ਤੀਜੀ ਵਾਰ ਮੁੱਖ ਮੰਤਰੀ ਬਣਦਿਆਂ ਮਮਤਾ ਬੈਨਰਜੀ ਸਾਹਮਣੇ ਵੱਡੀਆਂ ਚੁਣੌਤੀਆਂ
ਚੋਣ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ ਤੋਂ ਹਿੰਸਾ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਲੁੱਟ ਤੇ ਕਤਲ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੱਛਮੀ ਬੰਗਾਲ ਵਿਧਾਨਸਭਾ ਚੋਣਾਂ 'ਚ ਮਮਤਾ ਬੈਨਰਜੀ ਨੂੰ ਇਤਿਹਾਸਕ ਜਿੱਤ ਮਿਲੀ ਹੈ। ਉਨ੍ਹਾਂ ਦੀ ਪਾਰਟੀ ਟੀਐਮਸੀ ਨੇ 292 'ਚੋਂ 213 ਸੀਟਾਂ 'ਤੇ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਉੱਥੇ ਹੀ ਪੂਰਾ ਜ਼ੋਰ ਲਾਉਣ ਤੋਂ ਬਾਅਦ ਵੀ ਬੀਜੇਪੀ ਸਿਰਫ 77 ਸੀਟਾਂ ਹੀ ਜਿੱਤ ਸਕੀ ਹੈ। ਅੱਜ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ ਤੇ ਤੀਜੀ ਵਾਰ ਸੂਬੇ ਦੀ ਕਮਾਨ ਸਾਂਭ ਲਈ ਹੈ। ਇਸ ਵਾਰ ਉਨ੍ਹਾਂ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ।
ਕਿਵੇਂ ਰੁਕੇਗੀ ਹਿੰਸਾ?
ਚੋਣ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ ਤੋਂ ਹਿੰਸਾ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਲੁੱਟ ਤੇ ਕਤਲ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ। ਕਾਨੂੰਨ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ। ਇਲਜ਼ਾਮ ਲੱਗ ਰਹੇ ਹਨ ਕਿ ਬੀਜੇਪੀ ਤੇ ਉਸਦੇ ਕਾਰਕੁੰਨਾਂ ਨੂੰ ਟੀਐਮਸੀ ਨਿਸ਼ਾਨਾ ਬਣਾ ਰਹੀ ਹੈ। ਅਜਿਹੇ 'ਚ ਮੁੱਖ ਮੰਤਰੀ ਲਈ ਇਹ ਬਹੁਤ ਹੀ ਚੁਣੌਤੀ ਪੂਰਵਕ ਸਥਿਤੀ ਹੈ ਕਿ ਇਨ੍ਹਾਂ ਘਟਨਾਵਾਂ ਤੇ ਕਿਵੇਂ ਲਗਾਮ ਲਾਉਣਾ ਹੈ ਤੇ ਸੂਬੇ 'ਚ ਸ਼ਾਂਤੀ ਦਾ ਮਾਹੌਲ ਬਣਾਉਣਾ ਹੈ।
ਕੋਰੋਨਾ ਦੀ ਸਥਿਤੀ ਬੇਕਾਬੂ
ਹੁਣ ਤਕ ਦੇਸ਼ਭਰ 'ਚ ਕੋਰੋਨਾ ਦੀ ਸਥਿਤੀ ਬੇਕਾਬੂ ਹੋ ਚੁੱਕੀ ਹੈ। ਹਰ ਪਾਸੇ ਲੋਕਾਂ ਦੇ ਮਰਨ ਦੀਆਂ ਖ਼ਬਰਾਂ ਹਨ। ਤਾਜ਼ਾ ਅੰਕੜਿਆਂ ਮੁਤਾਬਕ 4 ਮਈ ਨੂੰ ਪੱਛਮੀ ਬੰਗਾਲ 'ਚ 17 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਤੇ 107 ਲੋਕਾਂ ਦੀ ਮੌਤ ਹੋ ਗਈ। ਇਨਫੈਕਸ਼ਨ ਤੇ ਮੌਤਾਂ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸੂਬੇ 'ਚ ਲਾਗ ਨਾਲ 11,744 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1,20,946 ਐਕਟਿਵ ਮਾਮਲੇ ਹਨ। ਇਸ ਸਥਿਤੀ 'ਤੇ ਕਿਵੇਂ ਕਾਬੂ ਪਾਇਆ ਜਾਵੇ? ਇਹ ਵੀ ਮਮਤਾ ਬੈਨਰਜੀ ਲਈ ਇਕ ਚੁਣੌਤੀ ਹੈ।
ਵੈਂਟੀਲੇਟਰ ਤੇ ਆਕਸੀਜਨ ਦੀ ਕਮੀ
ਚੋਣਾਂ ਦੇ ਵਿਚ ਸੱਤਾਧਿਰ ਟੀਐਮਸੀ ਸਮੇਤ ਸਾਰੀਆਂ ਪਾਰਟੀਆਂ ਕੋਰੋਨਾ ਦੀ ਸਥਿਤੀ ਨੂੰ ਨਜ਼ਰ ਅੰਦਾਜ਼ ਕਰਕੇ ਪ੍ਰਚਾਰ 'ਚ ਲੱਗੀਆਂ ਹੋਈਆਂ ਹਨ। ਫਰਵਰੀ 'ਚ ਜਦੋਂ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਪੱਛਮੀ ਬੰਗਾਲ 'ਚ ਰੋਜ਼ਾਨਾ 200 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਸਨ ਤੇ ਹੁਣ ਇਹ ਅੰਕੜਾ 17 ਹਜ਼ਾਰ ਪਹੁੰਚ ਚੁੱਕਾ ਹੈ। ਕੋਰੋਨਾ ਇਨਫੈਕਸ਼ਨ ਦੇ ਮਾਮਲੇ ਹਰ ਰੋਜ਼ ਰਿਕਾਰਡ ਨੰਬਰ 'ਚ ਆ ਰਹੇ ਹਨ। ਹਸਪਤਾਲਾਂ 'ਚ ਵੈਂਟੀਲੇਟਰ ਨਹੀਂ, ਆਕਸੀਜਨ ਦੀ ਕਮੀ ਹੈ, ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ।
ਵੱਡੀ ਜਿੱਤ ਦੀ ਜ਼ਿੰਮੇਵਾਰੀ
ਜਦੋਂ ਸਰਕਾਰ ਵੱਡੀ ਜਿੱਤ ਦਰਜ ਕਰਦੀ ਹੈ ਤਾਂ ਜਨਤਾ ਦੀਆਂ ਉਮੀਦਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਅਜਿਹੀ ਜਿੱਤ ਇਸ ਵਾਰ ਪੱਛਮੀ ਬੰਗਾਲ ਦੀ ਜਨਤਾ ਨੇ ਮਮਤਾ ਬੈਨਰਜੀ ਨੂੰ ਦਿੱਤੀ ਹੈ। 2016 ਦੇ ਮੁਕਾਬਲੇ ਟੀਐਮਸੀ ਨੂੰ ਸੀਟਾਂ ਤੇ ਵੋਟ ਪਰਸੈਂਟ ਜ਼ਿਆਦਾ ਮਿਲਿਆ ਹੈ। 2016 'ਚ ਟੀਐਮਸੀ ਨੇ 294 'ਚੋਂ 211 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਇਹ ਅੰਕੜਾ 213 ਤੇ ਪਹੁੰਚ ਗਿਆ ਹੈ।
ਬੀਜੇਪੀ ਦੀ ਵੋਟ ਪ੍ਰਤੀਸ਼ਤ ਦੋ ਫੀਸਦ ਘੱਟ ਹੋਈ ਤੇ ਟੀਐਮਸੀ ਦਾ ਅੰਕੜਾ 5 ਪ੍ਰਤੀਸ਼ਤ ਵਧ ਗਿਆ। ਇਸ ਤਰ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਨੇ ਮਮਤਾ ਬੈਨਰਜੀ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ। ਸੂਬੇ 'ਚ ਮਿਡਲ ਕਲਾਸ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਕੰਮ ਦੇਣ ਦਾ ਵਾਅਦਾ ਹਰ ਸਰਕਾਰ ਕਰਦੀ ਹੈ। ਹੁਣ ਇਸ ਵਾਰ ਮੁੱਖ ਮੰਤਰੀ ਦੇ ਸਾਹਮਣੇ ਇਹ ਚੁਣੌਤੀ ਹੈ ਕਿ ਉਹ ਕਿਵੇਂ ਹਰ ਵਰਗ ਦੂ ਜਨਤਾ ਨੂੰ ਕੰਮ ਤੇ ਕਮਾਈ ਦਾ ਜਰੀਆ ਦਿੰਦੀ ਹੈ।
ਕੇਂਦਰ ਦੇ ਨਾਲ ਵਿਵਾਦ
ਮਮਤਾ ਬੈਨਰਜੀ ਤੇ ਕੇਂਦਰ ਸਰਕਾਰ 'ਚ ਇਕ ਦੂਜੇ 'ਤੇ ਇਲਜ਼ਾਮਬਾਜ਼ੀ ਦੀਆਂ ਖਬਰਾਂ ਆਮ ਹਨ। ਮਮਤਾ ਕਈ ਵਾਰ ਇਲਜ਼ਾਮ ਲਾ ਚੁੱਕੇ ਹਨ ਕਿ ਪੱਛਮੀ ਬੰਗਾਲ ਨੂੰ ਲੈਕੇ ਕੇਂਦਰ ਦਾ ਰਵੱਈਆ ਵਿਤਕਰੇ ਭਰਿਆ ਹੈ। ਹਾਲ ਹੀ 'ਚ ਕੋਵਿਡ-19 ਦੀ ਵੈਕਸੀਨ ਨੂੰ ਲੈਕੇ ਵੀ ਮਮਤਾ ਨੇ ਕਿਹਾ ਸੀ ਕਿ ਉਹ ਮੁਫ਼ਤ 'ਚ ਲੋਕਾਂ ਨੂੰ ਵੈਕਸੀਨੇਟ ਕਰਨਾ ਚਾਹੁੰਦੀ ਹੈ। ਪਰ ਕੇਂਦਰ ਸਰਕਾਰ ਅਜਿਹਾ ਨਹੀਂ ਕਰਨ ਦੇ ਰਹੀ। ਵੈਕਸੀਨ ਦੀ ਕੀਮਤ ਨੂੰ ਲੈਕੇ ਵੀ ਮਮਤਾ ਸਵਾਲ ਚੁੱਕ ਹਟੀ ਹੈ।
ਕਈ ਯੋਜਨਾਵਾਂ ਨੂੰ ਲੈ ਕੇ ਮਮਤਾ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾਵਰ ਰਹਿੰਦੀ ਹੈ। ਕੇਂਦਰ ਸਰਕਾਰ ਵੀ ਕਈ ਵਾਰ ਇਹ ਇਲਜ਼ਾਮ ਲਾ ਚੁੱਕੀ ਹੈ ਕਿ ਮਮਤਾ ਬੈਨਰਜੀ ਜ਼ਰੂਰੀ ਬੈਠਕਾਂ 'ਚ ਗੈਰ ਹਾਜ਼ਰ ਰਹਿੰਦੇ ਹਨ। ਕੋਰੋਨਾ ਸਥਿਤੀ ਨੂੰ ਦੇਖਦਿਆਂ ਮਮਤਾ ਨੂੰ ਕੇਂਦਰ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤੇ ਇਸ ਭਿਆਨਕ ਸਥਿਤੀ ਤੋਂ ਬਾਹਰ ਨਿੱਕਲਣਾ ਹੋਵੇਗਾ। ਮੁੱਖ ਮੰਤਰੀ ਇਸ ਸਥਿਤੀ 'ਚ ਕਿਵੇਂ ਸਰਕਾਰ ਦੇ ਨਾਲ ਰਿਸ਼ਤੇ ਸੁਧਾਰਦੀ ਹੈ ਇਹ ਵੱਡੀ ਚੁਣੌਤੀ ਹੈ।