ਕੋਰੋਨਾ ਦਾ ਕਹਿਰ ‘ਸੁਨਾਮੀ’ ਕਰਾਰ! ਮੁੱਖ ਮੰਤਰੀ ਬੋਲੇ, ਇਹ ਤਾਂ ਕਲਪਨਾ ਵੀ ਨਹੀਂ ਸੀ ਕੀਤੀ...
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਫੈਲਣ ਉੱਤੇ ਕਾਬੂ ਪਾਉਣ ਲਈ ਧਾਰਾ 144 ਲਾਗੂ ਕੀਤੀ ਗਈ ਹੈ, ਰਾਤ ਦਾ ਕਰਫ਼ਿਊ ਵੀ ਲਾਇਆ ਗਿਆ ਹੈ, ਦੁਕਾਨਾਂ ਦੇ ਬੰਦ ਹੋਣ ਦੇ ਸਮੇਂ ’ਚ ਕਟੌਤੀ ਸਮੇਤ ਕਈ ਕਦਮ ਚੁੱਕੇ ਗਏ ਹਨ।
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਵਿਡ-19 ਮਾਮਲਿਆਂ ’ਚ ਭਾਰੀ ਵਾਧੇ ਨੂੰ ‘ਅਣਕਿਆਸੀ ਸੁਨਾਮੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੰਕਟ ਨਾਲ ਨਿਪਟਣ ਲਈ ਰਾਜ ਸਰਕਾਰ ਹਰ ਸੰਭਵ ਜਤਨ ਕਰ ਰਹੀ ਹੈ।
ਕੋਰੋਨਾਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਖੱਟਰ ਨੇ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਕੋਈ ਵੀ ਹੜ੍ਹ ਆਉਣ ਦਾ ਖ਼ਦਸ਼ਾ ਪ੍ਰਗਟਾ ਸਕਦਾ ਹੈ ਪਰ ਸੁਨਾਮੀ ਦਾ ਪਹਿਲਾਂ ਕੋਈ ਪਤਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਸਰਕਾਰ ਬਿਸਤਰਿਆਂ ਦੀ ਉਪਲਬਧਤਾ, ਮੈਡੀਕਲ ਆਕਸੀਜਨ ਦੀ ਸਪਲਾਈ ਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਸਮੇਤ ਕਈ ਪੱਧਰਾਂ ਉੱਤੇ ਕੰਮ ਕਰ ਰਹੀ ਹੈ।
ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਫੈਲਣ ਉੱਤੇ ਕਾਬੂ ਪਾਉਣ ਲਈ ਧਾਰਾ 144 ਲਾਗੂ ਕੀਤੀ ਗਈ ਹੈ, ਰਾਤ ਦਾ ਕਰਫ਼ਿਊ ਵੀ ਲਾਇਆ ਗਿਆ ਹੈ, ਦੁਕਾਨਾਂ ਦੇ ਬੰਦ ਹੋਣ ਦੇ ਸਮੇਂ ’ਚ ਕਟੌਤੀ ਸਮੇਤ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ’ਚ ਵਾਧੂ ਬਿਸਤਰੇ ਵਧਾਉਣ ਦੇ ਨਾਲ-ਨਾਲ ਕੋਵਿਡ-19 ਤੋਂ ਪੀੜਤਾਂ ਦੀ ਦੇਖਭਾਲ ਲਈ ਐਮਬੀਬੀਐਸ ਅਤੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਗ਼ੌਰਤਲਬ ਹੈ ਕਿ ਅਪ੍ਰੈਲ ’ਚ ਹਰਿਆਣਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਭਾਰੀ ਉਛਾਲ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਲਾਗ ਦੇ ਸਿਖਰਲੇ ਪੱਧਰ ਦੌਰਾਨ 24 ਘੰਟਿਆਂ ’ਚ 3,100 ਮਾਮਲੇ ਸਾਹਮਣੇ ਆਏ ਸਨ, ਜੋ 27 ਅਪ੍ਰੈਲ, 2021 ਨੂੰ ਲਗਪਗ ਚਾਰ ਗੁਣਾ ਹੋ ਗਏ ਸਨ।
ਉਨ੍ਹਾਂ ਹਲਕੇ ਤੇ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਤਦ ਤੱਕ ਹਸਪਤਾਲਾਂ ਵਿੱਚ ਜਾ ਕੇ ਭੀੜ ਨਾ ਵਧਾਉਣ, ਜਦੋਂ ਤੱਕ ਕਿ ਮੈਡੀਕਲ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਹੋਣ ਦੀ ਸਖ਼ਤ ਜ਼ਰੂਰਤ ਦੀ ਸਲਾਹ ਨਹੀਂ ਦਿੱਤੀ ਜਾਂਦੀ।
ਇਹ ਵੀ ਪੜ੍ਹੋ: Coronavirus Update in India: ਭਾਰਤ 'ਚ ਕੋਰੋਨਾ ਕੇਸਾਂ ਨੇ ਤੋੜਿਆ ਰਿਕਾਰਡ, ਪਹਿਲੀ ਵਾਰ ਇੱਕੋ ਦਿਨ 3.79 ਲੱਖ ਨਵੇਂ ਕੇਸ, 3645 ਮੌਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904