ਹਮਾਸ ਨੇ ਇਜ਼ਰਾਈਲ 'ਤੇ ਸੁੱਟੇ ਸੈਂਕੜੇ ਰਾਕੇਟ, ਭਾਰਤੀ ਮਹਿਲਾ ਸਣੇ 28 ਲੋਕਾਂ ਦੀ ਮੌਤ
ਇਜ਼ਰਾਈਲ ਨੇ ਮੰਗਲਵਾਰ ਨੂੰ ਇਕ ਹਵਾਈ ਹਮਲੇ 'ਚ ਗਾਜ਼ਾ ਸ਼ਹਿਰ 'ਚ ਸਥਿਤ ਇਮਾਰਤ ਨੂੰ ਨਿਸ਼ਾਨ ਬਣਾਇਆ। ਉਥੇ ਹੀ ਹਮਾਸ ਅਤੇ ਹੋਰ ਹਥਿਆਰਬੰਦ ਸਮੂਹਾਂ ਨੇ ਦੱਖਣੀ ਇਜ਼ਰਾਈਲ 'ਤੇ ਸੈਂਕੜੇ ਰਾਕੇਟ ਸੁੱਟੇ। ਦੋਵਾਂ ਪਾਸਿਆਂ ਤੋਂ ਹੋਏ ਇਨ੍ਹਾਂ ਹਮਲਿਆਂ ਵਿੱਚ ਬੱਚਿਆਂ ਸਮੇਤ ਕੁੱਲ 28 ਵਿਅਕਤੀ ਆਪਣੀ ਜਾਨ ਗਵਾ ਬੈਠੇ ਹਨ।
ਗਾਜ਼ਾ ਸਿਟੀ: ਇਜ਼ਰਾਈਲ ਨੇ ਮੰਗਲਵਾਰ ਨੂੰ ਇਕ ਹਵਾਈ ਹਮਲੇ 'ਚ ਗਾਜ਼ਾ ਸ਼ਹਿਰ 'ਚ ਸਥਿਤ ਇਮਾਰਤ ਨੂੰ ਨਿਸ਼ਾਨ ਬਣਾਇਆ। ਉਥੇ ਹੀ ਹਮਾਸ ਅਤੇ ਹੋਰ ਹਥਿਆਰਬੰਦ ਸਮੂਹਾਂ ਨੇ ਦੱਖਣੀ ਇਜ਼ਰਾਈਲ 'ਤੇ ਸੈਂਕੜੇ ਰਾਕੇਟ ਸੁੱਟੇ। ਦੋਵਾਂ ਪਾਸਿਆਂ ਤੋਂ ਹੋਏ ਇਨ੍ਹਾਂ ਹਮਲਿਆਂ ਵਿੱਚ ਬੱਚਿਆਂ ਸਮੇਤ ਕੁੱਲ 28 ਵਿਅਕਤੀ ਆਪਣੀ ਜਾਨ ਗਵਾ ਬੈਠੇ ਹਨ। ਇਜ਼ਰਾਈਲ 'ਚ ਕੰਮ ਕਰਨ ਵਾਲੀ ਕੇਰਲ ਦੀ ਇਕ ਔਰਤ ਦੀ ਕਥਿਤ ਤੌਰ 'ਤੇ ਇਸ ਫਿਲਸਤੀਨੀ ਰਾਕੇਟ ਹਮਲੇ 'ਚ ਮੌਤ ਹੋ ਗਈ। ਜਦਕਿ 152 ਹੋਰ ਜ਼ਖਮੀ ਹੋ ਗਏ। ਯਰੂਸ਼ਲਮ ਵਿੱਚ ਤਣਾਅ ਦੇ ਕਈ ਹਫਤਿਆਂ ਬਾਅਦ ਝੜਪਾਂ ਹੋਈਆਂ ਹਨ।
ਗਾਜਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਸ਼ੁਰੂ ਹੋਈ ਇਸ ਝੜਪ 'ਚ 10 ਬੱਚਿਆਂ ਅਤੇ ਇਕ ਔਰਤ ਸਮੇਤ 28 ਫਿਲਸਤੀਨੀਆਂ ਦੀ ਮੌਤ ਹੋ ਗਈ। ਜ਼ਿਆਦਾਤਰ ਮੌਤਾਂ ਹਵਾਈ ਹਮਲਿਆਂ ਕਾਰਨ ਹੋਈਆਂ। ਇਜ਼ਰਾਈਲੀ ਸੈਨਾ ਨੇ ਕਿਹਾ ਕਿ ਮਰਨ ਵਾਲਿਆਂ 'ਚ ਘੱਟੋ ਘੱਟ 16 ਅੱਤਵਾਦੀ ਵੀ ਸ਼ਾਮਲ ਹਨ। ਇਸ ਦੌਰਾਨ ਗਾਜ਼ਾ ਦੇ ਅੱਤਵਾਦੀਆਂ ਨੇ ਇਜ਼ਰਾਈਲ ਵੱਲ ਸੈਂਕੜੇ ਰਾਕੇਟ ਸੁੱਟੇ, ਜਿਸ ਵਿੱਚ ਦੋ ਇਜ਼ਰਾਈਲੀ ਔਰਤਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਮੌਜੂਦਾ ਹਿੰਸਕ ਟਕਰਾਅ 'ਚ ਪਹਿਲੀ ਵਾਰ ਇਜ਼ਰਾਈਲੀ ਨਾਗਰਿਕਾਂ ਦੀ ਮੌਤ ਤੋਂ ਬਾਅਦ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਅਧਿਕਾਰੀਆਂ ਨੇ ਗਾਜ਼ਾ ਪੱਟੀ 'ਚ ਅੱਤਵਾਦੀ ਸੰਗਠਨ ਹਮਾਸ ਅਤੇ ਇਸਲਾਮਿਕ ਜੇਹਾਦ ਵਿਰੁੱਧ ਹਮਲੇ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਜ਼ਰਾਈਲ ਦੀ ਸੈਨਾ ਦੇ ਅਨੁਸਾਰ ਉਸ ਨੇ ਗਾਜ਼ਾ ਵਿੱਚ ਅੱਤਵਾਦੀ ਸਮੂਹ ਇਸਲਾਮਿਕ ਜੇਹਾਦ ਦੇ ਇੱਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀ ਕਮਾਂਡਰ ਦੀ ਪਛਾਣ ਸਮਹਿ-ਉਲ-ਮਮਲੁਕ ਵਜੋਂ ਹੋਈ ਹੈ, ਜੋ ਇਸਲਾਮਿਕ ਜੇਹਾਦ ਦੀ ਰਾਕੇਟ ਇਕਾਈ ਦਾ ਮੁਖੀ ਸੀ।
ਅਸ਼ਕੇਲੋਨ ਸ਼ਹਿਰ 'ਚ 31 ਸਾਲਾ ਭਾਰਤੀ ਮਹਿਲਾ ਸੌਮਿਆ ਦੇ ਘਰ 'ਤੇ ਇਕ ਰਾਕੇਟ ਉਸ ਸਮੇਂ ਡਿੱਗਿਆ ਜਦੋਂ ਉਹ ਵੀਡੀਓ ਕਾਲ 'ਤੇ ਸ਼ਾਮ ਨੂੰ ਕੇਰਲਾ 'ਚ ਆਪਣੇ ਪਤੀ ਸੰਤੋਸ਼ ਨਾਲ ਗੱਲਬਾਤ ਕਰ ਰਹੀ ਸੀ। ਸੰਤੋਸ਼ ਦੇ ਭਰਾ ਸਾਜੀ ਨੇ ਦੱਸਿਆ, "ਮੇਰੇ ਭਰਾ ਨੇ ਵੀਡੀਓ ਕਾਲ ਦੌਰਾਨ ਇਕ ਉੱਚੀ ਆਵਾਜ਼ ਸੁਣੀ। ਅਚਾਨਕ ਫੋਨ ਕੱਟ ਗਿਆ। ਫਿਰ ਅਸੀਂ ਤੁਰੰਤ ਉਥੇ ਕੰਮ ਕਰ ਰਹੇ ਹੋਰ ਮਲਿਆਲੀ ਲੋਕਾਂ ਨਾਲ ਸੰਪਰਕ ਕੀਤਾ। ਇਸ ਤਰ੍ਹਾਂ ਸਾਨੂੰ ਘਟਨਾ ਬਾਰੇ ਪਤਾ ਲੱਗਿਆ।" ਇਡੁਕਕੀ ਜ਼ਿਲੇ ਦੇ ਕੀਰਿਥੋਡੁ ਦੀ ਵਸਨੀਕ ਸੌਮਿਆ ਪਿਛਲੇ ਸੱਤ ਸਾਲਾਂ ਤੋਂ ਇਜ਼ਰਾਈਲ 'ਚ ਘਰੇਲੂ ਸਹਾਇਕ ਦੇ ਤੌਰ 'ਤੇ ਕੰਮ ਕਰ ਰਹੀ ਸੀ।