ਰੱਖਿਆ ਮੰਤਰੀ ਤੇ ਸਿਹਤ ਮੰਤਰੀ ਨੇ ਐਂਟੀ ਕੋਰੋਨਾ ਦਵਾਈ ਕੀਤੀ ਲੌਂਚ, ਜਾਣੋ ਕਿਵੇਂ ਮਰੇਗਾ ਕੋਰੋਨਾਵਾਇਰਸ?
ਡੀਆਰਡੀਓ ਦੀ ਐਂਟੀ ਕੋਵਿਡ ਡਰੱਗ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ ਵਿੱਚ ਲੌਂਚ ਕੀਤੀ ਗਈ। ਡੀਸੀਜੀਆਈ ਨੇ ਹਾਲ ਹੀ ਵਿੱਚ ਡੀਆਰਡੀਓ ਦੀ ਐਂਟੀ-ਕੋਵਿਡ ਦਵਾਈ 2-ਡੀਜੀ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ।
ਨਵੀਂ ਦਿੱਲੀ: ਡੀਆਰਡੀਓ ਦੀ ਐਂਟੀ ਕੋਵਿਡ ਡਰੱਗ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ ਵਿੱਚ ਲੌਂਚ ਕੀਤੀ ਗਈ। ਡੀਸੀਜੀਆਈ ਨੇ ਹਾਲ ਹੀ ਵਿੱਚ ਡੀਆਰਡੀਓ ਦੀ ਐਂਟੀ-ਕੋਵਿਡ ਦਵਾਈ 2-ਡੀਜੀ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ। ਡੀਆਰਡੀਓ ਨੇ ਇਹ ਦਵਾਈ ਡਾ. ਰੈਡੀ ਦੀਆਂ ਲੈਬਾਰਟਰੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ।
ਦਵਾਈ ਕਿਵੇਂ ਕੰਮ ਕਰਦੀ ਹੈ?
ਡੀਆਰਡੀਓ ਡਾਕਟਰ ਏਕੇ ਮਿਸ਼ਰਾ ਨੇ ਕਿਹਾ, “ਕਿਸੇ ਵੀ ਟਿਸ਼ੂ ਜਾਂ ਵਾਇਰਸ ਦੇ ਵਾਧੇ ਲਈ ਗਲੂਕੋਜ਼ ਹੋਣਾ ਬਹੁਤ ਜ਼ਰੂਰੀ ਹੈ ਪਰ ਜੇ ਉਸ ਨੂੰ ਗਲੂਕੋਜ਼ ਨਹੀਂ ਮਿਲਦਾ ਤਾਂ ਉਸ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਸੀਂ ਇਸ ਦੀ ਨਕਲ ਕਰਦਿਆਂ ਇਹ ਕੀਤਾ ਕਿ ਗਲੂਕੋਜ਼ ਦਾ ਐਨਾਲੋਗ ਬਣਾਇਆ। ਵਾਇਰਸ ਇਸ ਨੂੰ ਗਲੂਕੋਜ਼ ਸਮਝ ਕੇ ਖਾਣ ਦੀ ਕੋਸ਼ਿਸ਼ ਕਰੇਗਾ ਪਰ ਇਹ ਗਲੂਕੋਜ਼ ਨਹੀਂ ਹੈ, ਜਿਸ ਕਾਰਨ ਵਾਇਰਸ ਮਰ ਜਾਵੇਗਾ। ਇਹ ਹੀ ਇਸ ਦਵਾਈ ਦਾ ਮੁੱਢਲਾ ਪ੍ਰਿੰਸੀਪਲ ਹੈ।"
ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਦਵਾਈ ਤੋਂ ਆਕਸੀਜਨ ਦੀ ਘਾਟ ਨਹੀਂ ਹੋਵੇਗੀ। ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ ਤੇ ਵਾਇਰਸ ਵੀ ਮਰ ਜਾਣਗੇ। ਜਿਸ ਨਾਲ ਲਾਗ ਦੀ ਸੰਭਾਵਨਾ ਘੱਟ ਜਾਵੇਗੀ ਤੇ ਮਰੀਜ਼ ਜਲਦੀ ਤੋਂ ਜਲਦੀ ਠੀਕ ਹੋ ਜਾਵੇਗਾ।
ਡਾਕਟਰ ਏਕੇ ਮਿਸ਼ਰਾ ਨੇ ਕਿਹਾ ਕਿ ਇਸ ਦਵਾਈ ਦੇ ਤੀਜੇ ਪੜਾਅ ਦੇ ਟ੍ਰਾਇਲ ਲਈ ਚੰਗੇ ਨਤੀਜੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇਸ ਦੀ ਸੰਕਟਕਾਲੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਰੈਡੀ ਦੇ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਹਰ ਜਗ੍ਹਾ ਹਰ ਨਾਗਰਿਕ ਨੂੰ ਮਿਲੇ।
ਗੰਭੀਰ ਮਰੀਜ਼ਾਂ ਨੂੰ ਵੀ ਦਵਾਈ ਦਿੱਤੀ ਜਾ ਸਕਦੀ ਹੈ:
ਏਕੇ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਦਵਾਈ ਹਰ ਤਰਾਂ ਦੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ। ਕੋਰੋਨਾ ਰੋਗੀਆਂ ਦੇ ਹਲਕੇ ਲੱਛਣ ਜਾਂ ਗੰਭੀਰ ਮਰੀਜ਼, ਇਹ ਦਵਾਈ ਸਭ ਨੂੰ ਦਿੱਤੀ ਜਾ ਸਕਦੀ ਹੈ। ਇਹ ਦਵਾਈ ਬੱਚਿਆਂ ਦੇ ਇਲਾਜ 'ਚ ਵੀ ਪ੍ਰਭਾਵਸ਼ਾਲੀ ਹੋਵੇਗੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਖੁਰਾਕ ਬੱਚਿਆਂ ਲਈ ਵੱਖਰੀ ਹੋਵੇਗੀ।