ਖ਼ਤਰੇ ਦੀ ਘੰਟੀ ! ਠੰਡ ਦੇ ਦਿਨਾਂ 'ਚ ਕਮੀ, 2024 'ਚ ਗਰਮੀਆਂ ਦੇ 41 ਦਿਨ ਵਧੇ, ਮੌਸਮ ਵਿਗਿਆਨੀ ਨੇ ਕਿਹਾ- ਖ਼ਤਰਨਾਕ ਸਥਿਤੀ ਹੈ ਇਹ
ਰਿਕਾਰਡ ਤੋੜ ਬਾਰਿਸ਼, ਵਿਨਾਸ਼ਕਾਰੀ ਹੜ੍ਹ, ਭਿਆਨਕ ਗਰਮੀ, ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਤੇ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਸਾਲ 2024 ਵਿੱਚ ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਕਾਰਨ ਘੱਟੋ-ਘੱਟ 3,700 ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।
Weather Update: ਇਨ੍ਹਾਂ ਦਿਨਾਂ 'ਚ ਦੇਸ਼ 'ਚ ਬੇਹੱਦ ਠੰਡ ਪੈ ਰਹੀ ਹੈ ਪਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਾਲ 1901 ਤੋਂ ਬਾਅਦ ਭਾਰਤ ਦੇ ਮੌਸਮ ਇਤਿਹਾਸ 'ਚ ਸਾਲ 2024 ਸਭ ਤੋਂ ਗਰਮ ਸਾਲ ਰਿਹਾ। ਮੌਸਮ ਵਿਭਾਗ ਮੁਤਾਬਕ ਇਸ ਸਾਲ 1901 ਤੋਂ ਬਾਅਦ ਘੱਟੋ-ਘੱਟ ਔਸਤ ਤਾਪਮਾਨ ਵਿੱਚ 0.90 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸਾਲ 2024 ਦਾ ਔਸਤ ਤਾਪਮਾਨ 25.75 ਡਿਗਰੀ ਸੈਲਸੀਅਸ ਸੀ, ਜੋ ਸਾਲਾਨਾ ਔਸਤ ਤਾਪਮਾਨ ਨਾਲੋਂ 0.65 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਵਿਭਾਗ ਦੇ ਨਿਰਦੇਸ਼ਕ ਨੇ ਕਿਹਾ ਕਿ ਸਾਲ 2024 ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 31.25 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਨਾਲੋਂ 0.20 ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਔਸਤ ਤਾਪਮਾਨ 20.24 ਡਿਗਰੀ ਸੈਲਸੀਅਸ ਹੈ, ਜੋ ਕਿ ਆਮ ਨਾਲੋਂ 0.90 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ ਕਿਹਾ ਕਿ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਔਸਤ ਘੱਟੋ-ਘੱਟ ਤਾਪਮਾਨ ਸਭ ਤੋਂ ਵੱਧ ਰਿਹਾ।
2024 ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਭ ਤੋਂ ਗਰਮ ਸਾਲ ਰਿਹਾ। ਯੂਰਪੀ ਮੌਸਮ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਸਾਲ 2024 ਵਿੱਚ ਧਰਤੀ ਦਾ ਔਸਤ ਤਾਪਮਾਨ 1850-1900 ਦੇ ਪੂਰਵ-ਉਦਯੋਗਿਕ ਸਮੇਂ ਦੇ ਮੁਕਾਬਲੇ 1.5 ਡਿਗਰੀ ਸੈਲਸੀਅਸ ਵਧਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਲ 2024 'ਚ ਖਤਰਨਾਕ ਗਰਮੀ ਦੇ 41 ਦਿਨ ਵਾਧੂ ਦਰਜ ਕੀਤੇ ਜਾਣਗੇ।
ਸੰਯੁਕਤ ਰਾਸ਼ਟਰ ਦੀ ਏਜੰਸੀ ਮੁਤਾਬਕ ਜਲਵਾਯੂ ਤਬਦੀਲੀ ਕਾਰਨ 2024 'ਚ 41 ਹੋਰ ਗਰਮ ਦਿਨ ਸ਼ਾਮਲ ਹੋਏ, ਜਿਸ ਨਾਲ ਮਨੁੱਖੀ ਸਿਹਤ ਤੇ ਵਾਤਾਵਰਣ 'ਤੇ ਮਾੜਾ ਅਸਰ ਪਿਆ। ਇਸ ਕਾਰਨ ਰਿਕਾਰਡ ਤੋੜ ਬਾਰਿਸ਼, ਵਿਨਾਸ਼ਕਾਰੀ ਹੜ੍ਹ, ਭਿਆਨਕ ਗਰਮੀ, ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਤੇ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਸਾਲ 2024 ਵਿੱਚ ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਕਾਰਨ ਘੱਟੋ-ਘੱਟ 3,700 ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ 'ਚ ਅਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਘੱਟੋ-ਘੱਟ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਖ਼ਾਸ ਕਰਕੇ ਮਾਨਸੂਨ ਤੋਂ ਬਾਅਦ ਅਤੇ ਸਰਦੀਆਂ ਦੇ ਮੌਸਮ ਦੌਰਾਨ ਘੱਟੋ-ਘੱਟ ਤਾਪਮਾਨ ਵਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕਠੋਰ ਸਰਦੀ ਦੇ ਦਿਨ ਲਗਾਤਾਰ ਘਟਦੇ ਜਾ ਰਹੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਾ ਨੀਨਾ ਪ੍ਰਭਾਵ ਕਾਰਨ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਇਹ ਸਥਿਤੀ ਜਨਵਰੀ ਵਿੱਚ ਕੁਝ ਦਿਨ ਜਾਰੀ ਰਹੇਗੀ, ਪਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਹ ਸਥਿਤੀ ਜ਼ਿਆਦਾ ਦੇਰ ਤੱਕ ਨਹੀਂ ਰਹੇਗੀ।