ਕਿਸਾਨਾਂ ਤੋਂ ਡਰੇ ਹਰਿਆਣਾ 'ਚ ਜੇਜੇਪੀ ਦੇ ਵਿਧਾਇਕ, ਕਿਹਾ-ਡੰਡਿਆਂ ਨਾਲ ਕੁੱਟਣਗੇ ਲੋਕ, ਲੈਣੇ ਪੈਣੇ ਲੋਹੇ ਦੇ ਕਵਚ
ਹਰਿਆਣਾ ਵਿਧਾਨ ਸਭਾ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਬੇਭਰੋਸਗੀ ਮਤੇ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸੀਨੀਅਰ ਵਿਧਾਇਕ ਦੇਵੇਂਦਰ ਸਿੰਘ ਬਬਲੀ ਨੇ ਆਪਣੀ ਪਾਰਟੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਭਾਜਪਾ ਸਰਕਾਰ ਦਾ ਸਮਰਥਨ ਵਾਪਸ ਲੈਣ ਦੀ ਅਪੀਲ ਕੀਤੀ।
ਹਰਿਆਣਾ ਵਿਧਾਨ ਸਭਾ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਬੇਭਰੋਸਗੀ ਮਤੇ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸੀਨੀਅਰ ਵਿਧਾਇਕ ਦੇਵੇਂਦਰ ਸਿੰਘ ਬਬਲੀ ਨੇ ਆਪਣੀ ਪਾਰਟੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਭਾਜਪਾ ਸਰਕਾਰ ਦਾ ਸਮਰਥਨ ਵਾਪਸ ਲੈਣ ਦੀ ਅਪੀਲ ਕੀਤੀ। ਦੇਵੇਂਦਰ ਬਬਲੀ ਨੇ ਕਿਹਾ ਕਿ ਪੇਂਡੂ ਹਰਿਆਣਾ ਦੀ ਸਥਿਤੀ ਅਜਿਹੀ ਹੈ ਕਿ ਲੋਕ ਵਿਧਾਇਕਾਂ ਨੂੰ ਆਪਣੇ ਪਿੰਡਾਂ 'ਚ ਦਾਖਲ ਨਹੀਂ ਹੋਣ ਦੇਣਗੇ।
ਦੇਵੇਂਦਰ ਸਿੰਘ ਬਬਲੀ ਨੇ ਕਿਹਾ, ਹੁਣ ਸਥਿਤੀ ਅਜਿਹੀ ਹੈ ਕਿ ਸਾਨੂੰ (ਜੇਜੇਪੀ) ਨੂੰ ਹੁਣ ਸਰਕਾਰ ਛੱਡਣੀ ਚਾਹੀਦੀ ਹੈ ਕਿਉਂਕਿ ਲੋਕ ਸਾਡੇ ਤੋਂ ਨਾਖੁਸ਼ ਹਨ, ਲੋਕ ਸਾਨੂੰ ਉਨ੍ਹਾਂ ਦੇ ਪਿੰਡਾਂ 'ਚ ਦਾਖਲ ਨਹੀਂ ਹੋਣ ਦਿੰਦੇ, ਮੈਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਪ੍ਰੋਗਰਾਮ ਉਲੀਕਣ ਦੀ ਅਪੀਲਕਰਦਾ ਹਾਂ..... ਜਾਂ ਕਿਸੇ ਹੋਰ ਵਿਧਾਇਕ ਨੂੰ ਅਜਿਹਾ ਕਰਨ ਲਈ ਕਹਿੰਦਾ ਹਾਂ.. ਤਾਂ ਲੋਕ ਸਾਨੂੰ ਡੰਡਿਆਂ ਨਾਲ ਕੁੱਟਣਗੇ, ਸਾਨੂੰ ਆਪਣੀ ਰੱਖਿਆ ਲਈ ਲੋਹੇ ਦੇ ਕਵਚ ਅਤੇ ਹੈਲਮਟ ਲੈਣੇ ਪੈਣਗੇ।
ਦੇਵੇਂਦਰ ਸਿੰਘ ਬਬਲੀ ਦੀ ਟਿੱਪਣੀ ਤੋਂ ਕੁਝ ਘੰਟਿਆਂ ਬਾਅਦ ਜੇਜੇਪੀ ਨੇ ਆਪਣੇ ਵਿਧਾਇਕਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਅਤੇ ਬੇਭਰੋਸਗੀ ਮਤੇ ਦੇ ਖਿਲਾਫ ਸਰਕਾਰ ਦੇ ਰੁਖ ਦਾ ਸਮਰਥਨ ਕਰਨ ਲਈ ਇੱਕ ਵ੍ਹਿਪ ਜਾਰੀ ਕੀਤੀ। ਜਿਸ 'ਤੇ ਬਬਲੀ ਨੇ ਕਿਹਾ ਕਿ ਪਾਰਟੀ ਆਪਣੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕਰਕੇ ਭਾਜਪਾ ਦੇ ਸਮਰਥਨ 'ਚ ਵੋਟ ਪਾਉਣ ਲਈ ਮਜਬੂਰ ਕਰ ਰਹੀ ਹੈ। ਦੱਸ ਦਈਏ ਕਿ ਭਾਜਪਾ ਅਤੇ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਵ੍ਹਿਪ ਵੀ ਜਾਰੀ ਕੀਤਾ ਹੈ। ਹਰਿਆਣਾ 'ਚ ਭਾਜਪਾ ਅਤੇ ਜੇਜੇਪੀ ਗਠਜੋੜ ਦੀ ਸਰਕਾਰ ਹੈ।