ਓਵੈਸੀ ਦਾ ਗੁਜਰਾਤ 'ਚ ਬੀਜੇਪੀ ਨੂੰ ਝਟਕਾ, ਗੋਧਰਾ ਨਗਰ ਕੌਂਸਲ ’ਤੇ ਕਬਜ਼ਾ
ਅਹਿਮਦਾਬਾਦ ’ਚ ਓਵੈਸੀ ਦੀ ਪਾਰਟੀ ਦੇ 7 ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਮੋਡਾਸਾ ’ਚ ਉਨ੍ਹਾਂ ਦੇ 9 ਉਮੀਦਵਾਰ ਜਿੱਤੇ ਹਨ।
ਮਹਿਤਾਬ-ਉਦ-ਦੀਨ
ਅਹਿਮਦਾਬਾਦ: ਗੁਜਰਾਤ ’ਚ ਗੋਧਰਾ ਨਗਰ ਕੌਂਸਲ ਉੱਤੇ ਅਸਦੁੱਦੀਨ ਓਵੈਸੀ ਦੀ ਪਾਰਟੀ AIMIM (ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ) ਦਾ ਕਬਜ਼ਾ ਹੋ ਗਿਆ ਹੈ। ਉਂਝ ਭਾਵੇਂ ਇਸ ਰਾਜ ਦੇ ਬਹੁਤੇ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਉੱਤੇ ਭਾਜਪਾ ਦਾ ਹੀ ਕਬਜ਼ਾ ਹੈ ਪਰ ਗੋਧਰਾ ’ਚ ਹਾਰ ਕਾਰਣ ਭਾਜਪਾ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।
ਅਹਿਮਦਾਬਾਦ ’ਚ ਓਵੈਸੀ ਦੀ ਪਾਰਟੀ ਦੇ 7 ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਮੋਡਾਸਾ ’ਚ ਉਨ੍ਹਾਂ ਦੇ 9 ਉਮੀਦਵਾਰ ਜਿੱਤੇ ਹਨ। ਜਿਸ ਗੋਧਰਾ ਨਗਰ ਪਾਲਿਕਾ ’ਚ ਭਾਜਪਾ ਨੂੰ AIMIM ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਬਹੁਮਤ ਲਈ ਕੁੱਲ 23 ਕੌਂਸਲਰਾਂ ਦੀ ਲੋੜ ਹੁੰਦੀ ਹੈ। AIMIM ਨੂੰ 17 ਆਜ਼ਾਦ ਉਮੀਦਵਾਰਾਂ ਦੀ ਹਮਾਇਤ ਤੋਂ ਬਾਅਦ 24 ਮੈਂਬਰਾਂ ਦਾ ਬਹੁਮੱਤ ਹਾਸਲ ਹੋਇਆ ਹੈ। ਭਾਜਪਾ ਹੁਣ ਆਪਣੇ 18 ਮੈਂਬਰਾਂ ਦੀ ਜਿੱਤ ਦੇ ਬਾਵਜੂਦ ਵਿਰੋਧੀ ਧਿਰ ਵਿੱਚ ਬੈਠੇਗੀ।
ਇੰਝ ਇਸ ਸ਼ਹਿਰ ਦੇ ਚੋਣ ਨਤੀਜਿਆਂ ਨੇ ਇਸ ਵਾਰ ਲੋਕਾਂ ਨੂੰ ਕੁਝ ਨਵਾਂ ਹੀ ਰੰਗ ਵਿਖਾਇਆ ਹੈ। ਅਜਿਹੀ ਸਥਿਤੀ ਭਵਿੱਖ ’ਚ ਭਾਜਪਾ ਲਈ ਬੇਹੱਦ ਚਿੰਤਾਜਨਕ ਹੋ ਸਕਦੀ ਹੈ। ਸਿਆਸੀ ਹਲਕਿਆਂ ’ਚ ਇਹ ਵੀ ਸੁਆਲ ਪੈਦਾ ਹੋ ਰਿਹਾ ਹੈ ਕਿ ਆਖ਼ਰ ਭਾਜਪਾ ਨੂੰ ਪੰਜ ਆਜ਼ਾਦ ਉਮੀਦਵਾਰਾਂ ਨੇ ਵੀ ਕਿਉਂ ਹਮਾਇਤ ਨਹੀਂ ਦਿੱਤੀ? ਸਾਰੇ ਆਜ਼ਾਦ ਕੌਂਸਲਰ ਇੱਕ ਪਾਸੇ ਹੀ ਕਿਉਂ ਝੁਕ ਗਏ।
ਇਸ ਲਈ ਭਾਜਪਾ ਲੀਡਰਸ਼ਿਪ ਦਾ ਰਵੱਈਆ ਤੇ ਉਸ ਦੀਆਂ ਕੁਝ ਗ਼ਲਤ ਨੀਤੀਆਂ ਜ਼ਿੰਮੇਵਾਰ ਹੋ ਸਕਦੀਆਂ ਹਨ। ਭਾਜਪਾ ਨੂੰ ਹੁਣ ਜ਼ਰੂਰ ਹੀ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜ਼ਰੂਰਤ ਹੈ।