ਵਿਧਾਨ ਸਭਾ ਚੋਣ 2021: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਹੋਵੇਗੀ ਅਹਿਮ ਮੀਟਿੰਗ, ਉਮੀਦਵਾਰਾਂ ਦੀ ਪਹਿਲੀ ਸੂਚੀ ‘ਤੇ ਮੰਥਨ ਦੀ ਤਿਆਰੀ
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂਵਾਂ ਸਬੰਧੀ ਵੀਰਵਾਰ ਨੂੰ ਇੱਕ ਮੀਟਿੰਗ ਹੋਵੇਗੀ। ਭਾਜਪਾ ਨੇਤਾ ਉਮੀਦਵਾਰਾਂ ਦੀ ਪਹਿਲੀ ਸੂਚੀ 'ਤੇ ਮੰਥਨ ਕਰਨਗੇ।
ਨਵੀਂ ਦਿੱਲੀ: ਪੰਜ ਸੂਬਿਆਂ- ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਗੁਲ ਵੱਜ ਚੁੱਕਿਆ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂਵਾਂ 'ਤੇ ਮੰਥਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਦਿੱਲੀ ਵਿੱਚ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਉਮੀਦਵਾਰਾਂ ਦੀ ਪਹਿਲੀ ਸੂਚੀ 'ਤੇ ਫੈਸਲਾ ਹੋਵੇਗਾ।
ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੈਠਕ ਵਿਚ ਸ਼ਾਮਲ ਹੋ ਸਕਦੇ ਹਨ। ਬੁੱਧਵਾਰ ਨੂੰ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਹੋਈ ਸਾਂਝੀ ਬੈਠਕ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਗ੍ਰਹਿ ਵਿਖੇ ਉਮੀਦਵਾਰਾਂ ਦੇ ਨਾਂਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਦੱਸ ਦਈਏ ਕਿ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਅਸਾਮ 'ਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨਾਲ ਸੀਟ ਸਾਂਝੇ ਕਰਨ 'ਤੇ ਸਮਝੌਤਾ ਹੋਇਆ ਸੀ। ਹੁਣ ਇਸਦਾ ਰਸਮੀ ਐਲਾਨ ਹੋਣਾ ਹੈ। ਜੇਪੀ ਨੱਡਾ, ਅਸਾਮ ਦੇ ਮੁੱਖ ਮੰਤਰੀ ਸਰਬੰੰਦ ਸੋਨੋਵਾਲ, ਪ੍ਰਦੇਸ਼ ਭਾਜਪਾ ਪ੍ਰਧਾਨ ਰਣਜੀਤ ਦਾਸ, ਏਜੀਪੀ ਪ੍ਰਧਾਨ ਅਤੇ ਰਾਜ ਸਰਕਾਰ ਦੇ ਮੰਤਰੀ ਅਤੁਲ ਬੋਰਾ, ਯੂਪੀਐਲ ਦੇ ਮੁਖੀ ਪ੍ਰਮੋਦ ਬੋਰਾ, ਭਾਜਪਾ ਨੇਤਾ ਅਤੇ ਮੰਤਰੀ ਹੇਮੰਤ ਵਿਸ਼ਵ ਸਰਮਾ ਵੀ ਇਸ ਮੀਟਿੰਗ ਵਿੱਚ ਮੌਜੂਦ ਸੀ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਟੀਐਮਸੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਟੀਐਮਸੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, “ਅਸੀਂ 27 ਫਰਵਰੀ ਨੂੰ ਵੋਟਿੰਗ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਖਰੜਾ ਤਿਆਰ ਕਰ ਲਿਆ ਸੀ। ਅਸੀਂ ਸ਼ੁਰੂਆਤੀ ਪੜਾਅ ਵਿੱਚ ਸੂਚੀ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਹੁਣ 294 ਉਮੀਦਵਾਰਾਂ ਦੀ ਪੂਰੀ ਸੂਚੀ 5 ਮਾਰਚ ਨੂੰ ਪਾਰਟੀ ਮੁਖੀ ਵੱਲੋਂ ਐਲਾਨ ਕੀਤੀ ਜਾਵੇਗੀ।”
ਖਾਸ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਚ ਅੱਠ, ਅਸਾਮ ਵਿਚ ਤਿੰਨ ਅਤੇ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਚ ਇੱਕ ਪੜਾਅ ਵਿਚ ਵੋਟਿੰਗ ਹੋਵੇਗੀ। ਪੱਛਮੀ ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਵੇਗਾ ਅਤੇ ਆਖਰੀ ਪੜਾਅ ਲਈ ਵੋਟਿੰਗ 29 ਅਪਰੈਲ ਨੂੰ ਹੋਵੇਗੀ। ਅਸਾਮ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਵੇਗਾ, ਜਦੋਂਕਿ ਵੋਟਿੰਗ ਦਾ ਅੰਤਮ ਪੜਾਅ 6 ਅਪਰੈਲ ਨੂੰ ਹੋਵੇਗਾ। ਇਸ ਦੇ ਨਾਲ ਹੀ ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ 6 ਅਪਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin