ਚਾਇਲਡ ਪੋਨੋਗ੍ਰਾਫੀ ਮਾਮਲੇ 'ਚ CBI ਦੇ ਪੰਜਾਬ, ਹਰਿਆਣਾ, ਹਿਮਾਚਲ ਸਣੇ ਕਈ ਰਾਜਾਂ 'ਚ ਛਾਪੇ
ਬੱਚਿਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ ਦੇ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ, ਹਿਮਾਚਲ, ਹਰਿਆਣਾ ਸਮੇਤ 14 ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ।
ਚੰਡੀਗੜ੍ਹ: ਬੱਚਿਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ ਦੇ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ, ਹਿਮਾਚਲ, ਹਰਿਆਣਾ ਸਮੇਤ 14 ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਟੀਮ ਨੇ ਪੰਜਾਬ ਦੇ ਸੰਗਰੂਰ, ਮਲੇਰਕੋਟਲਾ, ਹੁਸ਼ਿਆਰਪੁਰ ਅਤੇ ਹਰਿਆਣਾ ਦੇ ਯਮੁਨਾਨਗਰ, ਪਾਣੀਪਤ, ਸਿਰਸਾ, ਹਿਸਾਰ ਅਤੇ ਹਿਮਾਚਲ ਦੇ ਸੋਲਨ ਵਿੱਚ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਸੀਬੀਆਈ ਨੇ ਵੱਡੀ ਮਾਤਰਾ ਵਿੱਚ ਇਲੈਕਟ੍ਰਾਨਿਕ ਯੰਤਰ, ਮੋਬਾਈਲ, ਲੈਪਟਾਪ ਆਦਿ ਬਰਾਮਦ ਕੀਤੇ ਹਨ।
ਸੀਬੀਆਈ ਨੇ ਹਿਸਾਰ ਦੀ ਡਿਫੈਂਸ ਕਲੋਨੀ ਅਤੇ ਬਾਲਸਮੰਦ ਖੇਤਰ ਦੇ ਦੋ ਪਿੰਡਾਂ ਬੰਡਾਹੇੜੀ ਅਤੇ ਸਰਸਾਨਾ ਅਤੇ ਸ਼ਹਿਰ ਵਿੱਚ ਛਾਪੇਮਾਰੀ ਕੀਤੀ। ਹਿਸਾਰ, ਫਤਿਹਾਬਾਦ ਅਤੇ ਸਿਰਸਾ ਖੇਤਰਾਂ 'ਚ ਬਾਲ ਅਸ਼ਲੀਲਤਾ ਦਾ ਮਾਮਲਾ ਰਾਸ਼ਟਰੀ ਪੱਧਰ 'ਤੇ ਸਾਹਮਣੇ ਆਇਆ ਹੈ। ਤਿੰਨੋਂ ਜ਼ਿਲ੍ਹੇ ਅਚਾਨਕ ਸੀਬੀਆਈ ਦੇ ਰਡਾਰ ਵਿੱਚ ਆ ਗਏ ਹਨ। ਸੀਬੀਆਈ ਦੀ ਟੀਮ ਤਿੰਨ ਗੱਡੀਆਂ ਵਿੱਚ ਛਾਪੇਮਾਰੀ ਕਰਨ ਹਿਸਾਰ ਜ਼ਿਲ੍ਹੇ ਵਿੱਚ ਪਹੁੰਚੀ।
ਜਾਂਚ ਤੋਂ ਬਾਅਦ ਟੀਮ ਨੇ ਕੰਪਿਊਟਰ ਅਤੇ ਲੈਪਟਾਪ ਜ਼ਬਤ ਕਰ ਲਏ। ਇੱਕ ਨੌਜਵਾਨ ਨੂੰ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ। ਸੀਬੀਆਈ ਨੂੰ ਇਲਾਕੇ ਵਿੱਚ ਇੰਟਰਨੈੱਟ 'ਤੇ ਬਾਲ ਪੋਰਨੋਗ੍ਰਾਫੀ ਦੇ ਸਬੂਤ ਮਿਲੇ ਸਨ। ਬਾਲ ਅਸ਼ਲੀਲ ਸਮੱਗਰੀ ਇੱਥੇ ਆਈਪੀ ਲਿੰਕ ਤੋਂ ਅਪਲੋਡ ਕੀਤੀ ਗਈ ਸੀ। ਸੀਬੀਆਈ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਆਈਪੀ ਐਡਰੈੱਸ ਦੇ ਸੰਚਾਲਕਾਂ ਨੂੰ ਸੀਬੀਆਈ ਨੇ ਤਲਬ ਕੀਤਾ ਹੈ। ਇਸ ਦੇ ਨਾਲ ਹੀ ਸਿਰਸਾ ਅਤੇ ਫਤਿਹਾਬਾਦ ਜ਼ਿਲਿਆਂ 'ਚ ਕਈ ਥਾਵਾਂ 'ਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ।
ਸੀਬੀਆਈ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਵਿਅਕਤੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ (ਸੀਐਸਈਐਮ) ਦੇ ਵਪਾਰ ਵਿੱਚ ਸ਼ਾਮਲ ਹਨ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ 50 ਤੋਂ ਵੱਧ ਗਰੁੱਪ ਅਤੇ 5000 ਤੋਂ ਵੱਧ ਅਪਰਾਧੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਸਾਂਝਾ ਕਰਨ 'ਚ ਸ਼ਾਮਲ ਹਨ। ਇਨ੍ਹਾਂ ਸਮੂਹਾਂ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹਨਾਂ ਸਮੂਹਾਂ ਦੀਆਂ ਗਤੀਵਿਧੀਆਂ ਮੁੱਖ ਤੌਰ 'ਤੇ ਸਾਰੇ ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਚੱਲ ਰਹੀਆਂ ਹਨ।
ਚਾਈਲਡ ਪੋਨੋਗ੍ਰਾਫੀ ਦਾ ਕਾਰੋਬਾਰ ਵਧ ਰਿਹਾ
ਇੰਟਰਨੈੱਟ ਰਾਹੀਂ ਬਾਲ ਅਸ਼ਲੀਲਤਾ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲ ਹੀ 'ਚ ਸੁਪਰੀਮ ਕੋਰਟ ਨੇ ਵੀ ਇਸ 'ਤੇ ਚਿੰਤਾ ਪ੍ਰਗਟਾਈ ਸੀ। ਪੋਨੋਗ੍ਰਾਫੀ ਵਰਤਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਦੇਸ਼ਾਂ ਵਿੱਚ ਬੈਠੇ ਵਪਾਰੀ ਆਗੂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜੋੜ ਕੇ ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਦਿਖਾ ਰਹੇ ਹਨ। ਕੁਝ ਸਕਿੰਟਾਂ ਦੀ ਵੀਡੀਓ ਦੇਖਣ ਲਈ ਵੀ ਲੋਕਾਂ ਤੋਂ ਪੈਸੇ ਲਏ ਜਾਂਦੇ ਹਨ।
ਪੈਸੇ ਦੇ ਲਾਲਚ ਵਿੱਚ ਫਸ ਜਾਣਾ
ਸੀਬੀਆਈ ਨੂੰ ਸੂਚਨਾ ਮਿਲੀ ਹੈ ਕਿ ਬੱਚਿਆਂ ਨਾਲ ਸਬੰਧਤ ਅਸ਼ਲੀਲ ਵੀਡੀਓ ਅਤੇ ਫੋਟੋਆਂ ਪੋਸਟ ਕਰਕੇ ਸਥਾਨਕ ਲੋਕਾਂ ਨੂੰ ਵੀ ਇਸ ਧੰਦੇ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ, 2012 (ਪੋਕਸੋ ਐਕਟ) ਵੀ ਬਾਲ ਪੋਨੋਗ੍ਰਾਫੀ ਦੇ ਸਬੰਧ ਵਿੱਚ ਸਜ਼ਾ ਦੀ ਵਿਵਸਥਾ ਕਰਦਾ ਹੈ। POCSO ਐਕਟ ਦੀ ਧਾਰਾ 14 ਦੇ ਅਨੁਸਾਰ, ਬੱਚਿਆਂ ਦੇ ਜਿਨਸੀ ਅੰਗਾਂ ਦਾ ਚਿੱਤਰਣ, ਬੱਚੇ ਦੀ ਅਸਲ ਜਾਂ ਜਾਅਲੀ ਜਿਨਸੀ ਗਤੀਵਿਧੀ ਵਿੱਚ ਭਾਗੀਦਾਰੀ ਅਤੇ ਬੱਚੇ ਦੇ ਅਸ਼ਲੀਲ ਜਾਂ ਗਲਤ ਚਿੱਤਰਣ ਸਮੇਤ ਕਿਸੇ ਵੀ ਕਿਸਮ ਦੀ ਵਰਤੋਂ ਇੱਕ ਅਪਰਾਧ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :