ਕੈਪਟਨ ਨੇ 100 ਸਾਲਾ ਹਰਬੰਸ ਲਈ ਕੀਤਾ ਵੱਡਾ ਐਲਾਨ, ਪੋਤੇ-ਪੋਤੀਆਂ ਦੀ ਪਰਵਰਿਸ਼ ਲਈ ਵੇਚਦਾ ਰੇਹੜੀ 'ਤੇ ਸਬਜ਼ੀ
ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੀ ਕਹਾਣੀ ਦੀਆਂ ਵੀਡੀਓਜ਼ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮਦਦ ਦਾ ਐਲਾਨ ਕੀਤਾ ਹੈ।
ਮੋਗਾ: ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੀ ਕਹਾਣੀ ਦੀਆਂ ਵੀਡੀਓਜ਼ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮਦਦ ਦਾ ਐਲਾਨ ਕੀਤਾ ਹੈ। ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੇ ਸਬਰ ਤੇ ਮਿਹਨਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਮ ਕੀਤੀ ਹੈ ਜੋ ਇਸ ਉਮਰ ਵਿੱਚ ਵੀ ਆਪਣੇ ਤੇ ਆਪਣੇ ਪੋਤੇ-ਪੋਤੀਆਂ ਦੇ ਗੁਜ਼ਾਰੇ ਲਈ ਰੋਜ਼ੀ-ਰੋਟੀ ਕਮਾ ਰਹੇ ਹਨ।
ਕੈਪਟਨ ਨੇ ਹਰਬੰਸ ਸਿੰਘ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਤੇ ਉਨ੍ਹਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਅੱਜ ਆਪਣੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਇਸ ਗੱਲ 'ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਹਰਬੰਸ ਸਿੰਘ ਦੀ ਮਦਦ ਲਈ ਕਈ ਸਥਾਨਕ ਐਨਜੀਓ ਵੀ ਅੱਗੇ ਆਈਆਂ ਹਨ।
ਗੌਰਤਲਬ ਹੈ ਕਿ 100 ਸਾਲ ਉਮਰ ਦਾ ਹਰਬੰਸ ਸਿੰਘ ਆਪਣੇ ਮਰ ਚੁੱਕੇ ਲੜਕੇ ਦੇ ਬੱਚਿਆਂ ਦੇ ਪਰਵਰਿਸ਼ ਕਰਨ ਲਈ ਅੱਜ ਵੀ ਰੇਹੜੀ 'ਤੇ ਪਿਆਜ਼ ਅਤੇ ਆਲੂ ਵੇਚਣ ਦਾ ਕੰਮ ਕਰਦਾ ਹੈ। ਕੁਝ ਸਾਲ ਪਹਿਲਾਂ ਉਸ ਦੇ ਇਕ ਬੇਟੇ ਦੇ ਦੇਹਾਂਤ ਤੋਂ ਬਾਅਦ ਅਤੇ ਨੂੰਹ ਵੱਲੋਂ ਬੱਚਿਆਂ ਨੂੰ ਕਥਿਤ ਤੌਰ 'ਤੇ ਬੇਸਹਾਰਾ ਛੱਡ ਜਾਣ ਤੋਂ ਬਾਅਦ ਹਰਬੰਸ ਸਿੰਘ ਆਪਣੇ ਪੋਤੇ ਪੋਤੀ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਸਦਾ ਇਕ ਪੁੱਤਰ, ਫਲ ਵੇਚਦਾ ਹੈ ਪਰ ਆਪਣੇ ਪਰਿਵਾਰ ਨਾਲ ਵੱਖਰਾ ਰਹਿੰਦਾ ਹੈ।
ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਜ਼ਿਲ੍ਹਾ ਲਾਹੌਰ ਦੇ ਪਿੰਡ ਸਰਾਏ ਠਾਣੇ ਵਾਲਾ ਨਾਲ ਸਬੰਧਤ ਸੀ ਅਤੇ ਵੰਡ ਵੇਲੇ ਭਾਰਤ ਆ ਗਏ ਅਤੇ ਉਸ ਵੇਲੇ ਉਹਨਾਂ ਦੀ ਉਮਰ 27 ਸਾਲਾਂ ਦਾ ਸੀ। ਉਹ ਲਗਭਗ ਚਾਰ ਦਹਾਕੇ ਪਹਿਲਾਂ ਮੋਗਾ ਵਿਖੇ ਸੈਟਲ ਹੋਣ ਤੋਂ ਪਹਿਲਾਂ ਮਾਮੂਲੀ ਨੌਕਰੀ ਕਰਦੇ ਸੀ ਅਤੇ ਫੇਰ ਸਬਜ਼ੀਆਂ ਵੇਚਣ ਲੱਗੇ। ਉਹ ਮੁੱਖ ਤੌਰ 'ਤੇ ਮੋਗਾ ਦੀ ਅੰਮ੍ਰਿਤਸਰ ਰੋਡ 'ਤੇ ਪਿਆਜ਼ ਵੇਚਦੇ ਹਨ।