ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਸਦ ਭਵਨ ’ਚ ਡਟੇ ਕਾਂਗਰਸੀ ਸੰਸਦ ਮੈਂਬਰ, ਰਾਹੁਲ ਗਾਂਧੀ ਨੇ ਕੀਤੀ ਅਗਵਾਈ
ਧਰਨੇ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਲੋਕ ਸਭਾ ਵਿੱਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ, ਕੋਡਿਕੁਨਿਲ ਸੁਰੇਸ਼ ਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਹੋਏ। ਉਨ੍ਹਾਂ ‘ਕਾਲਾ ਕਾਨੂੰਨ ਵਾਪਸ ਲਓ’ ਤੇ ‘ਨਰਿੰਦਰ ਮੋਦੀ, ਕਿਸਾਨ ਵਿਰੋਧੀ’ ਦੇ ਨਾਅਰੇ ਵੀ ਲਾਏ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਸੰਸਦ ਮੈਂਬਰਾਂ ਨੇ ਤਿੰਨ ਨਵੇਂ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਅੱਜ ਸ਼ੁੱਕਰਵਾਰ ਨੂੰ ਸੰਸਦ ਭਵਨ ਕੰਪਲੈਕਸ ਅੰਦਰ ਧਰਨਾ ਦਿੱਤਾ। ਕਾਂਗਰਸੀ ਸੰਸਦ ਮੈਂਬਰਾਂ ਨੇ ਬਜਟ ਸੈਸ਼ਨ ਦੇ ਪਹਿਲੇ ਦਿਨ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਧਰਨਾ ਦਿੱਤਾ।
ਇਸ ਧਰਨੇ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਲੋਕ ਸਭਾ ਵਿੱਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ, ਕੋਡਿਕੁਨਿਲ ਸੁਰੇਸ਼ ਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਹੋਏ। ਉਨ੍ਹਾਂ ‘ਕਾਲਾ ਕਾਨੂੰਨ ਵਾਪਸ ਲਓ’ ਤੇ ‘ਨਰਿੰਦਰ ਮੋਦੀ, ਕਿਸਾਨ ਵਿਰੋਧੀ’ ਦੇ ਨਾਅਰੇ ਵੀ ਲਾਏ।
ਸੁਰੇਸ਼ ਨੇ ਕਿਹਾ ਕਿ ਤਿੰਨੇ ਕਾਨੂੰਨਾਂ ਵਿਰੁੱਧ ਲੱਖਾਂ ਕਿਸਾਨ ਦੋ ਮਹੀਨਿਆਂ ਤੋਂ ਸੜਕਾਂ ’ਤੇ ਹਨ ਪਰ ਸਰਕਾਰ ਉਨ੍ਹਾਂ ਦੀ ਸੁਣ ਨਹੀਂ ਰਹੀ। ਅਸੀਂ ਇਸ ਸੈਸ਼ਨ ਵਿੱਚ ਸਰਕਾਰ ਉੱਤੇ ਪੂਰਾ ਦਬਾਅ ਬਣਾਵਾਂਗੇ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।
ਅੱਜ ਕਾਂਗਰਸ ਸਮੇਤ ਵੱਖੋ-ਵੱਖਰੀਆਂ ਵਿਰੋਧੀ ਪਾਰਟੀਆਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਵੀ ਕੀਤਾ। ਹੇਠਲੇ ਸਦਨ ਦੀ ਮੀਟਿੰਗ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤੀ ਵਰ੍ਹੇ 2020-2021 ਦਾ ਆਰਥਿਕ ਸਰਵੇਖਣ ਦਸਤਾਵੇਜ਼ ਪੇਸ਼ ਕੀਤਾ।
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਦਨ ਦੇ ਮਾਧਿਅਮ ਰਾਹੀਂ ਅਜਿਹਾ ਸੰਦੇਸ਼ ਦੇ ਸਕਦੇ ਹਾਂ। ਭਾਵੇਂ ਮੈਂਬਰਾਂ ਦਾ ਸ਼ੋਰ–ਸ਼ਰਾਬਾ ਜਾਰੀ ਰਿਹਾ। ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਅਨੇਕ ਕੇਂਦਰੀ ਮੰਤਰੀ ਮੌਜੂਦ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ