ਲਖੀਮਪੁਰ ਖੀਰੀ ਕਾਂਡ ਮਗਰੋਂ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਵੱਡਾ ਐਲਾਨ
ਰਾਕੇਸ਼ ਟਿਕੈਤ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੁਝ ਲੋਕ ਉਨ੍ਹਾਂ ਉੱਪਰ ਬੀਜੇਪੀ ਨਾਲ ਸਮਝੌਤਾ ਕਰਨ ਦੇ ਇਲਜ਼ਾਮ ਲਾ ਰਹੇ ਹਨ।
ਮੁਜ਼ੱਫਰਨਗਰ: ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਮੁੜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਤੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੇ ਜਾਣ ਸਣੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਰਾਕੇਸ਼ ਟਿਕੈਤ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੁਝ ਲੋਕ ਉਨ੍ਹਾਂ ਉੱਪਰ ਬੀਜੇਪੀ ਨਾਲ ਸਮਝੌਤਾ ਕਰਨ ਦੇ ਇਲਜ਼ਾਮ ਲਾ ਰਹੇ ਹਨ।
ਟਿਕੈਤ ਨੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਇੱਕ ਸਾਲ ਤੋਂ ਜਾਰੀ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਪ੍ਰਦਰਸ਼ਨ ਵਿੱਚ 750 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਤੇ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਇਸ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਦੀ ਭਾਜਪਾ ਸਰਕਾਰ ਸਿਰਫ਼ ਉਦਯੋਗਪਤੀਆਂ ਦਾ ਪੱਖ ਪੂਰਦੀ ਹੈ।
ਉਧਰ, ਲਖੀਮਪੁਰ ਖੀਰੀ ਕਾਂਡ ਮਗਰੋਂ ਸੱਤਾ ਧਿਰ ਬੀਜੇਪੀ ਪੂਰੇ ਦੇਸ਼ ਵਿੱਚ ਕਸੂਤੀ ਘਿਰ ਗਈ ਹੈ। ਲਖੀਮਪੁਰ ਖੀਰੀ ਵਿੱਚ ਹੋਈ ਚਾਰ ਕਿਸਾਨਾਂ ਦੀ ਹੱਤਿਆ ਦੇ ਵਿਰੋਧ ਵਿੱਚ ਅੱਜ ਮਹਾਰਾਸ਼ਟਰ ਵਿੱਚ ਤਿੰਨ ਸੱਤਾਧਿਰ ਪਾਰਟੀਆਂ ਵੱਲੋਂ ਬੰਦ ਕੀਤਾ ਗਿਆ। ਮਹਾਰਾਸ਼ਟਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਮੁੰਬਈ ਤੇ ਇਸ ਦੀਆਂ ਨੇੜਲੀਆਂ ਥਾਵਾਂ ’ਤੇ ਬੱਸ ਸੇਵਾ ਬੰਦ ਤੇ ਜ਼ਿਆਦਾਤਰ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ।
ਹਾਸਲ ਰਿਪੋਰਟਾਂ ਮੁਤਾਬਕ ਕੁਝ ਥਾਵਾਂ ’ਤੇ ਪਥਰਾਅ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ (ਬੈਸਟ) ਦੀਆਂ ਬੱਸ ਸੇਵਾਵਾਂ ਅੱਜ ਮੁਬੰਈ ਵਿਚ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੈਸਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਵੇਰੇ-ਸਵੇਰੇ ਧਾਰਾਵੀ, ਮਨਾਖੁਰਦ, ਸ਼ਿਵਾਜੀ ਨਗਰ, ਚਾਰਕੋਪ, ਓਸ਼ੀਵਰਾ, ਦੇਵਨਾਰ ਤੇ ਇਨਓਰਬਿਟ ਮਾਲ ਦੇ ਨੇੜੇ ਨੌਂ ਬੱਸਾਂ ਨੁਕਸਾਨੀਆਂ ਗਈਆਂ।
ਇਨ੍ਹਾਂ ਵਿਚ ਕਿਰਾਏ ’ਤੇ ਲਈ ਇਕ ਬੱਸ ਵੀ ਸ਼ਾਮਲ ਹੈ। ਬਿਆਨ ਵਿਚ ਕਿਹਾ ਗਿਆ, ‘‘ਬੈਸਟ ਪ੍ਰਸ਼ਾਸਨ ਨੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਸਥਿਤੀ ਦੀ ਸਮੀਖਿਆ ਤੋਂ ਬਾਅਦ ਹੀ ਸਾਰੇ ਡਿੱਪੂਆਂ ਤੋਂ ਬੱਸਾਂ ਚਲਾਈਆਂ ਜਾਣਗੀਆਂ।’’ ਬੱਸਾਂ ਬੰਦ ਹੋਣ ਕਾਰਨ ਸਬ-ਅਰਬਨ ਰੇਲਵੇ ਸਟੇਸ਼ਨਾਂ ’ਤੇ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ।