ਪੰਜਾਬ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ ਬਾਦਲ ਅਤੇ ਕਾਂਗਰਸ, 'ਆਪ' ਨੇ ਖੜ੍ਹੇ ਕੀਤੇ ਸਵਾਲ
ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਪੱਟੀ ਵਿੱਚ ਦੌਰਿਆਂ ਨੂੰ ਨਿਰੋਲ ਡਰਾਮਾ ਕਰਾਰ ਦਿੱਤਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਪੱਟੀ ਵਿੱਚ ਦੌਰਿਆਂ ਨੂੰ ਨਿਰੋਲ ਡਰਾਮਾ ਕਰਾਰ ਦਿੱਤਾ ਹੈ। ਆਪ ਨੇ ਦਲੀਲ ਦਿੱਤੀ, ਚਿੱਟੀ ਮੱਖੀ ਦੇ ਨਿਰਮਾਤਾ ਤੇ ਜਨਮਦਾ ਬਾਦਲ ਕਿਸ ਨੈਤਿਕਤਾ ਨਾਲ ਕਾਂਗਰਸ ਦੀ ਗੁਲਾਬੀ ਸੁੰਡੀ ਬਾਰੇ ਬੋਲ ਰਹੇ ਹਨ। ਅਜਿਹੇ ਡਰਾਮੇ ਉਨ੍ਹਾਂ ਪੀੜਤ ਪਰਿਵਾਰਾਂ ਦੇ ਅਜੇ ਤੱਕ ਅੱਲੇ ਪਏ ਜ਼ਖ਼ਮਾਂ 'ਤੇ ਲੂਣ ਛਿੜਕਣ ਵਰਗੇ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸਾਨ 2015 ਵਿਚ ਚਿੱਟੀ ਮੱਖੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਵੇਖ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਏ ਸਨ।"
ਕੁਲਤਾਰ ਸਿੰਘ ਸੰਧਵਾਂ ਕਿਹਾ, ਜਿਵੇਂ ਸੁੰਡੀਆਂ ਆਪਣਾ ਰੰਗ-ਰੂਪ ਬਦਲ ਕੇ ਫ਼ਸਲਾਂ ਦਾ ਨੁਕਸਾਨ ਕਰ ਰਹੀਆਂ ਹਨ, ਠੀਕ ਉਸੇ ਤਰ੍ਹਾਂ ਕਾਂਗਰਸ, ਭਾਜਪਾ ਅਤੇ ਬਾਦਲਾਂ ਨੇ ਖੇਤੀਬਾੜੀ ਅਤੇ ਕਿਸਾਨੀ ਦਾ ਹਰ ਵਾਰ ਇੱਕ-ਦੂਜੇ ਨਾਲੋਂ ਵੱਧ ਕੇ ਨੁਕਸਾਨ ਕੀਤਾ।" ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਕੋਲੋਂ ਕਿਸਾਨਾਂ ਸਮੇਤ ਕੋਈ ਵੀ ਵਰਗ ਭਲੇ ਦੀ ਉਮੀਦ ਨਹੀਂ ਕਰ ਸਕਦਾ, ਕਿਉਂਕਿ ਇਨ੍ਹਾਂ ਦੇ ਮਨ ਅਤੇ ਨੀਅਤ ਵਿੱਚ ਖੋਟ ਹੈ।
ਉਨ੍ਹਾਂ ਕਿਹਾ ਕਿ ਜੇਕਰ ਨੀਅਤ ਅਤੇ ਨੀਤੀ ਸਾਫ ਹੁੰਦੀ ਤਾਂ ਪੰਜਾਬ ਨੂੰ ਸੱਚ-ਮੁੱਚ ਕੈਲੇਫੋਰਨੀਆ ਬਣਾ ਦਿੱਤਾ ਗਿਆ ਹੁੰਦਾ, ਪਰ ਇਨ੍ਹਾਂ ਨੇ ਤਾਂ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸੱਤਾ 'ਤੇ ਕਾਂਗਰਸੀਆਂ ਅਤੇ ਬਾਦਲਾਂ ਦਾ ਹੀ ਕਬਜ਼ਾ ਰਿਹਾ। 5 ਵਾਰ ਦੇ ਮੁੱਖ ਮੰਤਰੀ ਦੇ ਸਿਆਸਤਦਾਨ ਪੁੱਤਰ ਹੋਣ ਦੇ ਨਾਤੇ ਕੀ ਸੁਖਬੀਰ ਸਿੰਘ ਬਾਦਲ ਦੱਸਣਗੇ ਕਿ ਕਿਸਾਨ ਅਤੇ ਕਿਸਾਨੀ ਸੰਕਟ ਲਈ ਅਸਲ ਜ਼ਿੰਮੇਵਾਰ ਕੌਣ ਹੈ ਅਤੇ ਉਨ੍ਹਾਂ ਨੇ ਆਪਣੇ ਸ਼ਾਸਨ ਦੌਰਾਨ ਕਿਸਾਨਾਂ ਅਤੇ ਖੇਤੀਬਾੜੀ ਨੂੰ ਸੰਕਟ ਚੋਂ ਕੱਢਣ ਲਈ ਕੀ ਕਦਮ ਚੁੱਕੇ ਸਨ?
ਸੰਧਵਾਂ ਨੇ ਕਿਹਾ ਨਰਮੇਂ ਦੇ ਖੇਤਾਂ ਵਿਚ ਖੜੇ ਹੋ ਕੇ ਅੱਜ ਮੁਆਵਜ਼ੇ ਦੀ ਮੰਗ ਕਰ ਰਹੇ ਸੁਖਬੀਰ ਸਿੰਘ ਬਾਦਲ ਦਸਤਾਵੇਜ਼ੀ ਰਿਕਾਰਡ ਦਿਖਾ ਕੇ ਲੋਕਾਂ ਨੂੰ ਦੱਸਣ ਕਿ 2015 ਵਿੱਚ ਚਿੱਟੀ ਮੱਖੀ ਦੀ ਮਾਰ ਥੱਲੇ ਆਏ ਕਿਸਾਨਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਪ੍ਰਤੀ ਏਕੜ ਕਿੰਨੇ ਰੁਪਏ ਦਾ ਮੁਆਵਜ਼ਾ ਅਤੇ ਕਿੰਨੇ ਕਿਸਾਨਾਂ ਨੂੰ ਦਿੱਤਾ ਸੀ? ਇਹ ਵੀ ਦੱਸਣ ਕਿ ਚਿੱਟੀ ਮੱਖੀ ਘੁਟਾਲੇ ਦੇ ਦੋਸ਼ੀਆਂ ਨੂੰ ਕੀ ਸਜਾ ਦਿੱਤੀ ਸੀ? ਕੁਲਤਾਰ ਸਿੰਘ ਸੰਧਵਾਂ ਨੇ ਸਵਾਲ ਕੀਤਾ ਹੈ ਕਿ ਕਿਸਾਨਾਂ ਦਾ ਮਸੀਹਾ ਸੱਤਾ ਤੋਂ ਬਾਹਰ ਹੋ ਕੇ ਹੀ ਕਿਸਾਨਾਂ ਕੋਲ ਜਾਂਦਾ ਹੈ? ਕੁਲਤਾਰ ਸਿੰਘ ਸੰਧਵਾਂ ਨੇ ਨਾਲ ਹੀ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕੇ ਬਾਦਲ ਵਰਗੇ ਸਾਰੇ ਸਵਾਰਥੀ ਸਿਆਸਤਦਾਨਾਂ ਨੂੰ ਸੱਤਾ ਤੋਂ ਹਮੇਸ਼ਾ ਦੂਰ ਰੱਖਿਆ ਜਾਵੇ।