ਸਿੰਘੂ ਬਾਰਡਰ 'ਤੇ ਹੋਈ ਵੱਡਾ ਸਾਜਿਸ਼? ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਖੁਲਾਸਾ
ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਵੱਡੀ ਸਾਜਿਸ਼ ਹੋ ਸਕਦੀ ਹੈ। ਇਸ ਲਈ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ।
ਚੰਡੀਗੜ੍ਹ: ਆਖਰ ਸਿੰਘੂ ਬਾਰਡਰ ਉੱਪਰ ਕੀ ਹੋਇਆ ਕਿ ਨਿਹੰਗ ਸਿੰਘਾਂ ਨੇ ਨੌਜਵਾਨ ਲਖਬੀਰ ਸਿੰਘ ਦਾ ਕਤਲ ਕਰ ਦਿੱਤਾ। ਆਖਰ ਲਖਬੀਰ ਸਿੰਘ ਸਿੰਘੂ ਬਾਰਡਰ ਉੱਪਰ ਕਿਵੇਂ ਪਹੁੰਚਿਆ। ਕੀ ਇਸ ਪਿੱਛੇ ਕੋਈ ਸਾਜਿਸ਼ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਹੁਣ ਸਾਹਮਣੇ ਆਉਣਗੇ। ਇਸ ਲਈ ਇੱਕ ਪਾਸੇ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਲਖਬੀਰ ਸਿੰਘ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਲਈ ਪੰਜ ਮੈਂਬਰੀ ਤੱਥ ਖੋਜ ਕਮੇਟੀ ਬਣਾਈ ਹੈ।
ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਵੱਡੀ ਸਾਜਿਸ਼ ਹੋ ਸਕਦੀ ਹੈ। ਇਸ ਲਈ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ। ਇਸ ਲਈ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇਹ ਕਦਮ ਉਠਾਇਆ ਹੈ। ਲਖਬੀਰ ਸਿੰਘ ਦੀ ਭੈਣ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸਰਕਾਰ ਨੇ ਸਿਟ ਬਣਾਈ ਹੈ। ਡੀਜੀਪੀ ਨੇ ਏਡੀਜੀਪੀ ਕਮ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਸਿਟ ਦਾ ਗਠਨ ਕੀਤਾ ਹੈ ਜਿਸ ’ਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਤੇ ਤਰਨ ਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਮੈਂਬਰ ਹੋਣਗੇ।
ਦੂਜੇ ਪਾਸੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ 15 ਅਕਤੂਬਰ ਨੂੰ ਸਿੰਘੂ ਮੋਰਚੇ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਲਖਬੀਰ ਸਿੰਘ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਲਈ ਪੰਜ ਮੈਂਬਰੀ ਤੱਥ ਖੋਜ ਕਮੇਟੀ ਬਣਾਈ ਹੈ। ਇਹ ਕਮੇਟੀ ਤਿੰਨ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਕਮੇਟੀ ’ਚ ਕੰਵਲਪ੍ਰੀਤ ਸਿੰਘ ਪੰਨੂ, ਬਲਦੇਵ ਸਿੰਘ, ਕਾਕਾ ਸਿੰਘ, ਪ੍ਰਗਟ ਸਿੰਘ ਤੇ ਜਤਿੰਦਰ ਸਿੰਘ ਛੀਨਾ ਨੂੰ ਸ਼ਾਮਲ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਇਸ ਕਾਂਡ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਂਇਕ ਜਾਂਚ ਕਰਵਾਈ ਜਾਵੇ। ਉਨ੍ਹਾਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਅਸਤੀਫਿਆਂ ਦੀ ਮੰਗ ਵੀ ਕੀਤੀ ਹੈ।
ਉਧਰ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਨੇ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਸਬੰਧੀ ਤੱਥ ਵੀ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਵੱਲੋਂ ਨਿਹੰਗਾਂ ਦੇ ਪਿਛੋਕੜ ਤੇ ਹੋਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਤੇ ਨਿਹੰਗ ਅਮਨ ਸਿੰਘ ਦੇ ਸਬੰਧਾਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਕਸੇਲ ਵਾਸੀ ਰਾਜ ਕੌਰ (ਇਸ ਵੇਲੇ ਚੀਮਾ ਕਲਾਂ ਦੀ ਵਸਨੀਕ) ਨੇ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਲਖਬੀਰ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਭਰਮਾ ਕੇ ਸਿੰਘੂ ਬਾਰਡਰ ਲਿਜਾਇਆ ਗਿਆ, ਜਿੱਥੇ ਕੁਝ ਨਿਹੰਗ ਸਿੰਘਾਂ ਨੇ 15 ਅਕਤੂਬਰ ਨੂੰ ਬੇਅਦਬੀ ਦੇ ਦੋਸ਼ਾਂ ਤਹਿਤ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।