ਦੇਸ਼ ਦੇ 35 ਲੱਖ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਨਵੀਂ ਸ਼ੁਰੂਆਤ
ਗ੍ਰਹਿ ਮੰਤਰਾਲੇ ਦੇ ਅਧੀਨ 7 ਕੇਂਦਰੀ ਅਰਧ ਸੈਨਿਕ ਬਲ ਹਨ। ਇਨ੍ਹਾਂ 'ਚ NSG, ਅਸਾਮ ਰਾਈਫਲਜ਼, ITBP, SSB, CISF, BSF ਤੇ CRPF ਸ਼ਾਮਲ ਹਨ।
ਨਵੀਂ ਦਿੱਲੀ: ਦੇਸ਼ ਦੇ ਸਾਰੇ ਕੇਂਦਰੀ ਅਰਧ ਸੈਨਿਕ ਬਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਮੁਫ਼ਤ ਤੇ ਨਕਦੀ ਰਹਿਤ ਇਲਾਜ ਉਪਲੱਬਧ ਹੋਵੇਗਾ। ਉਹ ਕਿਸੇ ਵੀ ਸੀਜੀਐਚਐਸ ਹਸਪਤਾਲ ਜਾਂ ਆਯੁਸ਼ਮਾਨ ਭਾਰਤ ਅਧੀਨ ਮਾਨਤਾ ਪ੍ਰਾਪਤ ਹਸਪਤਾਲ 'ਚ ਨਕਦ ਰਹਿਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਨਐਸਜੀ ਦੇ ਜਵਾਨ ਨੂੰ ਆਯੁਸ਼ਮਾਨ ਕਾਰਡ ਸੌਂਪ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਗ੍ਰਹਿ ਮੰਤਰਾਲੇ ਨੇ 31 ਦਸੰਬਰ ਤਕ ਕੇਂਦਰੀ ਅਰਧ ਸੈਨਿਕ ਬਲ ਦੇ ਸਾਰੇ 35 ਲੱਖ ਜਵਾਨਾਂ ਨੂੰ ਆਯੂਸ਼ਮਾਨ ਕਾਰਡ ਦੇਣ ਦਾ ਟੀਚਾ ਰੱਖਿਆ ਹੈ।
ਗ੍ਰਹਿ ਮੰਤਰਾਲੇ ਦੇ ਅਧੀਨ 7 ਕੇਂਦਰੀ ਅਰਧ ਸੈਨਿਕ ਬਲ ਹਨ। ਇਨ੍ਹਾਂ 'ਚ NSG, ਅਸਾਮ ਰਾਈਫਲਜ਼, ITBP, SSB, CISF, BSF ਤੇ CRPF ਸ਼ਾਮਲ ਹਨ। ਇਨ੍ਹਾਂ ਸਾਰਿਆਂ ਲਈ ਰਾਸ਼ਟਰੀ ਪੱਧਰ 'ਤੇ ਆਯੁਸ਼ਮਾਨ ਸੀਏਪੀਐਫ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਸੁਰੱਖਿਆ ਬਲਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ ਤੇ ਇਹ ਉਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕੇਂਦਰੀ ਅਰਧ ਸੈਨਿਕ ਬਲਾਂ ਦੇ ਸਾਰੇ ਸੇਵਾਦਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਵਰ ਕੀਤਾ ਜਾਵੇਗਾ। ਇਹ ਯੋਜਨਾ ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਤੇ ਰਾਸ਼ਟਰੀ ਸਿਹਤ ਅਥਾਰਟੀ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਹੈ।
ਗ੍ਰਹਿ ਮੰਤਰਾਲੇ ਨੇ ਇਕ ਟੋਲ ਫ੍ਰੀ ਹੈਲਪਲਾਈਨ ਨੰਬਰ 14588 ਜਾਰੀ ਕੀਤਾ ਹੈ ਤਾਂ ਜੋ ਆਯੁਸ਼ਮਾਨ CAPF ਯੋਜਨਾ ਦੇ ਲਾਭਪਾਤਰੀਆਂ ਨੂੰ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਆਨਲਾਈਨ ਸ਼ਿਕਾਇਤ ਦੀ ਪ੍ਰਣਾਲੀ ਤਿਆਰ ਕੀਤੀ ਗਈ ਹੈ, ਜਿਸ ਨਾਲ ਲਾਭਪਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਇਸ ਸਾਲ ਜਨਵਰੀ 'ਚ ਅਸਾਮ ਤੋਂ ਇਸ ਯੋਜਨਾ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਦਸੰਬਰ ਤਕ ਅਜ਼ਾਦੀ ਦੇ ਅੰਮ੍ਰਿਤ ਸਮਾਗਮ ਤਹਿਤ 7.5 ਲੱਖ ਕਾਰਡ ਸੌਂਪਣ ਦੀ ਤਿਆਰੀ ਕੀਤੀ ਗਈ ਪਰ ਬਾਅਦ 'ਚ ਇਸ ਨੂੰ ਵਧਾ ਕੇ ਸਾਰੇ 35 ਲੱਖ ਜਵਾਨਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ: Weather Update: ਸਾਵਧਾਨ! 5-6 ਨਵੰਬਰ ਨੂੰ ਖਤਰੇ ਦੀ ਘੰਟੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin