦੇ ਪਿਤਾ ਅਪਾਹਜ਼ ਹੋਣ ਕਾਰਨ ਉਨ੍ਹਾਂ ਨੂੰ ਮੱਝਾਂ ਦਾ ਦੁੱਧ ਵੇਚਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਲ 2011 ਤੱਕ ਪਿਤਾ ਨੇ ਆਪਣਾ ਪੁਰਾਣਾ ਕੰਮ ਛੱਡ ਦਿੱਤਾ ਅਤੇ ਉਸ ਸਮੇਂ ਸਿਰਫ਼ 11 ਸਾਲ ਦੀ ਬੇਟੀ ਸ਼ਰਧਾ ਧਵਨ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ।
ਛੋਟੀ ਉਮਰ 'ਚ ਮੋਟਰਸਾਈਕਲ ਚਲਾਉਣਾ ਸਿੱਖ ਲਿਆ
ਸ਼ਰਧਾ ਧਵਨ ਦਾ ਕਹਿਣਾ ਹੈ ਕਿ ਭਰਾ ਛੋਟਾ ਸੀ ਅਤੇ ਪਿਤਾ ਮੋਟਰਸਾਈਕਲ ਚਲਾਉਣ ਦੀ ਸਥਿਤੀ 'ਚ ਨਹੀਂ ਸਨ। ਉਹ ਆਪਣੇ ਪਿਤਾ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੁੰਦੀ ਸੀ। ਇਸੇ ਲਈ ਮੈਂ ਸਭ ਤੋਂ ਪਹਿਲਾਂ ਮੋਟਰਸਾਈਕਲ ਚਲਾਉਣੀ ਸਿੱਖੀ। ਸਵੇਰੇ ਜਦੋਂ ਮੇਰੇ ਜਮਾਤੀ ਸਕੂਲ ਜਾਣ ਦੀ ਤਿਆਰੀ ਕਰ ਰਹੇ ਹੁੰਦੇ ਸਨ ਤਾਂ ਮੈਂ ਮੋਟਰਸਾਈਕਲ 'ਤੇ ਆਸ-ਪਾਸ ਦੇ ਪਿੰਡਾਂ ਨੂੰ ਦੁੱਧ ਵੰਡ ਰਹੀ ਹੁੰਦੀ ਸੀ। ਉਸ ਤੋਂ ਬਾਅਦ ਸਕੂਲ ਜਾਂਦੀ ਸੀ।
ਸ਼ਰਧਾ ਧਵਨ ਦੀ ਮੰਨੀਏ ਤਾਂ ਪਿਤਾ ਕੋਲ 1998 'ਚ 6 ਮੱਝਾਂ ਸਨ। ਫਿਰ ਜਦੋਂ ਧੀ ਦੇ ਹੱਥਾਂ 'ਚ ਵਾਗਡੋਰ ਆਈ ਤਾਂ ਧਵਨ ਪਰਿਵਾਰ ਦੇ ਇਸ ਡੇਅਰੀ ਫਾਰਮ ਦਾ ਨਾਂਅ ਸ਼ਰਧਾ ਐਨੀਮਲ ਪ੍ਰਮੋਸ਼ਨ ਐਂਡ ਮਿਲਕ ਬਿਜ਼ਨੈੱਸ ਟ੍ਰੇਨਿੰਗ ਸੈਂਟਰ ਨਿਘੋਜ ਰੱਖਿਆ ਅਤੇ ਮੱਝਾਂ ਦੀ ਗਿਣਤੀ 80 ਹੋ ਗਈ।
ਦੋ ਮੰਜ਼ਿਲਾ ਪਸ਼ੂ ਸ਼ੈੱਡ ਬਣਵਾਇਆ
ਸ਼ਰਧਾ ਐਨੀਮਲ ਪ੍ਰਮੋਸ਼ਨ ਐਂਡ ਮਿਲਕ ਬਿਜ਼ਨੈੱਸ ਟ੍ਰੇਨਿੰਗ ਸੈਂਟਰ ਨਿਘੋਜ 'ਚ 2 ਮੰਜ਼ਿਲਾ ਪਸ਼ੂ ਸ਼ੈੱਡ ਬਣਿਆ ਹੋਇਆ ਹੈ। ਮਜ਼ਦੂਰਾਂ ਦੀ ਵੀ ਵੱਡੀ ਫ਼ੌਜ ਹੈ। ਇੱਥੋਂ ਰੋਜ਼ਾਨਾ 450 ਲੀਟਰ ਦੁੱਧ ਵੇਚਿਆ ਜਾ ਰਿਹਾ ਹੈ। ਸ਼ਰਧਾ 6 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਇੱਕ ਸਾਲ 'ਚ 72 ਲੱਖ ਰੁਪਏ ਕਮਾ ਰਹੀ ਹੈ।
ਫਿਜ਼ਿਕਸ 'ਚ ਮਾਸਟਰਜ਼ ਕਰ ਰਹੀ ਹੈ ਸ਼ਰਧਾ ਧਵਨ
ਦੱਸ ਦੇਈਏ ਕਿ ਸ਼ਰਧਾ ਧਵਨ ਨੇ ਸਾਲ 2020 'ਚ ਆਪਣੀ ਬੈਚਲਰ ਡਿਗਰੀ ਪੂਰੀ ਕਰ ਲਈ ਸੀ। ਉਹ ਫਿਲਹਾਲ ਫਿਜ਼ਿਕਸ 'ਚ ਮਾਸਟਰਜ਼ ਕਰ ਰਹੀ ਹੈ। ਉਹ ਇਸ ਵਿਸ਼ੇ 'ਤੇ ਵਿਦਿਆਰਥੀਆਂ ਨੂੰ ਆਨਲਾਈਨ ਗੈਸਟ ਲੈਕਚਰ ਵੀ ਦਿੰਦੀ ਹੈ। ਸਾਲ 2015 'ਚ ਸ਼ਰਧਾ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਉਦੋਂ ਰੋਜ਼ਾਨਾ ਸਿਰਫ਼ 150 ਲੀਟਰ ਦੁੱਧ ਹੀ ਵੇਚ ਰਹੀ ਸੀ ਅਤੇ ਮੱਝਾਂ ਵੀ 45 ਦੀ ਸਨ। ਹੁਣ ਦੋਵਾਂ ਮਾਮਲਿਆਂ 'ਚ ਵਾਧਾ ਹੋਇਆ ਹੈ।