ਆਖ਼ਰ ਅਫ਼ਗ਼ਾਨਿਸਤਾਨ ’ਚ ਫਸੇ ਹਜ਼ਾਰਾਂ ਸਿੱਖਾਂ ਤੇ ਹਿੰਦੂਆਂ ਨੂੰ ਤਾਲਿਬਾਨ ਤੋਂ ਕਿਵੇਂ ਬਚਾਏਗੀ ਭਾਰਤ ਸਰਕਾਰ?
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਅਫ਼ਗ਼ਾਨਿਸਤਾਨ ’ਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ਦੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਚ ਇਸ ਵੇਲੇ ਹਜ਼ਾਰਾਂ ਸਿੱਖ ਤੇ ਹਿੰਦੂ ਫਸੇ ਹੋਏ ਹਨ; ਜਦਕਿ ਉੱਧਰ ਤਾਲਿਬਾਨ ਬੜੀ ਤੇਜ਼ੀ ਨਾਲ ਦੇਸ਼ ਦੇ ਪ੍ਰਮੁੱਖ ਇਲਾਕਿਆਂ ’ਤੇ ਕਬਜ਼ਾ ਕਰਦੇ ਜਾ ਰਹੇ ਹਨ। ਉੱਧਰ ਅਮਰੀਕਾ ਦੀ ਜੋਅ ਬਾਇਡੇਨ ਸਰਕਾਰ ਨੇ ਆਪਣੀ ਨੀਤੀ ਬਦਲ ਕੇ ਆਪਣੀਆਂ ਫ਼ੌਜਾਂ ਇਸ ਦੇਸ਼ ਤੋਂ ਵਾਪਸ ਸੱਦ ਲਈਆਂ ਹਨ; ਜਿਸ ਕਾਰਨ ਹੁਣ ਅਫ਼ਗ਼ਾਨਿਸਤਾਨ ਦੀ ਆਮ ਨਿਰਪੱਖ ਜਨਤਾ ‘ਰੱਬ ਆਸਰੇ’ ਹੀ ਰਹਿ ਗਈ ਹੈ। ਇਨ੍ਹਾਂ ਹਾਲਾਤ ਉੱਤੇ ਭਾਰਤ ਸਰਕਾਰ ਨੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ ਕਿਉਂਕਿ ਉਸ ਨੂੰ ਉੱਥੇ ਫਸੇ ਹਿੰਦੂਆਂ ਤੇ ਸਿੱਖਾਂ ਦੀ ਡਾਢੀ ਚਿੰਤਾ ਹੈ, ਜੋ ਬਚਾਉਣ ਦੀਆਂ ਅਪੀਲਾਂ ਵੀ ਕਰ ਚੁੱਕੇ ਹਨ।
ਪਿਛਲੇ ਹਫ਼ਤੇ ਪੂਰਬੀ ਅਫ਼ਗ਼ਾਨਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ’ਚ ਸਥਾਪਤ ਨਿਸ਼ਾਨ ਸਾਹਿਬ ਨੂੰ ਤਾਲਿਬਾਨ ਨੇ ਹਟਾ ਦਿੱਤਾ ਸੀ ਪਰ ਬਾਅਦ ’ਚ ਜਦੋਂ ਪੂਰੀ ਦੁਨੀਆ ਵਿੱਚ ਇਸ ਕਾਰੇ ਦੀ ਸਖ਼ਤ ਆਲੋਚਨਾ ਹੋਈ ਸੀ, ਤਦ ਉਸ ਨਿਸ਼ਾਨ ਸਾਹਿਬ ਨੂੰ ਬਹਾਲ ਕਰ ਦਿੱਤਾ ਗਿਆ ਸੀ। ਦਰਅਸਲ, ਤਾਲਿਬਾਨ ਦੇ ਮੁਖੀ ਦਾ ਮੰਨਣਾ ਸੀ ਕਿ ਹੁਣ ਅਫ਼ਗ਼ਾਨਿਸਤਾਨ ’ਚ ਸਿਰਫ਼ ਉਸ ਦਾ ਹੀ ਝੰਡਾ ਝੁੱਲੇਗਾ, ਹੋਰ ਕਿਸੇ ਦਾ ਨਹੀਂ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਅਫ਼ਗ਼ਾਨਿਸਤਾਨ ’ਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਮੰਤਰਾਲੇ ਦੇ ਬੁਲਾਰੇ ਅਰਿਦਮ ਬਾਗਚੀ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਦੀਆਂ ਘੱਟ ਗਿਣਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਕਈ ਵਾਰ ਕੀਤੀਆਂ ਗਈਆਂ ਹਨ ਤੇ ਹੁਣ ਵੀ ਜ਼ਰੂਰ ਕੀਤੀਆਂ ਜਾਣਗੀਆਂ।
ਪਿਛਲੇ ਵਰ੍ਹੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਉੱਦਮਾਂ ਸਦਕਾ ਹੀ 383 ਸਿੱਖ ਤੇ ਹਿੰਦੂ ਭਾਰਤ ਲਿਆਂਦੇ ਗਏ ਸਨ। ਉੱਧਰ ਅਮਰੀਕਾ ਦੀ ਇੱਕ ਰਿਪੋਰਟ ਮੁਤਾਬਕ ਸਾਲ 2019 ’ਚ 200 ਦੇ ਲਗਭਗ ਸਿੱਖ ਤੇ ਹਿੰਦੁ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਤੇ ਹੋਰ ਪੱਛਮੀ ਦੇਸ਼ਾਂ ’ਚ ਜਾ ਕੇ ਵੱਸ ਗਏ ਸਨ। ਦਰਅਸਲ, ਅਫ਼ਗ਼ਾਨਿਸਤਾਨ ’ਚ ਗ਼ੈਰ ਮੁਸਲਮਾਨਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਨਹੀਂ। ਤਾਲਿਬਾਨ ਅੱਤਵਾਦੀ ਵੀ ਇਹੋ ਚਾਹੁੰਦੇ ਹਨ ਕਿ ਅਫ਼ਗ਼ਾਨਿਸਤਾਨ ’ਚ ਸਿਰਫ਼ ਮੁਸਲਮਾਨ ਹੀ ਹੋਣ, ਉਹ ਵੀ ਸਿਰਫ਼ ਉਨ੍ਹਾਂ ਨੂੰ ਸਿਜਦਾ ਕਰਨ ਵਾਲੇ। ਜਿਹੜੇ ਮੁਸਲਿਮ ਲੋਕ ਇਸ ਵੇਲੇ ਤਾਲਿਬਾਨ ਅੱਤਵਾਦ ਦਾ ਵਿਰੋਧ ਕਰ ਰਹੇ ਹਨ; ਉਨ੍ਹਾਂ ਨੂੰ ਵੀ ਕੋਹ-ਕੋਹ ਕੇ ਮਾਰਿਆ ਜਾ ਰਿਹਾ ਹੈ।
ਦੱਸ ਦਈਏ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਨਵੀਂ ਸੰਸਦ ਦਾ ਨਿਰਮਾਣ ਤੱਕ ਭਾਰਤ ਸਰਕਾਰ ਨੇ ਕਰਵਾਇਆ ਹੈ। ਇਸ ਤੋਂ ਇਲਾਵਾ ਮੁੱਖ ਸੜਕਾਂ ਤੇ ਪੁਲ਼ਾਂ ਦੀ ਉਸਾਰੀ ਵੀ ਭਾਰਤ ਨੇ ਕਰਵਾਈ ਹੈ। ਭਾਰਤ ਨੇ ਅਫ਼ਗ਼ਾਨਿਸਤਾਨ ’ਚ ਸਦਾ ਅਮਨ ਹੀ ਚਾਹਿਆ ਹੈ ਪਰ ਕੌਮਾਂਤਰੀ ਸਿਆਸਤ ਇੱਥੇ ਅਜਿਹਾ ਨਹੀ ਚਾਹੁੰਦੀ।
ਉੱਧਰ ਅਮਰੀਕੀ ਪ੍ਰਸ਼ਾਸਨ ਉੱਤੇ ਵੀ ਵੱਡਾ ਦਬਾਅ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਹਜ਼ਾਰਾਂ ਅਮਰੀਕੀ ਫ਼ੌਜੀ ਜਵਾਨਾਂ ਦੀਆਂ ਜਾਨਾਂ ਅਫ਼ਗ਼ਾਨਿਸਤਾਨ ’ਚ ਅਜਾਈਂ ਜਾ ਚੁੱਕੀਆਂ ਹਨ; ਉਨ੍ਹਾਂ ਲਈ ਕੌਣ ਜ਼ਿੰਮੇਵਾਰ ਹੈ। ਇਸੇ ਲਈ ਹੁਣ ਅਮਰੀਕਾ ਦੇ ਮੌਜੂਦਾ ਜੋਅ ਬਾਇਡੇਨ ਪ੍ਰਸ਼ਾਸਨ ਨੇ ਹੁਣ ਆਪਣੀਆਂ ਫ਼ੌਜਾਂ ਵਾਪਸ ਸੱਦ ਲਈਆਂ ਹਨ। ਅਜਿਹਾ ਤਾਲਿਬਾਨ ਅੱਤਵਾਦੀਆਂ ਦੀ ਮਦਦ ਲਈ ਤਾਂ ਨਹੀਂ ਕੀਤਾ ਗਿਆ; ਹਾਲੇ ਕੌਮਾਂਤਰੀ ਵਿਸ਼ਲੇਸ਼ਕਾਂ ਨੇ ਇਸ ਦੀ ਸਮੀਖਿਆ ਕਰਨੀ ਹੈ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ; ਕਿਉਂਕਿ ਉੱਧਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਵੀ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦਾ ਹੀ ਰਾਜ ਚਾਹੁੰਦੀ ਹੈ। ਹੁਣ ਵੇਖਣਾ ਇਹ ਹੈ ਕਿ ਆਖ਼ਰ ਭਾਰਤ ਸਰਕਾਰ ਅਫ਼ਗ਼ਾਨਿਸਤਾਨ 'ਚ ਫਸੇ ਹਿੰਦੂਆਂ ਤੇ ਸਿੱਖਾਂ ਨੂੰ ਕੱਢਣ ਵਿੱਚ ਕਦੋਂ ਕਾਮਯਾਬ ਹੋਵੇਗੀ?
ਇਹ ਵੀ ਪੜ੍ਹੋ: Share Market: ਭਾਰਤੀ ਸ਼ੇਅਰ ਮਾਰਕਿਟ ਨੇ ਬਣਾਇਆ ਨਵਾਂ ਰਿਕਾਰਡ, ਸੈਂਸੈਕਸ 55 ਹਜ਼ਾਰ ਤੋਂ ਪਾਰ, ਨਿਫ਼ਟੀ 16400 ’ਤੇ ਪੁੱਜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904