ਹੁਣ ਫਿਰ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਪੀਐਮ ਮੋਦੀ, ਇਨ੍ਹਾਂ ਗੱਲਾਂ 'ਤੇ ਕਰਨਗੇ ਵਿਚਾਰ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਕ ਵਾਰ ਫਿਰ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਇਹ ਬੈਠਕ 17 ਮਾਰਚ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਮੀਟਿੰਗ ਦੌਰਾਨ ਵੈਕਸੀਨੇਸ਼ਨ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਕ ਵਾਰ ਫਿਰ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਇਹ ਬੈਠਕ 17 ਮਾਰਚ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਮੀਟਿੰਗ ਦੌਰਾਨ ਵੈਕਸੀਨੇਸ਼ਨ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਘਾਤਕ ਕੋਰੋਨਾਵਾਇਰਸ (Coronavirus) ਦੀ ਮਹਾਮਾਰੀ (Pandemic) ਦੇਸ਼ ’ਚ ਆਪਣਾ ਸ਼ਿਕੰਜਾ ਇੱਕ ਵਾਰ ਫਿਰ ਕੱਸਦੀ ਜਾ ਰਹੀ ਹੈ। ਅੱਜ ਦੇਸ਼ ’ਚ ਇੱਕੋ ਦਿਨ ਵਿੱਚ ਇਸ ਸਾਲ ਦੇ ਰਿਕਾਰਡ 26,291 ਮਾਮਲੇ ਦਰਜ ਕੀਤੇ ਗਏ। ਇਹ ਤਾਜ਼ਾ ਅੰਕੜਾ ਸਿਰਫ਼ 24 ਘੰਟਿਆਂ ਦਾ ਹੈ। ਇਸ ਮਹਾਮਾਰੀ (Pandemic) ਕਾਰਣ ਇਸੇ ਦੌਰਾਨ 118 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਕੱਲ੍ਹ 25,320 ਮਾਮਲੇ ਸਾਹਮਣੇ ਆਏ ਸਨ।
ਉੱਧਰ ਹੁਣ ਤੱਕ ਦੇਸ਼ ਵਿੱਚ ਦੋ ਕਰੋੜ 99 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਦੇਸ਼ ਵਿੱਚ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ ਇੱਕ ਕਰੋੜ 13 ਲੱਖ 85 ਹਜ਼ਾਰ 339 ਤੱਕ ਪੁੱਜ ਗਈ ਹੈ। ਵਾਇਰਸ ਦੀ ਲਾਗ ਤੋਂ ਠੀਕ ਹੋਣ ਪਿੱਛੋਂ ਹਸਪਤਾਲਾਂ ਤੋਂ ਛੁੱਟੀ ਲੈ ਕੇ ਘਰਾਂ ਨੂੰ ਜਾ ਚੁੱਕੇ ਮਾਮਲਿਆਂ ਦੀ ਗਿਣਤੀ 1 ਕਰੋੜ 10 ਲੱਖ 7 ਹਜ਼ਾਰ 352 ਹੈ। ਕੱਲ੍ਹ 17,455 ਲੋਕ ਡਿਸਚਾਰਜ ਹੋਏ।
ਭਾਰਤੀ ਮੈਡੀਕਲ ਖੋਜ ਕੌਂਸਲ (ICMR) ਨੇ ਟਵੀਟ ਕਰ ਕੇ ਦੱਸਿਆ ਕਿ ਦੇਸ਼ ਵਿੱਚ ਕੱਲ੍ਹ ਤੱਕ ਕੋਰੋਨਾ ਵਾਇਰਸ ਲਈ ਕੁੱਲ 22 ਕਰੋੜ 74 ਲੱਖ 7 ਹਜ਼ਾਰ 413 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ; ਜਿਨ੍ਹਾਂ ਵਿੱਚੋਂ 78 ਲੱਖ 3 ਹਜ਼ਾਰ 772 ਸੈਂਪਲ ਕੱਲ੍ਹ ਟੈਸਟ ਕੀਤੇ ਗਏ।
ਮਹਾਰਾਸ਼ਟਰ, ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਵੀ ਮਾਮਲੇ ਵਧ ਰਹੇ ਹਨ। ਇਸੇ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਰਾਜਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ, ਜਿੱਥੇ ਹਾਲੇ ਤੱਕ ਹਾਲਾਤ ਕਾਬੂ ਹੇਠ ਹਨ।