Breaking News LIVE: ਵਿਦੇਸ਼ਾਂ ਤੋਂ ਖਾਲਿਸਤਾਨੀਆਂ ਦੀਆਂ ਧਮਕੀਆਂ, ਕੈਪਟਨ ਨੂੰ ਵੀ ਚੇਤਾਵਨੀ
Punjab Breaking News, 8 August 2021 LIVE Updates: ਖਾਲਿਸਤਾਨ ਪੱਖੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਧਮਕੀ ਦਿੱਤੀ ਹੈ।
Background
Punjab Breaking News, 8 August 2021 LIVE Updates: ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂਖੇੜਾ ਦੀ ਸਨਿੱਚਰਵਾਰ ਦੁਪਹਿਰ ਨੂੰ ਮੁਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੈਕਟਰ-71 ਦੇ ਕਮਿਊਨਿਟੀ ਸੈਂਟਰ ਕੋਲ ਵਾਪਰੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਜਾਣਕਾਰੀ ਅਨੁਸਾਰ ਮਿੱਡੂਖੇੜਾ ਉੱਤੇ ਚਾਰ ਬਦਮਾਸ਼ਾਂ ਨੇ 9 ਰਾਊਂਡ ਫਾਇਰ ਕੀਤੇ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਦੇ ਨਾਂ 'ਤੇ ਬਣੀ ਫੇਸਬੁੱਕ ਆਈਡੀ 'ਤੇ ਫੇਸਬੁੱਕ 'ਤੇ ਲਈ ਗਈ ਹੈ। ਭਾਵ ਗੈਂਗਸਟਰਾਂ ਦੇ ਬੰਬੀਹਾ ਗਰੁੱਪ ਨੇ ਇਹ ਸਪੱਸ਼ਟ ਆਖਿਆ ਹੈ ਕਿ ਇਹ ਕਤਲ ਉਸ ਨੇ ਕੀਤਾ ਹੈ।
ਇਸ ਮਾਮਲੇ 'ਚ ਲਾਰੈਂਸ ਗਰੁੱਪ ਦਾ ਨਾਂ ਸਾਹਮਣੇ ਆ ਰਿਹਾ ਹੈ। ਵਿੱਕੀ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਦੋਸਤੀ ਸੀ, ਪਰ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਟੁੱਟ ਗਿਆ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਦਿਨ ਦੀ ਰੌਸ਼ਨੀ ਵਿੱਚ ਇਹ ਦੁਖਦਾਈ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਿਵੇਂ ਵਿਗੜ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਲਾਰੇਂਸ ਦਾ ਖਾਸ ਹੋਣ ਕਾਰਨ ਬੰਬੀਹਾ ਗਰੁੱਪ ਵੀ ਵਿੱਕੀ ਤੋਂ ਪ੍ਰੇਸ਼ਾਨ ਸੀ। ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਦਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈਡੀ ਵਿੱਚ ਇੱਕ ਪੋਸਟ ਪਾਈ ਗਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਵਿੱਕੀ ਨੂੰ ਕਈ ਵਾਰ ਸਮਝਾਇਆ ਗਿਆ ਸੀ। ਉਹ ਬਿਸ਼ਨੋਈ ਗੈਂਗ ਨੂੰ ਪੰਜਾਬੀ ਕਲਾਕਾਰਾਂ ਤੇ ਕਾਰੋਬਾਰੀਆਂ ਦੇ ਨੰਬਰ ਦਿੰਦਾ ਸੀ ਤੇ ਉਨ੍ਹਾਂ ਤੋਂ ਵਸੂਲੀ ਕਰਦਾ ਸੀ।
ਦੂਜੇ ਪਾਸੇ ਵਿੱਕੀ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਕਰੀਬੀ ਸੀ। ਪੁਲਿਸ ਸੂਤਰਾਂ ਅਨੁਸਾਰ ਹਾਲ ਹੀ ਵਿੱਚ ਦੋਵਾਂ ਵਿੱਚ ਪੰਜਾਬ ਦੀ ਕੁਝ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਤੋਂ ਲਾਰੈਂਸ ਵੀ ਉਸ ਤੋਂ ਪ੍ਰੇਸ਼ਾਨ ਸੀ। ਜਦੋਂਕਿ ਪਹਿਲਾਂ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਇਨ੍ਹਾਂ ਦੋ ਗੈਂਗਾਂ ਨਾਲ ਜੁੜੇ ਲੋਕਾਂ ਨੇ ਹੀ ਇਹ ਕਤਲ ਕੀਤਾ ਹੋਣਾ ਹੈ।
ਪੁਲਿਸ ਅਨੁਸਾਰ ਵਿੱਕੀ ਦੇ ਕੋਲ ਲਾਇਸੈਂਸੀ ਪਿਸਤੌਲ ਸੀ। ਘਟਨਾ ਵਾਪਰਨ ਸਮੇਂ, ਉਸ ਨੂੰ ਆਪਣਾ ਪਿਸਤੌਲ ਬਾਹਰ ਕੱਢਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਕਿਉਂਕਿ ਦੋਸ਼ੀ ਲਗਾਤਾਰ ਗੋਲੀਆਂ ਚਲਾ ਰਹੇ ਸਨ। ਜਿਵੇਂ ਹੀ ਵਿੱਕੀ ਨੇ ਕਾਰ ਦਾ ਗੇਟ ਖੋਲ੍ਹਿਆ ਤੇ ਅੰਦਰ ਬੈਠਣ ਲਈ ਗਿਆ ਤਾਂ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਵਿੱਕੀ ਉੱਥੋਂ ਭੱਜਿਆ ਤਾਂ ਦੋਸ਼ੀ ਨੇ ਪਿੱਛਾ ਕੀਤਾ ਤੇ ਲਗਾਤਾਰ ਫਾਇਰਿੰਗ ਕੀਤੀ। ਜਿਸ ਕਾਰਨ ਵਿੱਕੀ ਨੂੰ ਆਪਣੀ ਪਿਸਤੌਲ ਕੱਢਣ ਦਾ ਮੌਕਾ ਨਾ ਮਿਲ ਸਕਿਆ।
ਐਸਐਫਜੇ (SFJ) ਨੂੰ ਅੱਤਵਾਦੀ ਸੰਗਠਨ ਐਲਾਨਿਆ
ਭਾਰਤ ਸਰਕਾਰ ਦੋ ਸਾਲ ਪਹਿਲਾਂ ਹੀ ਐਸਐਫਜੇ (SFJ) ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੀ ਹੈ। ਪਿਛਲੇ ਦਿਨੀਂ ਪੰਨੂੰ ਦੀਆਂ ਫ਼ੋਨ ਕਾਲਾਂ ਰਾਹੀਂ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਅਤੇ ਅਲੱਗ -ਥਲੱਗ ਕਰਨ ਦੇ ਯਤਨ ਕੀਤੇ ਗਏ ਹਨ। ਦੋ ਸਾਲ ਪਹਿਲਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੰਨੂ ਨੇ ਕੈਪਟਨ ਨੂੰ ਫੋਨ ਕਰਕੇ ਧਮਕੀ ਦਿੱਤੀ ਸੀ। ਇਸ ਦੇ ਜਵਾਬ ਵਿੱਚ, ਕੈਪਟਨ ਨੇ ਕਿਹਾ ਸੀ ਕਿ ਇੱਕ ਵਾਰ ਪੰਨੂੰ ਪੰਜਾਬ ’ਚ ਆ ਕੇ ਤਾਂ ਵੇਖੇ।
ਵੱਖਰੇ ਝੰਡੇ ਲਹਿਰਾਉਣ ਦੀ ਆਗਿਆ ਨਹੀਂ ਹੋਵੇਗੀ
ਇਸ ਦੇ ਨਾਲ ਹੀ, ਕੁਝ ਦਿਨ ਪਹਿਲਾਂ, ਪੰਨੂੰ ਨੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਰਾਹੀਂ ਧਮਕੀ ਵੀ ਦਿੱਤੀ ਸੀ ਕਿ ਹਿਮਾਚਲ ਤੇ ਹਰਿਆਣਾ ਪੰਜਾਬ ਦਾ ਹਿੱਸਾ ਹਨ। ਇਸ ਲਈ ਇਨ੍ਹਾਂ ਵਿੱਚ ਵੱਖਰੇ ਝੰਡੇ ਲਹਿਰਾਉਣ ਦੀ ਆਗਿਆ ਨਹੀਂ ਹੋਵੇਗੀ।






















