New Delhi Railway Station Stampede: 'ਮੌਤ ਦੇ ਸਹੀ ਅੰਕੜੇ ਕਦੋਂ ਮਿਲਣਗੇ?' NDLS ਭਗਦੜ 'ਤੇ ਕਾਂਗਰਸ ਨੇ ਲਾ ਦਿੱਤੀ ਸਵਾਲਾਂ ਦੀ ਝੜ੍ਹੀ
ਮਹਾਕੁੰਭ ਲਈ ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਵਧਣ ਕਾਰਨ ਸ਼ਨੀਵਾਰ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਮਚ ਗਈ, ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਜ਼ਖ਼ਮੀ ਹੋਏ ਹਨ।

New Delhi Railway Station Stampede: ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਰਾਤ ਹੋਈ ਭਗਦੜ ਵਿੱਚ 18 ਲੋਕਾਂ ਦੀ ਮੌਤ ਤੋਂ ਬਾਅਦ, ਕਾਂਗਰਸ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕੇ.ਸੀ. ਵੇਣੁਗੋਪਾਲ ਸਮੇਤ ਕਾਂਗਰਸ ਦੇ ਕਈ ਆਗੂਆਂ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ 'ਤੇ ਵਿਵਸਥਾ ਅਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਮੋਦੀ ਸਰਕਾਰ ਤੋਂ ਕਈ ਸਵਾਲ ਵੀ ਪੁੱਛੇ ਹਨ, ਜਿਨ੍ਹਾਂ ਵਿੱਚ ਮੌਤਾਂ ਦੇ ਸਹੀ ਅੰਕੜਿਆਂ ਬਾਰੇ ਵੀ ਪੁੱਛਗਿੱਛ ਸ਼ਾਮਲ ਹੈ।
ਕੇ.ਸੀ. ਵੇਣੁਗੋਪਾਲ ਨੇ ਪ੍ਰਸ਼ਨ ਉਠਾਏ
ਕਾਂਗਰਸ ਦੇ ਮਹਾਸਚਿਵ ਕੇ.ਸੀ. ਵੇਣੁਗੋਪਾਲ ਨੇ ਇਸ ਹਾਦਸੇ 'ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ, 'ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਦੀ ਘਟਨਾ ਹੈਰਾਨੀਜਨਕ ਅਤੇ ਬਹੁਤ ਹੀ ਦੁਖਦਾਈ ਹੈ। ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਹ ਡਰਾਉਣੀਆਂ ਹਨ। ਮੈਂ ਨਿਰਦੋਸ਼ ਪੀੜਤ ਪਰਿਵਾਰਾਂ ਨਾਲ ਗਹਿਰੀ ਸੰਵੇਦਨਾ ਜਤਾਉਂਦਾ ਹਾਂ ਅਤੇ ਜ਼ਖਮੀਆਂ ਦੀ ਜਲਦੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ।'
ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਆਖਿਆ, 'ਰਾਸ਼ਟਰੀ ਰਾਜਧਾਨੀ ਵਿੱਚ, ਸਰਕਾਰ ਦੀ ਸਿੱਧੀ ਨਿਗਰਾਨੀ ਹੇਠ ਐਨੀ ਵੱਡੀ ਘਟਨਾ ਦਾ ਵਾਪਰਨਾ ਇਹ ਦਰਸਾਉਂਦੀ ਹੈ ਕਿ ਸਰਕਾਰ ਸਿਰਫ ਪੀ.ਆਰ. ਕਰਨ ਵਿੱਚ ਹੀ ਸਮਰੱਥ ਹੈ, ਪਰ ਅਸਲ ਇੰਤਜ਼ਾਮ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ।'
ਕਾਂਗਰਸ ਨੇ ਪੁੱਛੇ ਇਹ ਪ੍ਰਸ਼ਨ
ਮੌਤਾਂ ਅਤੇ ਜ਼ਖਮੀਆਂ ਦੇ ਸਹੀ ਆਕੜੇ ਕਦੋਂ ਪਤਾ ਚਲਣਗੇ?
ਭੀੜ 'ਤੇ ਕੰਟਰੋਲ ਕਰਨ ਲਈ ਕਦੇ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕੀਤੀ ਗਈ?
ਜਦੋਂ ਪਤਾ ਸੀ ਕਿ ਮਹਾਕੁੰਭ ਦੌਰਾਨ ਇੰਨੀ ਭੀੜ ਹੋਣੀ ਹੈ, ਤਾਂ ਰੇਲਵੇ ਨੇ ਵਿਸ਼ੇਸ਼ ਟ੍ਰੇਨਾਂ ਦੀ ਵਿਵਸਥਾ ਕਿਉਂ ਨਹੀਂ ਕੀਤੀ?
ਕਾਂਗਰਸ ਪ੍ਰਵਕਤਾ ਨੇ ਵੀ ਪੁੱਛੇ ਸਵਾਲ
ਕਾਂਗਰਸ ਪ੍ਰਵਕਤਾ ਪਵਨ ਖੇੜਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਕਿਹਾ, "ਕੱਲ੍ਹ ਰਾਤ ਫਿਰ ਇੱਕ ਭਗਦੜ ਮਚੀ। ਫਿਰ ਲਾਚਾਰ ਸ਼ਰਧਾਲੂਆਂ ਦੀ ਮੌਤ ਹੋਈ। ਇਹ ਘਟਨਾ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰੀ। ਸਰਕਾਰ ਨੂੰ ਇਸ ਗੱਲ ਦੀ ਕਦੇ ਚਿੰਤਾ ਨਹੀਂ ਹੁੰਦੀ ਕਿ ਇਹ ਮੌਤਾਂ ਕਿਵੇਂ ਰੋਕਣੀਆਂ ਹਨ, ਸਰਕਾਰ ਸਿਰਫ਼ ਇਹ ਸੋਚਦੀ ਹੈ ਕਿ ਇਨ੍ਹਾਂ ਮੌਤਾਂ ਦੀਆਂ ਖ਼ਬਰਾਂ ਕਿਵੇਂ ਰੋਕਣੀਆਂ ਹਨ।"
ਉਨ੍ਹਾਂ ਨੇ ਦੋਸ਼ ਲਗਾਇਆ ਕਿ "ਭਗਦੜ ਤੋਂ ਬਾਅਦ ਓਪਰੇਸ਼ਨ ਲੀਪਾ-ਪੋਤੀ ਚਲਾਇਆ ਗਿਆ। ਇੱਕ ਟੋਲ-ਫਰੀ ਨੰਬਰ ਜਾਰੀ ਕਿਉਂ ਨਹੀਂ ਕੀਤਾ ਗਿਆ, ਤਾਂ ਜੋ ਲੋਕ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ?"
ਪਵਨ ਖੇੜਾ ਨੇ ਇਹ ਵੀ ਮੰਗ ਕੀਤੀ ਕਿ "ਜਿਨ੍ਹਾਂ ਪਲੇਟਫਾਰਮਾਂ ‘ਤੇ ਇਹ ਹਾਦਸਾ ਵਾਪਰਿਆ, ਉਥੇ ਦੀ ਸੀਸੀਟੀਵੀ ਫੁਟੇਜ ਸਰਵਜਨਕ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਭਗਦੜ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤਾਂ ਦੀ ਜਾਂਚ ਹੋ ਸਕੇ ਅਤੇ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾ ਸਕੇ।"
ਮੱਲਿਕਾਰਜੁਨ ਖੜਗੇ ਨੇ ਕੀਤੀਆਂ ਇਹ ਮੰਗਾਂ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਆਪਣੇ ਟਵੀਟ ਵਿੱਚ ਲਿਖਿਆ, "ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਨਾਲ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਬਹੁਤ ਹੀ ਦੁਖਾਇਕ ਹੈ। ਸਟੇਸ਼ਨ ਤੋਂ ਆ ਰਹੀਆਂ ਵੀਡੀਓਜ਼ ਦਿਲ ਨੂੰ ਝੰਜੋੜਨ ਵਾਲੀਆਂ ਹਨ।"
ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੋਈਆਂ ਮੌਤਾਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਵੱਲੋਂ ਸੱਚਾਈ ਓਹਲੇ ਕਰਨ ਦੀ ਕੋਸ਼ਿਸ਼ ਬਹੁਤ ਹੀ ਸ਼ਰਮਨਾਕ ਅਤੇ ਨਿੰਦਨਯੋਗ ਹੈ।"
ਮਲਿਕਾਰਜੁਨ ਖੜਗੇ ਦੀਆਂ ਮੁੱਖ ਮੰਗਾਂ:
ਮਰੇ ਹੋਏ ਅਤੇ ਜ਼ਖ਼ਮੀ ਲੋਕਾਂ ਦੀ ਗਿਣਤੀ ਤੁਰੰਤ ਘੋਸ਼ਿਤ ਕੀਤੀ ਜਾਵੇ।
ਲਾਪਤਾ ਹੋਏ ਲੋਕਾਂ ਦੀ ਪਹਿਚਾਣ ਯਕੀਨੀ ਬਣਾਈ ਜਾਵੇ।
ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਜਾਵੇ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਜ਼ਖ਼ਮੀਆਂ ਨੂੰ ਤੁਰੰਤ ਇਲਾਜ ਦੀ ਸਹੂਲਤ ਦਿੱਤੀ ਜਾਵੇ।
ਪ੍ਰਿਯੰਕਾ ਗਾਂਧੀ ਨੇ ਕੀ ਕਿਹਾ?
ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ, "ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭੀੜ ਕਾਰਨ ਹੋਈ ਭਗਦੜ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ।"
ਉਨ੍ਹਾਂ ਨੇ ਵਿਛੜੀਆਂ ਰੂਹਾਂ ਲਈ ਸ਼ਾਂਤੀ ਦੀ ਅਰਦਾਸ ਕਰਦੇ ਹੋਏ ਕਿਹਾ, "ਮੇਰੀ ਸੰਵੇਦਨਾਵਾਂ ਸ਼ੋਕ-ਸੰਤਪਤ ਪਰਿਵਾਰਾਂ ਨਾਲ ਹਨ। ਮੈਂ ਜਖ਼ਮੀਆਂ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ।"
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ‘ਤੇ ਲਿਖਿਆ, "ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਮਚਣ ਕਾਰਨ ਕਈ ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਮੁਸ਼ਿਕਲ ਸਮੇਂ ਵਿੱਚੋਂ ਲੰਘ ਰਹੇ ਪਰਿਵਾਰਾਂ ਨਾਲ ਮੇਰੀ ਗਹਿਰੀ ਸੰਵੇਦਨਾ ਹੈ ਅਤੇ ਜ਼ਖ਼ਮੀਆਂ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ।"
ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਇਹ ਘਟਨਾ ਫਿਰ ਇੱਕ ਵਾਰ ਰੇਲਵੇ ਦੀ ਅਸਫਲਤਾ ਅਤੇ ਸਰਕਾਰ ਦੀ ਅਣਗੰਭੀਰਤਾ ਨੂੰ ਸਾਫ਼ ਦੱਸਦੀ ਹੈ।"
ਰਾਹੁਲ ਗਾਂਧੀ ਨੇ ਆਗੇ ਲਿਖਿਆ, "ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ, ਸਟੇਸ਼ਨ ‘ਤੇ ਵਧੀਆ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਸਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੁਰਾ ਪ੍ਰਬੰਧ ਅਤੇ ਲਾਪਰਵਾਹੀ ਕਰਕੇ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਨਾ ਗੁਆਉਣੀ ਪਏ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
