ਹੁਣ ਜਲਦ ਸਿਰੇ ਚੜ੍ਹੇਗਾ ਅੰਮ੍ਰਿਤਸਰ ਦਾ IIM, ਕੇਂਦਰੀ ਮੰਤਰੀ ਦਾ ਦਾਅਵਾ
ਰਮੇਸ਼ ਪੋਖਰੀਆਲ ਨੇ ਕਿਹਾ ਕਿ ਆਈਆਈਐਮ ਮਰਹੂਮ ਅਰੁਣ ਜੇਤਲੀ ਜੀ ਦਾ ਸੁਫਨਾ ਸੀ। ਇਸ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਨਿਸ਼ੰਕ ਨੇ ਦੱਸਿਆ ਕਿ ਇਸ ਦੇ ਲਈ ਜਗ੍ਹਾ ਤਾਂ ਐਕਵਾਇਰ ਕਰ ਲਈ ਗਈ ਸੀ ਪਰ ਇੱਕ ਏਕੜ ਜਗ੍ਹਾ ਅਕਵਾਇਰ ਨਾ ਹੋਣ ਕਾਰਨ ਇਸ ਦੀ ਡੀਪੀਆਰ ਬਣਨ ਵਿੱਚ ਵੱਡੀ ਮੁਸ਼ਕਲ ਆ ਰਹੀ ਸੀ। ਇਸੇ ਕਾਰਨ ਹੀ ਕੈਂਪਸ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਸੀ ਹੋ ਰਿਹਾ।
ਅੰਮ੍ਰਿਤਸਰ: ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਅੱਜ ਅੰਮ੍ਰਿਤਸਰ ਵਿੱਚ ਭੂਮੀ ਪੂਜਨ ਕਰਕੇ ਆਈਆਈਐਮ ਦੇ ਕੈਂਪਸ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਵੱਲੋਂ ਪੂਰੇ ਵਿਧੀ ਵਿਧਾਨ ਨਾਲ ਮੰਤਰਾਂ ਦੇ ਉਚਾਰਨ ਵਿੱਚ ਭੂਮੀ ਪੂਜਨ ਕੀਤਾ ਗਿਆ ਤੇ ਇੱਟ ਲਾਈ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਰਮੇਸ਼ ਪੋਖਰੀਆਲ ਨੇ ਕਿਹਾ ਕਿ ਆਈਆਈਐਮ ਮਰਹੂਮ ਅਰੁਣ ਜੇਤਲੀ ਜੀ ਦਾ ਸੁਫਨਾ ਸੀ। ਇਸ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਨਿਸ਼ੰਕ ਨੇ ਦੱਸਿਆ ਕਿ ਇਸ ਦੇ ਲਈ ਜਗ੍ਹਾ ਤਾਂ ਐਕਵਾਇਰ ਕਰ ਲਈ ਗਈ ਸੀ ਪਰ ਇੱਕ ਏਕੜ ਜਗ੍ਹਾ ਅਕਵਾਇਰ ਨਾ ਹੋਣ ਕਾਰਨ ਇਸ ਦੀ ਡੀਪੀਆਰ ਬਣਨ ਵਿੱਚ ਵੱਡੀ ਮੁਸ਼ਕਲ ਆ ਰਹੀ ਸੀ। ਇਸੇ ਕਾਰਨ ਹੀ ਕੈਂਪਸ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਸੀ ਹੋ ਰਿਹਾ।
ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਆਈਆਈਐਮ ਦੀਆਂ ਕਲਾਸਾਂ ਚੱਲ ਰਹੀਆਂ ਸਨ ਪਰ ਹੁਣ ਸਾਰੀਆਂ ਅੜਚਨਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਕਿਉਂਕਿ ਇੱਕ ਏਕੜ ਜਗ੍ਹਾ ਵੀ ਅਕਵਾਇਰ ਕਰ ਲਈ ਗਈ ਹੈ। ਇਸ ਲਈ ਪਹਿਲੇ ਫੇਜ਼ ਤਹਿਤ ਸਾਢੇ ਤਿੰਨ ਸੌ ਕਰੋੜ ਦੀ ਰਾਸ਼ੀ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੀ ਹੈ। ਜਦੋਂ ਪਹਿਲਾ ਫੇਜ਼ ਮੁਕੰਮਲ ਹੋ ਜਾਵੇਗਾ ਤੇ ਦੂਸਰਾ ਸ਼ੁਰੂ ਹੋਵੇਗਾ ਤਾਂ ਕੇਂਦਰ ਸਰਕਾਰ ਵੱਲੋਂ ਢਾਈ ਸੌ ਕਰੋੜ ਰੁਪਏ ਦੀ ਦੂਸਰੀ ਕਿਸ਼ਤ ਵੀ ਆਈਆਈਐਮ ਦੇ ਕੈਂਪਸ ਲਈ ਭੇਜ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਨਿਸ਼ਾਂਕ ਨੇ ਨਾਲ ਹੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੇਂਦਰ ਸਰਕਾਰ ਵੱਲੋਂ ਸਰਵ ਧਰਮ ਸਟੱਡੀ ਸੈਂਟਰ ਯੂਨੀਵਰਸਿਟੀ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਇਸ ਦਾ 482 ਕਰੋੜ ਰੁਪਏ ਵਿੱਚ ਤਿਆਰ ਹੋਣ ਦਾ ਅਨੁਮਾਨ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਕਿਉਂਕਿ ਇਹ ਆਈਆਈਐਮ ਸੈਂਟਰ ਪੰਜਾਬ ਲਈ ਬਹੁਤ ਮਹੱਤਵਪੂਰਨ ਹੋਵੇਗਾ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬਣਾਇਆ ਜਾਵੇ, ਇਹ ਸਾਡਾ ਹੱਕ ਹੈ।
ਦੂਜੇ ਪਾਸੇ ਆਈਆਈਐਮ ਦੇ ਵਿਦਿਆਰਥੀਆਂ ਨੇ ਇਸ ਕੈਂਪ ਦੇ ਭੂਮੀ ਪੂਜਨ ਸਮਾਗਮ ਵਿੱਚ ਸ਼ਿਰਕਤ ਕਰਨ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਈਆਈਐਮ ਦਾ ਆਪਣਾ ਕੈਂਪਸ ਤਿਆਰ ਹੋਣ ਜਾ ਰਿਹਾ ਹੈ ਕਿਉਂਕਿ ਆਪਣੇ ਕੈਂਪਸ ਦੀ ਵੱਖਰੀ ਹੀ ਦੁਨੀਆ ਹੁੰਦੀ ਹੈ। ਹਰ ਕੋਈ ਇਸ ਦਾ ਆਨੰਦ ਲੈਣਾ ਚਾਹੁੰਦਾ ਹੈ। ਉਨ੍ਹਾਂ ਨੂੰ ਭਾਵੇਂ ਹੁਣ ਵੀ ਕੋਈ ਮੁਸ਼ਕਲ ਨਹੀਂ ਆ ਰਹੀ ਪਰ ਆਪਣਾ ਕੈਂਪਸ ਆਪਣਾ ਹੀ ਹੁੰਦਾ ਹੈ।