ਕਸੂਤੇ ਘਿਰੇ ਖੇਤੀ ਮੰਤਰੀ ਨਰਿੰਦਰ ਤੋਮਰ, ਕਿਸਾਨ ਅੰਦੋਲਨ ਬਾਰੇ ਕਹਿ ਬੈਠੇ ਇਹ ਗੱਲ
ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ ਸੰਸਦ ਵਿੱਚ ਖੇਤੀਬਾੜੀ ਮੰਤਰੀ ਨੇ ਇਹ ਕਹਿ ਕੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦਾ ਅਪਮਾਨ ਕੀਤਾ ਹੈ ਕਿ ਸਿਰਫ ਇੱਕ ਰਾਜ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਨਵੀਂ ਦਿੱਲੀ: ਸੰਸਦ ਵਿੱਚ ਕਿਸਾਨ ਅੰਦੋਲਨ ਨੂੰ ਸਿਰਫ ਇੱਕ ਰਾਜ ਦੇ ਲੋਕਾਂ ਦਾ ਕਹਿਣ ਮਗਰੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਬੁਰੀ ਤਰ੍ਹਾਂ ਘਿਰ ਗਏ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਕਿਸਾਨ ਲੀਡਰਾਂ ਦੇ ਨਾਲ-ਨਾਲ ਬੀਜੇਪੀ ਤੇ ਆਰਐਸਐਸ ਦੇ ਲੀਡਰ ਵੀ ਖਫਾ ਹਨ। ਆਰਐਸਐਸ ਦੇ ਸੀਨੀਅਰ ਲੀਡਰ ਰਘੂਨੰਦਨ ਸ਼ਰਮਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਤੋਮਰ ਦੇ ਸਿਰ ’ਤੇ ਸੱਤਾ ਦਾ ਨਸ਼ਾ ਸਵਾਰ ਹੈ।
ਉਧਰ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ ਸੰਸਦ ਵਿੱਚ ਖੇਤੀਬਾੜੀ ਮੰਤਰੀ ਨੇ ਇਹ ਕਹਿ ਕੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦਾ ਅਪਮਾਨ ਕੀਤਾ ਹੈ ਕਿ ਸਿਰਫ ਇੱਕ ਰਾਜ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੇ ਫਰਵਰੀ ਨੂੰ ਦੇਸ਼ ਪੱਧਰੀ ਚੱਕਾ ਜਾਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਵਿਰੁੱਧ ਇਕਜੁੱਟ ਹਨ।
ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਦੇਸ਼ ਵਿਆਪੀ ਚੱਕਾ ਜਾਮ ਮਗਰੋਂ ਕੀ ਕਹਿਣਗੇ। ਉਨ੍ਹਾਂ ਦੱਸਿਆ ਕਿ ਬਗੈਰ ਕਿਸੇ ਤਿਆਰੀ ਦਿੱਤੇ ਗਏ ਚੱਕਾ ਜਾਮ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਅਸਾਮ, ਤਿਲੰਗਾਨਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਤੇ ਹੋਰ ਰਾਜਾਂ ਵਿੱਚ ਵੱਡਾ ਸਮਰਥਨ ਮਿਲਿਆ।
ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਹੁਣ ਤੱਥ 205 ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਸਰਕਾਰ ਅਜੇ ਵੀ ਕਿਸਾਨਾਂ ਦੇ ਦਰਦ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ‘ਸਰਕਾਰ ਦੇ ਇਸ਼ਾਰੇ ’ਤੇ ਕੁਝ ਲੋਕ ਇਸ ਅੰਦੋਲਨ ਨੂੰ ‘ਅੰਦਰੂਨੀ ਮਾਮਲਾ’ ਕਹਿ ਕੇ ਦਬਾਉਣਾ ਚਾਹੁੰਦੇ ਹਨ ਪਰ ਇਹ ਸਮਝਣ ਦੀ ਜ਼ਰੂਰਤ ਹੈ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ, ਤੰਤਰ ਨਹੀਂ।’
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ