(Source: Poll of Polls)
ਅਫਗਾਨਿਸਤਾਨ ਤੋਂ ਆਉਣੇ ਬੰਦ ਹੋਏ ਡ੍ਰਾਈ ਫਰੂਟ, ਪੰਜਾਬ ਦੇ ਵਪਾਰੀਆਂ ਨੂੰ ਵੀ ਝੱਲਣਾ ਪੈ ਰਿਹਾ ਨੁਕਸਾਨ
ਅਫਗਾਨਿਸਤਾਨ 'ਚ ਤਾਲਿਬਾਨ ਵਲੋਂ ਸੱਤਾ ਹਥਿਆਏ ਜਾਣ ਤੋਂ ਬਾਅਦ ਸਭ ਤੋਂ ਵੱਡਾ ਅਸਰ ਭਾਰਤ ਨਾਲ ਜੁੜੇ ਵਪਾਰ 'ਤੇ ਪਿਆ ਹੈ। ਫਿਲਹਾਲ ਨਵੀਂ ਸਰਕਾਰ ਵੱਲੋਂ ਭਾਰਤ ਨਾਲ ਨਵੀਂ ਵਪਾਰਕ ਰਣਨੀਤੀ ਅੇੈਲਾਨੇ ਜਾਣ ਕਾਰਨ ਭਾਰਤੀ ਮਾਰਕੀਟ ਪ੍ਰਭਾਵਿਤ ਹੋ ਰਹੀ ਹੈ।
ਅੰਮ੍ਰਿਤਸਰ: ਅਫਗਾਨਿਸਤਾਨ 'ਚ ਤਾਲਿਬਾਨ ਵਲੋਂ ਸੱਤਾ ਹਥਿਆਏ ਜਾਣ ਤੋਂ ਬਾਅਦ ਸਭ ਤੋਂ ਵੱਡਾ ਅਸਰ ਭਾਰਤ ਨਾਲ ਜੁੜੇ ਵਪਾਰ 'ਤੇ ਪਿਆ ਹੈ। ਫਿਲਹਾਲ ਨਵੀਂ ਸਰਕਾਰ ਵੱਲੋਂ ਭਾਰਤ ਨਾਲ ਨਵੀਂ ਵਪਾਰਕ ਰਣਨੀਤੀ ਅੇੈਲਾਨੇ ਜਾਣ ਕਾਰਨ ਭਾਰਤੀ ਮਾਰਕੀਟ ਪ੍ਰਭਾਵਿਤ ਹੋ ਰਹੀ ਹੈ। ਭਾਰਤ ਹਰ ਸਾਲ ਵੱਡੀ ਮਾਤਰਾ 'ਚ ਡ੍ਰਾਈ ਫਰੂਟ ਅਫਗਾਨਿਸਤਾਨ ਤੋਂ ਮੰਗਵਾਉਂਦਾ ਹੈ ਕਿਉੰਕਿ ਭਾਰਤੀ ਲੋਕ (ਖਾਸਕਰ ਉਤਰ ਭਾਰਤੀ) ਅਫਗਾਨੀ ਡ੍ਰਾਈ ਫਰੂਟ ਦੇ ਸ਼ੌਕੀਨ ਹਨ।
ਇਸ ਬਾਰੇ ਅੰਮ੍ਰਿਤਸਰ 'ਚ ਡ੍ਰਾਈ ਫਰੂਟ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੇਟ ਵਧਣ ਦਾ ਕਾਰਣ ਇਹੋ ਹੈ ਕਿ ਅਫਗਾਨਿਸਤਾਨ 'ਚ ਬਦਲੇ ਹਾਲਾਤਾਂ ਕਾਰਣ ਭਾਰਤ ਨੂੰ ਆਉਣ ਵਾਲੇ ਡ੍ਰਾਈ ਫਰੂਟ ਦੀ ਸਪਲਾਈ (ਸੜਕੀ ਰਸਤੇ) ਬੰਦ ਪਈ ਹੋਣ ਕਰਕੇ ਇਥੇ ਡ੍ਰਾਈ ਫਰੂਟ ਦੇ ਰੇਟਾਂ 'ਚ 20 ਤੋਂ 25 ਫੀਸਦੀ ਵਾਧਾ ਹੋਇਆ ਹੈ। ਇਸ ਦਾ ਅਸਰ ਆਮ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ ਤੇ ਰੇਟ ਹੋਰ ਵੀ ਵੱਧ ਸਕਦੇ ਹਨ।
ਉਨਾਂ ਦੱਸਿਆ ਕਿ ਅਫਗਾਨ ਦੀ ਨਵੀਂ ਸਰਕਾਰ ਜੇਕਰ ਭਾਰਤ ਨਾਲ ਵਪਾਰ ਨਹੀਂ ਕਰਦੀ ਤਾਂ ਫਿਰ ਦੂਜੇ ਦੇਸ਼ਾਂ ਤੋਂ ਡ੍ਰਾਈ ਫਰੂਟ ਮੰਗਵਾਉਣਾ ਪਵੇਗਾ ਜੋ ਮਹਿੰਗਾ ਪਵੇਗਾ। ਪਰ ਅਫਗਾਨ ਸਰਕਾਰ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ ਕਿਉਂਕਿ ਭਾਰਤ ਹੀ ਅਜਿਹਾ ਦੇਸ਼ ਹੈ ਜੋ ਵੱਡੀ ਮਾਤਰਾ 'ਚ ਡ੍ਰਾਈ ਫਰੂਟ ਖਰੀਦ ਸਕਦਾ ਹੈ। ਦੁਕਾਨਦਾਰਾਂ ਨੇ ਕਿਹਾ ਪਿਛਲੇ ਵਰੇ ਕੋਵਿਡ ਕਰਕੇ ਮਾਰਕੀਟ ਬੰਦ ਰਹੀਆਂ ਤੇ ਇਸ ਵਾਰ ਜੇ ਤਿਉਹਾਰਾਂ ਦੇ ਮੌਸਮ 'ਚ ਹਾਲਾਤ ਸੁੱਧਰ ਰਹੇ ਹਨ ਤਾਂ ਇਹ ਸਮੱਸਿਆ ਆ ਗਈ ਹੈ ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਆਮ ਲੋਕਾਂ ਮੁਤਾਬਕ ਸਿਹਤ ਲਈ ਤਾਂ ਬਾਦਾਮ ਤੇ ਡ੍ਰਾਈ ਫਰੂਟ ਬਹੁਤ ਵਧੀਆ ਹੈ ਪਰ ਜੇਕਰ ਮਹਿੰਗਾ ਹੋਇਆ ਤਾਂ ਹਰ ਕੋਈ ਆਪਣੀ ਜੇਬ ਮੁਤਾਬਕ ਹੀ ਖਰੀਦ ਸਕੇਗਾ। ਭਾਰਤ 'ਚ ਅਫਗਾਨਿਸਤਾਨ ਤੋਂ ਬਾਦਾਮ, ਅੰਜੀਰ, ਕਿਸ਼ਮਿਸ਼, ਖੁਰਮਾਣੀ ਤੇ ਪਿਸਤਾ ਆਦਿ ਮੰਗਵਾਏ ਜਾਂਦੇ ਹਨ ਤੇ ਸਰਦੀਆਂ ਦੇ ਮੌਸਮ 'ਚ ਇਨ੍ਹਾਂ ਵਸਤਾਂ ਦੀ ਖਪਤ ਦੁਗਣੀ ਹੋ ਜਾਂਦੀ ਹੈ।
ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੇ ਫਿਲਹਾਲ ਡ੍ਰਾਈ ਫਰੂਟ ਦੀ ਸਪਲਾਈ ਰੋਕ ਦਿੱਤੀ ਹੈ, ਜਿਸ ਕਾਰਨ ਡ੍ਰਾਈ ਫਰੂਟ ਦੇ ਰੇਟ ਅਸਮਾਨੀ ਚੜ ਗਏ ਹਨ। ਇਨਾਂ 'ਚ 15 ਫੀਸਦੀ ਤੋਂ 25 ਫੀਸਦੀ ਤੱਕ ਇਜ਼ਾਫਾ ਹੋਇਆ ਹੈ। ਅਫਗਾਨਿਸਤਾਨ ਦੀ ਬਾਦਾਮ ਗਿਰੀ ਦੇ ਰੇਟ 900 ਰੁਪਏ ਪ੍ਰਤੀ ਕਿਲੋ ਤੋਂ 1000 ਰੁਪਏ ਪ੍ਰਤੀ ਕਿਲੋ ਤੱਕ ਚਲੇ ਗਏ ਹਨ ਜਦਕਿ ਪਹਿਲਾਂ ਇਹ ਰੇਟ 660 ਰੁਪਏ ਪ੍ਰਤੀ ਕਿਲੋ ਸੀ। ਇਸੇ ਤਰ੍ਹਾਂ ਬਾਕੀ ਚੀਜ਼ਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।