ਕੇਜਰੀਵਾਲ ਨੇ ਮੁੜ ਕਿਹਾ, 300 ਯੂਨਿਟ ਬਿਜਲੀ ਦੇਵਾਂਗੇ ਮੁਫ਼ਤ, ਨਹੀਂ ਲੱਗੇਗਾ ਕੋਈ ਪਾਵਰ ਕੱਟ
ਕੇਜਰੀਵਾਲ ਨੇ ਕਿਹਾ, 'ਦਿੱਲੀ ਦੀ ਤਰ੍ਹਾਂ ਉੱਤਰਾਖੰਡ 'ਚ ਸਾਡੀ ਸਰਕਾਰ ਬਣੇਗੀ ਤਾਂ 300 ਯੂਨਿਟ ਤਕ ਮੁਫ਼ਤ ਬਿਜਲੀ ਦਿਆਂਗੇ। ਪੁਰਾਣੇ ਬਿੱਲ ਮਾਫ ਕੀਤੇ ਜਾਣਗੇ।
ਨਵੀਂ ਦਿੱਲੀ: ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਲੀਡਰਾਂ ਦੇ ਗੇੜੇ ਤੇ ਐਲਾਨ ਸ਼ੁਰੂ ਹੋ ਜਾਂਦੇ ਹਨ। ਅਜਿਹੇ 'ਚ ਉੱਤਰਾਖੰਡ 'ਚ ਹੁਣ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਸਾਡੀ ਸਰਕਾਰ ਆਉਣ 'ਤੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਦਰਅਸਲ ਉੱਤਰਾਖੰਡ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਉੱਤਰਾਖੰਡ ਦੌਰੇ 'ਤੇ ਪਹੁੰਚੇ ਕੇਜਰੀਵਾਲ ਨੇ ਸੱਤਾਧਿਰ ਬੀਜੇਪੀ ਤੇ ਕਾਂਗਰਸ ਦੋਵਾਂ ਪਾਰਟੀਆਂ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ 70 ਸਾਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੋਈ ਸੱਤਾਧਿਰ ਸਿਆਸੀ ਪਾਰਟੀ ਖੁਦ ਹੀ ਕਹਿੰਦੀ ਹੈ ਕਿ ਸਾਡਾ ਮੁੱਖ ਮੰਤਰੀ ਬੇਕਾਰ ਹੈ।
ਵੈਸੇ ਤਾਂ ਵਿਰੋਧੀ ਧਿਰ ਕਹਿੰਦੀ ਹੈ ਪਰ ਉੱਤਰਾਖੰਡ 'ਚ ਸੱਤਾਧਿਰ ਪਾਰਟੀ ਹੀ ਆਪਣੇ ਸੀਐਮ ਨੂੰ ਬੇਕਾਰ ਕਹਿੰਦੀ ਹੈ। ਉੱਥੇ ਹੀ ਉੱਤਰਾਖੰਡ ਵਿਰੋਧੀ ਧਿਰ ਕੋਲ ਕੋਈ ਲੀਡਰ ਹੀ ਨਹੀਂ ਹੈ। ਕੇਜਰੀਵਾਲ ਨੇ ਕਿਹਾ ਦੋਵਾਂ ਹੀ ਪਾਰਟੀਆਂ ਨੂੰ ਕਿਸੇ ਦਾ ਕੋਈ ਫਿਕਰ ਨਹੀਂ, ਦੋਵੇਂ ਕੁਰਸੀ ਲਈ ਲੜ ਰਹੀਆਂ ਹਨ।
ਕਿਸਾਨਾਂ ਨੂੰ ਮੁਫ਼ਤ ਬਿਜਲੀ, ਨਹੀਂ ਲੱਗੇਗਾ ਪਾਵਰ ਕੱਟ
ਬਿਜਲੀ ਦੇ ਮੁੱਦੇ 'ਤੇ ਕੇਜਰੀਵਾਲ ਨੇ ਕਿਹਾ 'ਉੱਤਰਾਖੰਡ ਖੁਦ ਬਿਜਲੀ ਬਣਾਉਂਦਾ ਹੈ। ਇੱਥੋਂ ਦੂਜੇ ਸੂਬਿਆਂ ਨੂੰ ਬਿਜਲੀ ਭੇਜੀ ਜਾਂਦੀ ਹੈ। ਫਿਰ ਵੀ ਉੱਤਰਾਖੰਡ ਦੇ ਨਿਵਾਸੀਆਂ ਨੂੰ ਬਿਜਲੀ ਏਨੀ ਮਹਿੰਗੀ ਕਿਉਂ ਮਿਲਦੀ ਹੈ। ਕੀ ਕਦੇ ਕਿਸੇ ਉੱਤਰਾਖੰਡ ਸਰਕਾਰ ਨੇ ਇੱਥੋਂ ਦੇ ਲੋਕਾਂ ਨੂੰ ਮੁਫ਼ਤ ਜਾਂ ਸਸਤੀ ਬਿਜਲੀ ਦੇਣ ਬਾਰੇ ਸੋਚਿਆ? ਨਹੀਂ। ਕਿਉਂਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ। ਉਹ ਸਿਰਫ਼ ਸੱਤਾ ਦੀ ਲੜਾਈ 'ਚ ਲੱਗੇ ਹੋਏ ਹਨ।'
ਕੇਜਰੀਵਾਲ ਨੇ ਕਿਹਾ, 'ਦਿੱਲੀ ਦੀ ਤਰ੍ਹਾਂ ਉੱਤਰਾਖੰਡ 'ਚ ਸਾਡੀ ਸਰਕਾਰ ਬਣੇਗੀ ਤਾਂ 300 ਯੂਨਿਟ ਤਕ ਮੁਫ਼ਤ ਬਿਜਲੀ ਦਿਆਂਗੇ। ਪੁਰਾਣੇ ਬਿੱਲ ਮਾਫ ਕੀਤੇ ਜਾਣਗੇ। ਕੋਈ ਪਾਵਰ ਕੱਟ ਨਹੀਂ ਲੱਗੇਗਾ। 24 ਘੰਟੇ ਬਿਜਲੀ ਆਵੇਗੀ। ਕਿਸਾਨਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਵੇਗੀ।'