ਗੁਰਦਾਸਪੁਰ ਤੋਂ ਕਿਸਾਨਾਂ ਨੇ ਕੀਤਾ ਦਿੱਲੀ ਵੱਲ ਕੂਚ, ਕਾਨੂੰਨ ਰੱਦ ਕਰਾ ਕੇ ਹੀ ਮੁੜਨ ਦਾ ਐਲਾਨ
ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਪਿਛਲੇ ਛੇ ਮਹੀਨਿਆਂ ਤੋਂ ਡਟੇ ਹੋਏ ਹਨ। ਅੱਤ ਦੀ ਸਰਦੀ ਮਗਰੋਂ ਗਰਮੀ ਦੇ ਮੌਸਮ ਵਿੱਚ ਵੀ ਕਿਸਾਨਾਂ ਦੇ ਉਤਸ਼ਾਹ ਵਿੱਚ ਕੋਈ ਫਰਕ ਨਹੀਂ ਪਿਆ। ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਣ ਮਗਰੋਂ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਤੇ ਹਰ ਕਸਬੇ ਵਿੱਚੋਂ ਕਿਸਾਨ ਜੱਥਿਆਂ ਦੇ ਰੂਪ ਵਿੱਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।

ਗੁਰਦਾਸਪੁਰ: ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਪਿਛਲੇ ਛੇ ਮਹੀਨਿਆਂ ਤੋਂ ਡਟੇ ਹੋਏ ਹਨ। ਅੱਤ ਦੀ ਸਰਦੀ ਮਗਰੋਂ ਗਰਮੀ ਦੇ ਮੌਸਮ ਵਿੱਚ ਵੀ ਕਿਸਾਨਾਂ ਦੇ ਉਤਸ਼ਾਹ ਵਿੱਚ ਕੋਈ ਫਰਕ ਨਹੀਂ ਪਿਆ। ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਣ ਮਗਰੋਂ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਤੇ ਹਰ ਕਸਬੇ ਵਿੱਚੋਂ ਕਿਸਾਨ ਜੱਥਿਆਂ ਦੇ ਰੂਪ ਵਿੱਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।
ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਉਧਨਵਾਲ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ 500 ਤੋਂ ਵੱਧ ਕਿਸਾਨਾਂ ਦਾ ਜਥਾ ਟਰੈਕਟਰ ਟਰਾਲੀਆਂ ਤੇ ਗੱਡੀਆਂ ਉੱਤੇ ਸਵਾਰ ਹੋ ਕੇ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ। ਇਸ ਜਥੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ।
ਕਿਸਾਨ ਹਰਵਿੰਦਰ ਸਿੰਘ ਖਜਾਲਾ, ਸ਼ੀਤਲ ਸਿੰਘ, ਗੁਰਮੀਤ ਸਿੰਘ ਪੰਨੂ ਤੇ ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਇਹ ਜੱਥਾ ਦਿੱਲੀ ਜਾ ਰਿਹਾ ਹੈ। ਇਸ ਵਿੱਚ ਦੋ ਬੱਸਾਂ, 20 ਦੇ ਕਰੀਬ ਟਰਾਲੀਆਂ ਤੇ 25 ਦੇ ਕਰੀਬ ਗੱਡੀਆਂ ਸ਼ਾਮਲ ਹਨ। ਰਸਤੇ ਵਿੱਚੋਂ ਵੀ ਹਰ ਸ਼ਹਿਰ ਦਾ ਜੱਥਾ ਇਸ ਨਾਲ ਸ਼ਾਮਲ ਹੋ ਜਾਵੇਗਾ। ਦਿੱਲੀ ਪਹੁੰਚਣ ਤਕ ਇਹ ਜਥਾ 150 ਟਰਾਲੀਆਂ ਦਾ ਹੋ ਜਾਵੇਗਾ ਜਿਸ ਵਿੱਚ ਦੋ ਹਜ਼ਾਰ ਕਿਸਾਨ ਸ਼ਾਮਲ ਹੋ ਜਾਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਆਪਣੀ ਅੜੀ 'ਤੇ ਕਾਇਮ ਹੈ ਤਾਂ ਇਧਰ ਕਿਸਾਨ ਵੀ ਅੜੀ ਨਹੀਂ ਛੱਡਦੇ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ 2024 ਤਕ ਵੀ ਚਲਾਉਣਾ ਪਿਆ ਤਾਂ ਇਵੇਂ ਹੀ ਚਲਾਵਾਂਗੇ ਤੇ ਜਿਵੇਂ ਬੰਗਾਲ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਉਸੇ ਤਰ੍ਹਾਂ ਹੀ ਆਉਣ ਵਾਲੇ ਬਾਕੀ ਚੋਣਾਂ ਵਿੱਚ ਵੀ ਭਾਜਪਾ ਦਾ ਵਿਰੋਧ ਕਰਾਂਗੇ ਤੇ ਭਾਜਪਾ ਨੂੰ ਹਾਰ ਦਾ ਮੂੰਹ ਵਿਖਾਵਾਂਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਅੰਦੋਲਨ ਨੇ ਕਿਸਾਨਾਂ ਨੂੰ ਇਕਮੁੱਠ ਕਰ ਦਿੱਤਾ ਹੈ ਤੇ ਇੱਕ ਮਾਲਾ ਵਿੱਚ ਪਰੋ ਦਿੱਤਾ ਹੈ। ਪਹਿਲਾਂ ਜੋ ਕਿਸਾਨ ਆਪਣੀ ਪਾਣੀ ਦੀ ਵਾਰੀ ਤੋਂ ਲੜ ਪੈਂਦੇ ਸੀ, ਹੁਣ ਉਹ ਇੱਕ ਦੂਸਰੇ ਦੀ ਮਦਦ ਕਰ ਰਹੇ ਹਨ। ਇਹ ਕਿਸਾਨਾਂ ਦੀ ਏਕਤਾ ਵੀ ਇੱਕ ਤਰ੍ਹਾਂ ਦੀ ਜਿੱਤ ਹੈ ਤੇ ਹੁਣ ਜਦੋਂ ਤਕ ਕੇਂਦਰ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ, ਤਦ ਤਕ ਕਿਸਾਨੀ ਅੰਦੋਲਨ ਵੀ ਚੱਲਦਾ ਰਹੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਹੱਕਾਂ ਵਾਸਤੇ ਮੋਦੀ ਨਾਲ ਮੱਥਾ ਲਾਇਆ ਹੈ ਤੇ ਆਪਣੇ ਹੱਕਾਂ ਲਈ ਆਖਰੀ ਦਮ ਤੱਕ ਲੜਦੇ ਰਹਾਂਗੇ। ਖੇਤੀ ਕਾਨੂੰਨ ਜਦੋਂ ਤਕ ਰੱਦ ਨਹੀਂ ਹੁੰਦੇ, ਤਦ ਤਕ ਇਹ ਸੰਗਰਸ਼ ਚੱਲਦਾ ਰਹੇਗਾ। ਇਸ ਤੋਂ ਇਲਾਵਾ ਜਥੇ ਵਿੱਚ ਕਿਸਾਨ ਆਪਣੇ ਨਾਲ ਏਸੀ, ਕੂਲਰ ਤੇ ਰਾਸ਼ਨ ਨਾਲ ਲੈ ਕੇ ਗਏ ਹਨ।






















