ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਵਿਕਰੀ ਨੂੰ ਲੱਗੀ ਬ੍ਰੇਕ, 6 ਫੀਸਦੀ ਮੁਲਾਜ਼ਮਾਂ ਦੀ ਨੌਕਰੀ 'ਤੇ ਕੁਹਾੜਾ
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮੰਦੀ ਖਤਮ ਹੋਣ ਤੱਕ ਮਾਰੂਤੀ ਨਵੀਂ ਭਰਤੀ ਨਹੀਂ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਬਾਰੇ ਅਧਿਕਾਰਿਤ ਤੌਰ 'ਤੇ ਕੁਝ ਨਹੀਂ ਕਿਹਾ। ਮਾਰੂਤੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਸ ਨੇ ਪਹਿਲੀ ਛਿਮਾਹੀ ਵਿੱਚ ਉਤਪਾਦਨ ਵਿੱਚ 10.3 ਫੀਸਦੀ ਦੀ ਕਟੌਤੀ ਕੀਤੀ ਹੈ।

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਦੇ ਅਸਥਾਈ ਮੁਲਾਜ਼ਮਾਂ ਦੀ ਗਿਣਤੀ ਇਸ ਸਾਲ ਦੀ ਪਹਿਲੀ ਛਿਮਾਹੀ (ਜਨਵਰੀ-ਜੂਨ) ਵਿੱਚ 1,181 ਤੋਂ ਘਟ ਕੇ 18,845 ਰਹਿ ਗਈ ਹੈ। 2018 ਦੀ ਪਹਿਲੀ ਛਿਮਾਹੀ ਨਾਲੋਂ ਇਹ 6 ਫੀਸਦੀ ਘੱਟ ਹੈ। ਪਹਿਲੀ ਵਾਰ ਮਾਰੂਤੀ ਦੇ ਅਸਥਾਈ ਕਰਮਚਾਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਛਾਂਟੀ ਦੀ ਪ੍ਰਕਿਰਿਆ ਵਿੱਚ ਅਪਰੈਲ ਤੋਂ ਵੀ ਜ਼ਿਆਦਾ ਤੇਜ਼ੀ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਟੋ ਇੰਡਸਟਰੀ ਵਿੱਚ ਮੰਦੀ ਦੇ ਕਾਰਨ ਕੰਪਨੀ ਨੇ ਇਹ ਕਦਮ ਚੁੱਕਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮੰਦੀ ਖਤਮ ਹੋਣ ਤੱਕ ਮਾਰੂਤੀ ਨਵੀਂ ਭਰਤੀ ਨਹੀਂ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਬਾਰੇ ਅਧਿਕਾਰਿਤ ਤੌਰ 'ਤੇ ਕੁਝ ਨਹੀਂ ਕਿਹਾ। ਮਾਰੂਤੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਸ ਨੇ ਪਹਿਲੀ ਛਿਮਾਹੀ ਵਿੱਚ ਉਤਪਾਦਨ ਵਿੱਚ 10.3 ਫੀਸਦੀ ਦੀ ਕਟੌਤੀ ਕੀਤੀ ਹੈ।
ਜੁਲਾਈ ਵਿੱਚ ਕੰਪਨੀ ਦੀ ਵਿਕਰੀ ਵੀ 33.5 ਫੀਸਦੀ ਘਟ ਗਈ। ਰਿਪੋਰਟਾਂ ਮੁਤਾਬਕ ਆਟੋ ਉਦਯੋਗ 10 ਸਾਲਾਂ ਦੇ ਸਭ ਤੋਂ ਮੰਦੇ ਦੌਰ ਵਿੱਚੋਂ ਲੰਘ ਰਿਹਾ ਹੈ। ਵਾਹਨਾਂ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਹਾਲਾਤ ਜਲਦੀ ਠੀਕ ਹੋਣ ਦੀਆਂ ਉਮੀਦਾਂ ਕਾਫ਼ੀ ਘੱਟ ਹਨ।
ਡੇਟਾ ਗਰੁੱਪ ਸੀਐਮਆਈਈ ਮੁਤਾਬਕ ਜੁਲਾਈ ਵਿੱਚ ਦੇਸ਼ 'ਚ ਬੇਰੁਜ਼ਗਾਰੀ ਦੀ ਦਰ 7.51 ਫੀਸਦੀ ਤਕ ਪਹੁੰਚ ਗਈ। ਪਿਛਲੇ ਸਾਲ ਜੁਲਾਈ ਵਿੱਚ 5.66 ਫੀਸਦੀ ਸੀ। ਇਸ ਵਿੱਚ ਦਿਹਾੜੀ ਮਜ਼ਦੂਰਾਂ ਦੇ ਅੰਕੜੇ ਸ਼ਾਮਲ ਨਹੀਂ ਹੁੰਦੇ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਰਥਸ਼ਾਸਤਰੀ ਬੇਰੁਜ਼ਗਾਰੀ ਦੇ ਸਰਕਾਰੀ ਅੰਕੜੇ ਗਲਤ ਤੇ ਬੇਭਰੋਸੇਯੋਗ ਕਹਿ ਰਹੇ ਹਨ। ਆਟੋ ਉਦਯੋਗ ਦੀ ਮੰਦੀ ਸਥਿਤੀ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।