Assembly Election 2022: ਪੰਜ ਰਾਜਾਂ 'ਚ ਚੋਣਾਂ ਦੀਆਂ ਤਾਰੀਖਾਂ ਬਾਰੇ ਵੱਡੀ ਜਾਣਕਾਰੀ ਆਈ ਸਾਹਮਣੇ
ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਮੁਤਾਬਕ ਚੋਣ ਕਮਿਸ਼ਨ ਅਗਲੇ ਸਾਲ ਜਨਵਰੀ ਦੇ ਸ਼ੁਰੂ ‘ਚ ਇਨ੍ਹਾਂ ਸੂਬਿਆਂ ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ।
Assembly Election 2022: ਚੋਣ ਕਮਿਸ਼ਨ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਕਰ ਸਕਦਾ ਹੈ। ਚੋਣ ਕਮਿਸ਼ਨ ਬੁੱਧਵਾਰ ਤੋਂ ਇਨ੍ਹਾਂ ਚੋਣਾਂ ਵਾਲੇ ਰਾਜਾਂ ਦਾ ਰਵਾਇਤੀ ਦੌਰਾ ਸ਼ੁਰੂ ਕਰੇਗਾ। ਕਮਿਸ਼ਨ ਪਹਿਲਾਂ ਪੰਜਾਬ ਜਾਵੇਗਾ। ਉੱਥੇ ਉਹ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਵੇਗਾ।
ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ, ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਅਨੂਪ ਚੰਦਰ ਪਾਂਡੇ ਅਗਲੇ ਹਫ਼ਤੇ ਗੋਆ ਤੇ ਉੱਤਰਾਖੰਡ ਦਾ ਦੌਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੇ ਉੱਤਰ ਪ੍ਰਦੇਸ਼ ਦੌਰੇ ਦੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ। ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਉੱਤਰਾਖੰਡ ਦੌਰੇ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਦੌਰਾ ਕਦੇ ਵੀ ਹੋ ਸਕਦਾ ਹੈ।
ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਮੁਤਾਬਕ ਚੋਣ ਕਮਿਸ਼ਨ ਅਗਲੇ ਸਾਲ ਜਨਵਰੀ ਦੇ ਸ਼ੁਰੂ ‘ਚ ਇਨ੍ਹਾਂ ਸੂਬਿਆਂ ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਕਮਿਸ਼ਨ ਨੇ ਪਹਿਲਾਂ ਹੀ ਚੋਣ ਰਾਜਾਂ ਨੂੰ 1 ਜਨਵਰੀ, 2022 ਤੋਂ ਪਹਿਲਾਂ ਸੋਧੀਆਂ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਲਈ ਕਿਹਾ ਹੈ। ਕਈ ਰਾਜਾਂ ਨੇ 1 ਜਨਵਰੀ ਨੂੰ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਦਾ ਐਲਾਨ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ 5 ਜਨਵਰੀ 2022 ਨੂੰ ਸੋਧੀ ਹੋਈ ਵੋਟਰ ਸੂਚੀ ਪ੍ਰਕਾਸ਼ਿਤ ਕਰੇਗਾ। ਚੋਣ ਕਮਿਸ਼ਨ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਸੋਧੀਆਂ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਦੀ ਉਡੀਕ ਕਰਦਾ ਹੈ। ਹਾਲਾਂਕਿ, ਇਹ ਇੱਕ ਬੰਧਨ ਵਾਲਾ ਨਿਯਮ ਨਹੀਂ।
ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਰਾਜਾਂ ਦਾ ਦੌਰਾ ਕਰਦਾ ਹੈ ਤੇ ਕਈ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਦਾ ਹੈ। ਇਸ ਵਿੱਚ ਸਥਾਨਕ ਤੀਜ-ਤਿਉਹਾਰਾਂ, ਮੌਸਮ ਦੀ ਸਥਿਤੀ, ਫਸਲੀ ਚੱਕਰ, ਕਾਨੂੰਨ ਵਿਵਸਥਾ ਦੀ ਸਥਿਤੀ, ਚੋਣਾਂ ਲਈ ਕੇਂਦਰੀ ਬਲਾਂ ਦੀ ਲੋੜ ਤੇ ਕੋਰੋਨਾ ਪ੍ਰੋਟੋਕੋਲ ਬਾਰੇ ਜਾਣਕਾਰੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਚੋਣ ਕਮਿਸ਼ਨ ਇਨ੍ਹਾਂ ਦੌਰਿਆਂ 'ਤੇ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਵੀ ਸੁਣਦਾ ਹੈ। ਇਸ ਤੋਂ ਇਲਾਵਾ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਚੋਣ ਕਮਿਸ਼ਨ ਦੀ ਮੀਟਿੰਗ ਹੁੰਦੀ ਹੈ। ਇਸ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ ਜਾਂਦੀ ਹੈ।
ਚੋਣ ਕਮਿਸ਼ਨ ਵੱਲੋਂ ਚੋਣ ਰਾਜਾਂ ਦਾ ਦੌਰਾ ਕਰਕੇ ਜੋ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਉਹ ਇਨ੍ਹਾਂ ਦੀ ਵਰਤੋਂ ਚੋਣਾਂ ਦੀਆਂ ਤਰੀਕਾਂ ਤੈਅ ਕਰਨ ਲਈ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਫਰਵਰੀ 'ਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ 6 ਤੋਂ 8 ਪੜਾਵਾਂ 'ਚ ਚੋਣਾਂ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਅਗਲੇ ਸਾਲ 15 ਮਾਰਚ ਤੋਂ 14 ਮਈ ਤੱਕ ਖਤਮ ਹੋ ਰਿਹਾ ਹੈ।
ਜਿਨ੍ਹਾਂ ਰਾਜਾਂ ਵਿੱਚ ਵਿਧਾਨ ਸਭਾਵਾਂ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ਰਾਜਾਂ ਵਿੱਚ ਚੋਣਾਂ ਇੱਕੋ ਸਮੇਂ ਹੁੰਦੀਆਂ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ 14 ਮਈ 2022 ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿੱਚ ਚੋਣ ਕਮਿਸ਼ਨ 15 ਮਾਰਚ 2022 ਤੋਂ ਇੱਕ ਹਫ਼ਤਾ ਪਹਿਲਾਂ ਸਾਰੇ ਰਾਜਾਂ ਦੀਆਂ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਨਿਯਮਾਂ ਮੁਤਾਬਕ ਚੋਣ ਕਮਿਸ਼ਨ ਕਿਸੇ ਰਾਜ ਦੀ ਵਿਧਾਨ ਸਭਾ ਦੀ ਮਿਆਦ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਕਿਸੇ ਵੀ ਸਮੇਂ ਚੋਣਾਂ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ: Punjab Election 2022 : ਚੋਣ ਲੜਨ ਜਾ ਰਹੇ SKM ਦੇ ਆਗੂਆਂ ਨੂੰ ਯੋਗੇਂਦਰ ਯਾਦਵ ਦੀ ਸਲਾਹ, ਨਾ ਕਰਨ ਇਸ ਗੱਲ ਦੀ ਵਰਤੋਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin