ਪੰਜ ਰਾਜਾਂ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਵੱਡਾ ਫੈਸਲਾ
ਪਾਰਟੀ ਹਾਈਕਮਾਨ ਚੋਣਾਂ ਦੇ ਵਿਚਕਾਰ ਹੋਰ ਵਿਵਾਦ ਖੜ੍ਹਾ ਕਰਨ ਤੋਂ ਡਰ ਰਹੀ ਹੈ। ਇਸ ਲਈ ਮੁੱਖ ਮੰਤਰੀ ਦਾ ਫੈਸਲਾ ਚੋਣਾਂ ਤੋਂ ਬਾਅਦ ਹੀ ਹੋਏਗਾ।
ਨਵੀਂ ਦਿੱਲੀ: ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਬਾਰੇ ਕਾਂਗਰਸ ਨੇ ਵੱਡਾ ਫ਼ੈਸਲਾ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਪੰਜਾਂ ਸੂਬਿਆਂ ਦੀਆਂ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਬਿਨਾਂ ਹੀ ਲੜੀਆਂ ਜਾਣਗੀਆਂ। ਪਾਰਟੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਬਾਰੇ ਫ਼ੈਸਲਾ ਚੋਣ ਨਤੀਜਿਆਂ ਤੋਂ ਬਾਅਦ ਲਿਆ ਜਾਵੇਗਾ। ਚੋਣਾਂ ਮਗਰੋਂ ਕਾਂਗਰਸ ਵਿਧਾਇਕ ਦਲ ਹਾਈ ਕਮਾਨ ਨਾਲ ਵਿਚਾਰ ਚਰਚਾ ਮਗਰੋਂ ਨਵੇਂ ਆਗੂ ਦਾ ਫ਼ੈਸਲਾ ਕਰੇਗਾ।
ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਇਹ ਫੈਸਲਾ ਪਾਰਟੀ ਅੰਦਰਲੇ ਵਿਵਾਦ ਨੂੰ ਠੱਲ੍ਹ ਪਾਉਣ ਲਈ ਲਿਆ ਹੈ। ਪੰਜਾਬ ਤੇ ਉੱਤਰਾਖੰਡ ਵਿੱਚ ਮੁੱਖ ਮੰਤਰੀ ਦੀ ਚਿਹਰੇ ਨੂੰ ਲੈ ਕੇ ਕਾਫੀ ਖਿੱਚੋਤਾਣ ਚੱਲ ਰਹੀ ਹੈ। ਪਾਰਟੀ ਹਾਈਕਮਾਨ ਚੋਣਾਂ ਦੇ ਵਿਚਕਾਰ ਹੋਰ ਵਿਵਾਦ ਖੜ੍ਹਾ ਕਰਨ ਤੋਂ ਡਰ ਰਹੀ ਹੈ। ਇਸ ਲਈ ਮੁੱਖ ਮੰਤਰੀ ਦਾ ਫੈਸਲਾ ਚੋਣਾਂ ਤੋਂ ਬਾਅਦ ਹੀ ਹੋਏਗਾ।
ਉਧਰ, ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਹਮਾਇਤੀ ਚਾਹੁੰਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਪਰ ਪਾਰਟੀ ਦਾ ਕਹਿਣਾ ਹੈ ਕਿ ਉਹ ਚੋਣਾਂ ਦੇ ਮੱਦੇਨਜ਼ਰ ਹੋਰਨਾਂ ਧੜਿਆਂ ਨੂੰ ਨਾਰਾਜ਼ ਕਰਨ ਦਾ ਜੋਖਮ ਨਹੀਂ ਲੈਣਾ ਚਾਹੁੰਦੀ। ਪੰਜਾਬ ’ਚ ਮੁੜ ਸੱਤਾ ’ਚ ਆਉਣ ਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਕਾਂਗਰਸ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ।
ਉੱਤਰ ਪ੍ਰਦੇਸ਼ ਨੂੰ ਛੱਡ ਕੇ ਤਿੰਨ ਰਾਜਾਂ ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਕਾਂਗਰਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੈ ਜਦਕਿ ਪੰਜਾਬ ’ਚ ਕਾਂਗਰਸ ਦਾ ਮੁਕਾਬਲਾ ਅਕਾਲੀ ਦਲ-ਬਸਪਾ ਗੱਠਜੋੜ ਤੇ ਆਮ ਆਦਮੀ ਪਾਰਟੀ ਨਾਲ ਹੈ। ਉੱਤਰ ਪ੍ਰਦੇਸ਼ ’ਚ ਕਾਂਗਰਸ ਮੁੱਖ ਪਾਰਟੀ ਨਹੀਂ ਪਰ ਉਹ ਮੁਕਾਬਲੇ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਅੱਗੇ ਰਹਿਣਾ ਚਾਹੁੰਦੀ ਹੈ।
ਗੋਆ ’ਚ ਕਾਂਗਰਸ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਇਸ ਦੇ ਤਕਰੀਬਨ ਸਾਰੇ ਵਿਧਾਇਕ ਪਾਰਟੀ ਛੱਡ ਕੇ ਜਾ ਚੁੱਕੇ ਹਨ। ਗੋਆ ’ਚ ਪਾਰਟੀ ਕੋਲ ਤਿੰਨ ਸਾਬਕਾ ਮੁੱਖ ਮੰਤਰੀ ਦਿਗਾਂਬਰ ਕਾਮਤ, ਪ੍ਰਤਾਪ ਸਿੰਘ ਰਾਣੇ ਤੇ ਫਰਾਂਸਿਸਕੋ ਸਰਦਿਨਹਾ ਹਨ ਪਰ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦਾ ਫ਼ੈਸਲਾ ਕੀਤਾ ਹੈ ਹਾਲਾਂਕਿ ਸਰਦਿਨਹਾ ਇਨ੍ਹਾਂ ’ਚੋਂ ਸਭ ਤੋਂ ਅੱਗੇ ਚੱਲ ਰਹੇ ਹਨ।
ਮਨੀਪੁਰ ’ਚ ਵੀ ਕਾਂਗਰਸ ਵੱਡੇ ਸੰਕਟ ’ਚ ਹੈ ਪਰ ਜੇਕਰ ਇੱਥੇ ਪਾਰਟੀ ਚੋਣ ਜਿੱਤ ਕੇ ਸੱਤਾ ’ਚ ਆਉਂਦੀ ਹੈ ਤਾਂ ਓਕਰਾਮ ਇਬੋਬੀ ਸਿੰਘ ਮੁੱਖ ਮੰਤਰੀ ਦੇ ਅਹੁਦੇ ਲਈ ਮੁੜ ਦਾਅਵੇਦਾਰ ਹੋ ਸਕਦੇ ਹਨ ਪਰ ਪਾਰਟੀ ਨੇ ਅਜੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਹੈ।
ਪਾਰਟੀ ਇਸ ਉੱਤਰ-ਪੂਰਬੀ ਰਾਜ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੂੰ ਇੱਥੋਂ ਦੇ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਪਿਛਲੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਕਾਂਗਰਸ ਮਨੀਪੁਰ ’ਚ ਸਰਕਾਰ ਨਹੀਂ ਬਣਾ ਸਕੀ ਸੀ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ’ਚ ਪਾਰਟੀ ਦਾ ਮੁੱਖ ਚਿਹਰਾ ਹਨ ਪਰ ਪਾਰਟੀ ਵੱਲੋਂ ਇੱਥੇ ਵੀ ਕਿਸੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਬਾਕੀ ਸੂਬਿਆਂ ਮੁਕਾਬਲੇ ਬਹੁਤ ਘੱਟ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904