ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਮਗਰੋਂ ਹਰੀਸ਼ ਰਾਵਤ ਵੱਲੋਂ ਵੱਡਾ ਐਲਾਨ
ਉੱਤਰਾਖੰਡ (Uttarakhand) 'ਚ ਕਾਂਗਰਸ ਦੇ ਪ੍ਰਚਾਰ ਇੰਚਾਰਜ ਹਰੀਸ਼ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਦਲਿਤ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਰੂਪ 'ਚ ਵੇਖਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਪਾਰਟੀ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰੇਗੀ।
Uttarakhand Assembly Elections 2022: ਉੱਤਰਾਖੰਡ (Uttarakhand) 'ਚ ਕਾਂਗਰਸ ਦੇ ਪ੍ਰਚਾਰ ਇੰਚਾਰਜ ਹਰੀਸ਼ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਦਲਿਤ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਰੂਪ 'ਚ ਵੇਖਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਪਾਰਟੀ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰੇਗੀ। ਪਾਰਟੀ ਦੀ ਪਰਿਵਰਤਨ ਯਾਤਰਾ ਦੌਰਾਨ ਹਰਿਦੁਆਰ ਜ਼ਿਲ੍ਹੇ ਦੇ ਲਕਸ਼ਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਵਤ ਨੇ ਕਿਹਾ ਕਿ ਕਾਂਗਰਸ ਨੇ ਦਲਿਤ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਪੰਜਾਬ 'ਚ ਇਤਿਹਾਸ ਸਿਰਜਿਆ ਹੈ।
ਰਾਵਤ ਨੇ ਕਿਹਾ, "ਕਾਂਗਰਸ ਨੇ ਗਾਂ ਦੇ ਗੋਹੇ ਨਾਲ ਪਾਥੀਆਂ ਬਣਾਉਣ ਵਾਲੀ ਔਰਤ ਦੇ ਬੇਟੇ ਨੂੰ ਮੁੱਖ ਮੰਤਰੀ ਬਣਾ ਕੇ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿੱਚ ਇਤਿਹਾਸ ਸਿਰਜਿਆ ਹੈ।" ਪੰਜਾਬ ਕਾਂਗਰਸ ਦੇ ਏਆਈਸੀਸੀ ਮੁਖੀ ਹਰੀਸ਼ ਰਾਵਤ ਨੇ ਕਿਹਾ, "ਜਦੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਇੱਕ ਪ੍ਰੈਸ ਕਾਨਫਰੰਸ 'ਚ ਆਪਣੇ ਗਰੀਬ ਪਰਿਵਾਰ ਬਾਰੇ ਦੱਸ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਗਏ।"
ਉਨ੍ਹਾਂ ਨੇ ਦਲਿਤ ਦੇ ਬੇਟੇ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣ ਲਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਤਿਹਾਸ 'ਚ ਅਜਿਹੇ ਮੌਕੇ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਜਦੋਂ ਅਜਿਹੀ ਉਦਾਹਰਣ ਪੇਸ਼ ਕੀਤੀ ਗਈ ਹੋਵੇ।
ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ, "ਮੈਂ ਰੱਬ ਅਤੇ ਮਾਂ ਗੰਗਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਆਪਣੇ ਜੀਵਨ ਕਾਲ 'ਚ ਕਿਸੇ ਦਲਿਤ ਦੇ ਪੁੱਤਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਰੂਪ 'ਚ ਦੇਖਣ ਦਾ ਮੌਕਾ ਮਿਲੇ। ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਾਂਗੇ।"
ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਦਲਿਤ ਭਾਈਚਾਰੇ ਦੇ ਪਹਿਲੇ ਵਿਅਕਤੀ
ਦੱਸ ਦੇਈਏ ਕਿ ਪੰਜਾਬ 'ਚ ਸੀਨੀਅਰ ਕਾਂਗਰਸੀ ਨੇਤਾ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਦਲਿਤ ਭਾਈਚਾਰੇ ਦੇ ਪਹਿਲੇ ਵਿਅਕਤੀ ਹਨ। ਚੰਨੀ ਦਲਿਤ ਸਿੱਖ (ਰਾਮਦਾਸੀਆ ਸਿੱਖ) ਭਾਈਚਾਰੇ 'ਚੋਂ ਆਉਂਦੇ ਹਨ ਤੇ ਅਮਰਿੰਦਰ ਸਰਕਾਰ 'ਚ ਤਕਨੀਕੀ ਸਿੱਖਿਆ ਮੰਤਰੀ ਸਨ।
ਉਹ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ ਸਾਲ 2007 'ਚ ਪਹਿਲੀ ਵਾਰ ਇਸ ਖੇਤਰ ਤੋਂ ਵਿਧਾਇਕ ਬਣੇ ਸਨ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਜਿੱਤ ਦਰਜ ਕੀਤੀ। ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਰਾਜ ਦੌਰਾਨ 2015-16 'ਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਸਨ।