Independence Day 2021: ਦਿੱਲੀ 'ਚ ਆਜ਼ਾਦੀ ਦਿਹਾੜੇ 'ਤੇ ਵੱਡਾ ਅੱਤਵਾਦੀ ਅਲਰਟ, ਛਾਉਣੀ 'ਚ ਬਦਲੀ ਰਾਜਧਾਨੀ
ਅਲਰਟ ਤੋਂ ਬਾਅਦ ਲਾਲ ਕਿਲ੍ਹੇ 'ਤੇ ਹੋਣ ਵਾਲੇ ਪ੍ਰੋਗਰਾਮ ਲਈ ਦਿੱਲੀ ਪੁਲਿਸ ਦੇ ਟੌਪ ਲੈਵਲ ਦੇ ਅਧਿਕਾਰੀਆਂ ਨੇ ਲਾਲ ਕਿਲ੍ਹੇ 'ਚ ਇਕ ਉੱਚ ਪੱਧਰੀ ਮੀਟਿੰਗ ਕੀਤੀ ਤੇ ਸੁਰੱਖਿਆ ਦਾ ਜਾਇਜ਼ਾ ਲਿਆ।
Independence Day 2021: 15 ਅਗਸਤ ਨੂੰ ਦੇਸ਼ ਆਜ਼ਾਦੀ ਦਾ 75ਵਾਂ ਆਜ਼ਾਦੀ ਦਿਹਾੜਾ ਮਨਾਵੇਗਾ। ਇਸ ਦੇ ਨਾਲ ਹੀ ਜਿੱਥੇ ਜਸ਼ਨਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ ਉੱਥੇ ਹੀ ਸੁਰੱਖਿਆ ਏਜੰਸੀਆਂ ਵੀ ਚੌਕਸ ਹਨ। ਸੂਤਰਾਂ ਮੁਤਾਬਕ ਇਸ ਵਾਰ ਦਿੱਲੀ ਪੁਲਿਸ ਨੂੰ 15 ਅਗਸਤ 'ਤੇ ਵੱਡਾ ਅੱਤਵਾਦੀ ਅਲਰਟ ਮਿਲਿਆ ਹੈ।
ਇਸ ਅਲਰਟ ਤੋਂ ਬਾਅਦ ਲਾਲ ਕਿਲ੍ਹੇ 'ਤੇ ਹੋਣ ਵਾਲੇ ਪ੍ਰੋਗਰਾਮ ਲਈ ਦਿੱਲੀ ਪੁਲਿਸ ਦੇ ਟੌਪ ਲੈਵਲ ਦੇ ਅਧਿਕਾਰੀਆਂ ਨੇ ਲਾਲ ਕਿਲ੍ਹੇ 'ਚ ਇਕ ਉੱਚ ਪੱਧਰੀ ਮੀਟਿੰਗ ਕੀਤੀ ਤੇ ਸੁਰੱਖਿਆ ਦਾ ਜਾਇਜ਼ਾ ਲਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਲਾਲ ਕਿਲ੍ਹੇ ਦੇ ਸਾਹਮਣੇ ਵੱਡੇ-ਵੱਡੇ ਕੰਟੇਨਰ ਤੇ ਇਕ ਵੱਡੀ ਦੀਵਾਰ ਖੜੀ ਕੀਤੀ ਗਈ ਹੈ।
ਵੱਡੀ ਸਾਜ਼ਿਸ਼ ਨੂੰ ਦਿੱਤਾ ਜਾ ਸਕਦਾ ਅੰਜ਼ਾਮ
ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਦਾ ਪੁਖਤਾ ਅਲਰਟ ਹੈ ਕਿ ਇਸ ਵਾਰ ਕੁਝ ਸ਼ੱਕੀ ਅੱਤਵਾਦੀ ਰਾਜਧਾਨੀ 'ਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਨਪੁੱਟ ਇਹ ਵੀ ਹੈ ਕਿ ਅੱਤਵਾਦੀ ਸੰਗਠਨ ਵੱਡੀਆਂ ਸਰਕਾਰੀ ਇਮਾਰਤਾਂ 'ਤੇ ਆਪਣਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹਨ।
ਇਹੀ ਵਜ੍ਹਾ ਹੈ ਕਿ 15 ਅਗਸਤ ਨੂੰ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਏਜੰਸੀਆਂ ਤੋਂ ਇਨਪੁੱਟ ਮਿਲਣ ਤੋਂ ਬਾਅਦ ਇਸ ਵਾਰ 15 ਅਗਸਤ 'ਤੇ ਸਾਰੇ ਵੱਡੇ ਧਾਰਮਿਕ ਸਥਾਨਾਂ 'ਤੇ ਵੀ ਪੁਲਿਸ ਦੀ ਨਜ਼ਰ ਰਹੇਗੀ। ਜਿਸ ਨਾਲ ਕੋਈ ਵੀ ਸ਼ਰਾਰਤੀ ਤੱਤ ਕਿਸੇ ਵਾਰਦਾਤ ਨੂੰ ਅੰਜਾਮ ਦੇਕੇ ਮਾਹੌਲ ਨਾ ਖਰਾਬ ਕਰ ਸਕਣ।
ਦਿੱਲੀ ਪੁਲਿਸ ਨੂੰ ਖੁਫੀਆ ਏਜੰਸੀਆਂ ਨੇ ਡ੍ਰੋਨ ਹਮਲੇ ਦਾ ਵੀ ਖਤਰਾ ਜਤਾਇਆ ਹੈ। ਇਹੀ ਵਜ੍ਹਾ ਹੈ ਕਿ ਲਾਲ ਕਿਲ੍ਹੇ 'ਤੇ ਐਂਟੀ ਡ੍ਰੋਨ ਸਿਸਟਮ ਇੰਸਟਾਲ ਕੀਤੇ ਗਏ ਹਨ। ਇਸ ਦੇ ਨਾਲ ਹੀ 16 ਅਗਸਤ ਤਕ ਦਿੱਲੀ 'ਚ ਕਿਸੇ ਵੀ ਤਰ੍ਹਾਂ ਦੇ ਡ੍ਰੋਨ ਉਡਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ।