Mission 2024: ਹਿਮਾਚਲ ਮਗਰੋਂ ਕਰਨਾਟਕ ਹਾਰਨ ਨਾਲ ਧੁਰ ਤੱਕ ਹਿੱਲੀ ਬੀਜੇਪੀ, ਮਿਸ਼ਨ 2024 ਨੂੰ ਵੇਖਦਿਆਂ ਤੁਰੰਤ ਲਿਆ ਵੱਡਾ ਫੈਸਲਾ
ਹਿਮਾਚਲ ਪ੍ਰਦੇਸ਼ ਮਗਰੋਂ ਕਰਨਾਟਕ ਵਿੱਚ ਵੱਡੀ ਹਾਰ ਨੇ ਬੀਜੇਪੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਲਈ ਇਹ ਵੱਡਾ ਝਟਕਾ ਹੈ। ਅਹਿਮ ਗੱਲ ਹੈ ਕਿ ਬੀਜੇਪੀ ਨੇ ਕਰਨਾਟਕ ਚੋਣਾਂ ਪੀਐਮ ਮੋਦੀ..
Mission 2024: ਹਿਮਾਚਲ ਪ੍ਰਦੇਸ਼ ਮਗਰੋਂ ਕਰਨਾਟਕ ਵਿੱਚ ਵੱਡੀ ਹਾਰ ਨੇ ਬੀਜੇਪੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਲਈ ਇਹ ਵੱਡਾ ਝਟਕਾ ਹੈ। ਅਹਿਮ ਗੱਲ ਹੈ ਕਿ ਬੀਜੇਪੀ ਨੇ ਕਰਨਾਟਕ ਚੋਣਾਂ ਪੀਐਮ ਮੋਦੀ ਤੇ ਹਿੰਦੂਤਵ ਦੇ ਮੁੱਦੇ ਉੱਪਰ ਲੜੀਆਂ ਪਰ ਜਨਤਾ ਨੇ ਬੀਜੇਪੀ ਨੂੰ ਨਾਕਾਰ ਦਿੱਤਾ। ਇਸ ਕਰਕੇ ਬੀਜੇਪੀ ਮੰਥਨ ਵਿੱਚ ਜੁਟ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਹਾਰ ਮਗਰੋਂ ਐਕਸ਼ਨ ਮੋਡ ਵਿੱਚ ਆ ਗਈ ਹੈ। ਬੀਜੇਪੀ ਸਾਰੇ 545 ਲੋਕ ਸਭਾ ਹਲਕਿਆਂ ਤੱਕ ਪਹੁੰਚ ਬਣਾਏਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਹੇਠ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਏਗੀ। ਸਿਖਰਲੇ ਕੇਂਦਰੀ ਮੰਤਰੀਆਂ, ਭਾਜਪਾ ਦੇ ਅਹੁਦੇਦਾਰਾਂ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਸਾਰੇ ਸੰਸਦੀ ਹਲਕਿਆਂ ਤੱਕ ਪਹੁੰਚ ਕੀਤੀ ਜਾਵੇਗੀ।
ਇਸ ਦੌਰਾਨ ਭਾਜਪਾ ਸਰਕਾਰ ਦੀਆਂ ਨੌਂ ਵਰ੍ਹਿਆਂ ਦੀ ਪ੍ਰਾਪਤੀਆਂ ਬਾਰੇ ਦੱਸਿਆ ਜਾਵੇਗਾ। ਮਹੀਨਾ ਚੱਲਣ ਵਾਲਾ ਇਹ ‘ਮਹਾ ਜਨਸੰਪਰਕ ਅਭਿਆਨ’ 30 ਮਈ, ਜਿਸ ਦਿਨ ਮੋਦੀ ਸਰਕਾਰ ਦੇ ਨੌਂ ਵਰ੍ਹੇ ਮੁਕੰਮਲ ਹੋ ਜਾਣਗੇ,ਤੋਂ ਸ਼ੁਰੂ ਹੋ ਕੇ 30 ਜੂਨ ਤੱਕ ਚੱਲੇਗਾ। ਪਤਾ ਲੱਗਿਆ ਹੈ ਕਿ ਇਸ ਕੌਮੀ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਈ ਦੇ ਅਖੀਰ ਵਿੱਚ ਵਿਸ਼ਾਲ ਰੈਲੀ ਰਾਹੀਂ ਕੀਤੀ ਜਾਵੇਗੀ।
ਇਸ ਅਭਿਆਨ ਦਾ ਉਦੇਸ਼ ਸਰਕਾਰੀ ਪ੍ਰਾਪਤੀਆਂ ਦਾ ਸੁਨੇਹਾ ਹਰ ਨਾਗਰਿਕ ਤੱਕ ਪਹੁੰਚਾਉਣਾ ਹੈ। ਕੇਂਦਰੀ ਮੰਤਰੀ ਤੇ ਭਾਜਪਾ ਦੇ ਕੌਮੀ ਅਹੁਦੇਦਾਰ ’ਤੇ ਆਧਾਰਿਤ ਦੋ ਮੈਂਬਰੀ ਕੇਂਦਰੀ ਟੀਮ ਹਰੇਕ ਲੋਕ ਸਭਾ ਹਲਕੇ ਤੱਕ ਪਹੁੰਚ ਕਰੇਗੀ ਜਦੋਂ ਕਿ ਭਾਜਪਾ ਦੀ 14 ਮੈਂਬਰੀ ਕੇਂਦਰੀ ਟੀਮ ਯੋਜਨਾ ਦੀ ਪ੍ਰਗਤੀ ਦੀ ਨਿਗਰਾਨੀ ਕਰੇਗੀ। ਇਸ ਮੁਹਿੰਮ ਦੇ ਤਿੰਨ ਪੜਾਅ ਹੋਣਗੇ।
ਪਹਿਲਾ ਪੜਾਅ 25 ਮਈ ਤੱਕ ਹੋਵੇਗਾ। ਇਸ ਤਹਿਤ ਸਾਰੇ ਸੂਬਿਆਂ ਨੂੰ ਹਰ ਸੰਸਦੀ ਹਲਕੇ ਵਿੱਚੋਂ 250 ਪ੍ਰਭਾਵਸ਼ਾਲੀ ਪਰਿਵਾਰਾਂ ਦੀ ਸ਼ਨਾਖ਼ਤ ਤੇ ਸੋਸ਼ਲ ਮੀਡੀਆ ’ਤੇ ਸਰਗਰਮ ਵਿਅਕਤੀਆਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ।
ਦੂਜਾ ਪੜਾਅ 29 ਮਈ ਤੋਂ 20 ਜੂਨ ਤੱਕ ਹੋਵੇਗਾ, ਜਿਸ ਦੌਰਾਨ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਵਿੱਚ 51 ਰੈਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਕਾਡਰਾਂ ਵਿੱਚ ਨਵੀਂ ਰੂਹ ਫੂਕੀ ਜਾ ਸਕੇ ਤੇ ਵੋਟਰਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਸਕਾਰਾਤਮਕ ਸੁਨੇਹਾ ਦਿੱਤਾ ਜਾ ਸਕੇ।
ਇੰਜ ਹੀ ਤੀਜਾ ਪੜਾਅ 20 ਜੂਨ ਤੋਂ 30 ਜੂਨ ਤਕ ਮੁਕੰਮਲ ਹੋਵੇਗਾ। ਇਸ ਦੌਰਾਨ ਸਾਰੇ ਲੋਕ ਸਭਾ ਹਲਕਿਆਂ ’ਚ 16 ਲੱਖ ਭਾਜਪਾ ਵਰਕਰ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ। ਜ਼ਿਕਰਯੋਗ ਹੈ ਕਿ ਇਹ ਮੁਹਿੰਮ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿੱਢੀ ਜਾ ਰਹੀ ਹੈ।