ਖੇਤੀ ਕਾਨੂੰਨਾਂ ਖ਼ਿਲਾਫ਼ ਖੜ੍ਹੀਆਂ ਫਸਲਾਂ ਵਾਹੁਣ ਲੱਗੇ ਕਿਸਾਨ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੇ ਸਾਡੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ, ਤਦ ਵੀ ਅਸੀਂ ਅੰਦੋਲਨ ਜਾਰੀ ਰੱਖਾਂਗੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਬਿਜਨੌਰ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਹੀ ਬਰਬਾਦ ਕਰ ਦਿੱਤਾ ਹੈ।
ਬਿਜਨੌਰ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੇ ਸਾਡੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ, ਤਦ ਵੀ ਅਸੀਂ ਅੰਦੋਲਨ ਜਾਰੀ ਰੱਖਾਂਗੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਬਿਜਨੌਰ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਹੀ ਬਰਬਾਦ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀ ਕਾਨੁੰਨਾਂ ਲਈ ਆਪਣਾ ਵਿਰੋਧ ਦਰਜ ਕਰਵਾਉਣ ਦੇ ਮੰਤਵ ਨਾਲ ਕਿਸਾਨ ਨੇ 6 ਵਿੱਘਿਆਂ ’ਚ ਖੜ੍ਹੀ ਆਪਣੀ ਫ਼ਸਲ ਨੂੰ ਬਰਬਾਦ ਕਰ ਦਿੱਤਾ ਹੈ।
ਇਸ ਸਬੰਧੀ ਇੱਕ ਵਿਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਿਜਨੌਰ ਦੀ ਚਾਂਦਪੁਰ ਤਹਿਸਲ ਦੇ ਕੁਲਚਾਨਾ ਪਿੰਡ ਦੇ ਸੋਹਿਤ ਅਹਿਲਾਵਤ ਆਪਣੀ ਫ਼ਸਲ ਉੱਤੇ ਟ੍ਰੈਕਟਰ ਚਲਾਉਂਦੇ ਵਿਖਾਈ ਦੇ ਰਹੇ ਹਨ। ਪਿੱਛੇ ਜਿਹੇ ਇੱਕ ਕਿਸਾਨ ਮਹਾਂਪੰਚਾਇਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਆਖਿਆ ਸੀ ਕਿ ਉਹ ਅੰਦੋਲਨ ਨੂੰ ਅਹਿਮੀਅਤ ਦੇਣ। ਇਸ ਲਈ ਜੇ ਉਨ੍ਹਾਂ ਨੂੰ ਆਪਣੀ ਫ਼ਸਲ ਬਰਬਾਦ ਵੀ ਕਰਨੀ ਪੈਂਦੀ ਹੈ, ਤਾਂ ਕਰਨ।
ਫ਼ਸਲ ਬਰਬਾਦ ਕਰਨ ਉੱਤੇ ਹੁਣ ਰਾਕੇਸ਼ ਟਿਕੈਤ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਯੂਪੀ ਗੇਟ ਉੱਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ‘ਸਰਕਾਰ ਸਾਨੂੰ ਅਜਿਹੀ ਹਾਲਤ ਵਿੱਚ ਲੈ ਆਈ ਹੈ, ਜਿੱਥੇ ਕਿਸਾਨਾਂ ਨੂੰ ਆਪਣੀ ਹੀ ਫ਼ਸਲ ਬਰਬਾਦ ਕਰਨੀ ਪੈ ਰਹੀ ਹੈ। ਇਹ ਹਾਲਤ ਠੀਕ ਨਹੀਂ ਹੈ। ਇਹ ਵਿਡੀਓ ਵੇਖ ਕੇ ਮੈਨੁੰ ਨਿਜੀ ਤੌਰ ਉੱਤੇ ਬਹੁਤ ਦੁੱਖ ਹੋਇਆ ਹੈ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਇੰਝ ਬਰਬਾਦ ਨਹੀਂ ਕਰਨੀਆਂ ਚਾਹੀਦੀਆਂ। ਮੇਰੀ ਇੱਕ ਸੀਜ਼ਨ ਦੀ ਫ਼ਸਲ ਬਰਬਾਦ ਕਰਨ ਦੀ ਗੱਲ ਦਾ ਇਹ ਮਤਲਬ ਨਹੀਂ ਬਣਦਾ ਸੀ।’
ਸੋਹਿਤ ਅਹਿਲਾਵਤ ਨੇ ਕਿਹਾ ਕਿ ਜਦੋਂ ਨਵੇਂ ਕਾਨੂੰਨਾਂ ਨਾਲ ਸਾਨੂੰ ਦੁੱਖੀ ਕੀਤੇ ਹੀ ਜਾਣਾ ਹੈ, ਤਾਂ ਅਸੀਂ ਭਲਾ ਫ਼ਸਲਾਂ ਕਿਉਂ ਉਗਾਈਏ। ਅਸੀਂ ਸਰਕਾਰ ਨੂੰ ਬਿਜਨੌਰ ਤੋਂ ਇੱਕ ਸੰਦੇਸ਼ ਭੇਜਣ ਲਈ ਫ਼ਸਲ ਨੂੰ ਬਰਬਾਦ ਕੀਤਾ ਹੈ।