ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਛੱਡ ਦਰਜਨਾਂ ਲੀਡਰ 'ਆਪ' 'ਚ ਸ਼ਾਮਿਲ, ਚੀਮਾ ਨੇ ਕੀਤਾ ਵੱਡਾ ਦਾਅਵਾ
ਆਮ ਆਦਮੀ ਪਾਰਟੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਰਜਨਾਂ ਲੀਡਰ ਪਾਰਟੀ ਵਿੱਚ ਸ਼ਾਮਲ ਹੋ ਗਏ। ਫਾਜ਼ਿਲਕਾ, ਪਠਾਨਕੋਟ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਮੋਹਾਲੀ, ਅੰਮ੍ਰਿਤਸਰ ਤੇ ਮੋਗਾ ਜ਼ਿਲ੍ਹਿਆਂ ਤੋਂ ਆਮ ਆਦਮੀ ਪਾਰਟੀ 'ਚ ਹੋਰ ਲੀਡਰ ਸ਼ਾਮਿਲ ਹੋਏ ਹਨ।
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਰਜਨਾਂ ਲੀਡਰ ਪਾਰਟੀ ਵਿੱਚ ਸ਼ਾਮਲ ਹੋ ਗਏ। ਫਾਜ਼ਿਲਕਾ, ਪਠਾਨਕੋਟ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਮੋਹਾਲੀ, ਅੰਮ੍ਰਿਤਸਰ ਤੇ ਮੋਗਾ ਜ਼ਿਲ੍ਹਿਆਂ ਤੋਂ ਆਮ ਆਦਮੀ ਪਾਰਟੀ 'ਚ ਹੋਰ ਲੀਡਰ ਸ਼ਾਮਿਲ ਹੋਏ ਹਨ। ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਰਾਜਨੀਤਿਕ ਪਾਰਟੀਆਂ ਦੇ ਦਰਜਨਾਂ ਲੀਡਰਾਂ ਨੇ ਵੱਖ ਵੱਖ ਗਰੁੱਪਾਂ ਰਾਹੀਂ ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪਾਰਟੀ 'ਚ ਸ਼ਮੂਲੀਅਤ ਕੀਤੀ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾਂ, ਸਾਬਕਾ ਪ੍ਰਧਾਨ ਅਕਾਲੀ ਦਲ ਸਟੂਡੈਂਟ ਵਿੰਗ ਅਤੇ ਹਲਕਾ ਸੇਵਾਦਾਰ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋਏ ਹਨ। ਜਦਕਿ ਤਰਨਤਾਰਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਜਗਜੀਤ ਸਿੰਘ ਭੁੱਲਰ ਅਤੇ ਖੇਮਕਰਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਸੰਗਾਰਾ ਸਿੰਘ ਨੇ ਵੀ ਆਪ 'ਚ ਸ਼ਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਹਰਦਿਆਲ ਸਿੰਘ ਗਜਨੀਪੁਰ, ਮੋਗਾ ਤੋਂ ਬਲਰਾਮ ਸਿੰਘ ਬਾਲੀ, ਅੰਮ੍ਰਿਤਸਰ ਤੋਂ ਸ੍ਰੀਮਤੀ ਰਾਜ ਬੇਦੀ ਅਨੰਦ ਅਤੇ ਖਜਾਨ ਸਿੰਘ ਰੰਧਾਵਾ, ਦੀਨਾਨਗਰ ਤੋਂ ਤਸਵੀਰ ਚੰਦ, ਪਠਾਨਕੋਟ ਤੋਂ ਅਸ਼ੋਕ ਕੁਮਾਰ, ਜ਼ੀਰਕਪੁਰ ਮੋਹਾਲੀ ਤੋਂ ਸੋਨਾਲੀ ਪੰਡਿਤ, ਸੁਜਾਨਪੁਰ ਤੋਂ ਬਿਸ਼ਨ ਬਾਬਾ, ਖਡੂਰ ਸਾਹਿਬ ਤੋਂ ਸੇਰ ਸਿੰਘ ਗਿੱਲ, ਜਲੰਧਰ ਤੋਂ ਮੀਰਾ ਬੁਧਾਨੀਆ, ਖਰੜ ਤੋਂ ਰਾਜਪਾਲ ਸਿੰਘ, ਤਰਨਤਾਰਨ ਤੋਂ ਮੇਜਰ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਹਰਪਾਲ ਸਿੰਘ ਚੀਮਾ ਨੇ ਪਾਰਟੀ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾ ਦੀ ਅਗਵਾਈ ਵਿੱਚ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਆਗੂ ਪਾਰਟੀ ਸ਼ਾਮਲ ਹੋਏ ਹਨ, ਜਿਸ ਨਾਲ ਇਸ ਫਾਜ਼ਿਲਕਾ 'ਚ ਅਕਾਲੀ ਦਲ ਬਾਦਲ ਦਾ ਸਫ਼ਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਖ਼ੁਸ਼ ਹੋ ਕੇ ਆਪ ਵਿੱਚ ਸ਼ਾਮਲ ਹੋ ਰਹੇ ਅਤੇ ਉਨ੍ਹਾਂ ਨੂੰ ਉਮੀਦ ਹੈ ਆਮ ਲੋਕਾਂ ਦੇ ਧੀਆਂ ਪੁੱਤ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਸਰਕਾਰ ਬਣਾਉਣਗੇ।
ਇਸ ਮੌਕੇ ਪਾਰਟੀ ਦੇ ਆਗੂ ਲਾਲ ਚੰਦ ਕਟਾਰੂਚੱਕ, ਜਗਦੀਪ ਗੋਲਡੀ ਕੰਬੋਜ, ਦੀਪ ਕੰਬੋਜ, ਬਲਜੀਤ ਸਿੰਘ ਖਹਿਰਾ, ਨਵਦੀਪ ਸੰਘਾ, ਜਸਵੀਰ ਸਿੰਘ ਸੁਰ ਸਿੰਘ, ਅਸ਼ੋਕ ਤਲਵਾਰ ਅਤੇ ਮਨਜਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।