Coronavirus: ਕੋਰੋਨਾ ਵਾਇਰਸ ਬਾਰੇ WHO ਦੀ ਵੱਡੀ ਚੇਤਾਵਨੀ, ਇਨ੍ਹਾਂ ਦੇਸ਼ਾਂ 'ਚ ਵਧ ਸਕਦੇ ਤੇਜ਼ ਨਾਲ ਕੇਸ
ਕੋਰੋਨਾ ਮਹਾਮਾਰੀ ਨੇ ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਹਾਲਾਂਕਿ, ਪਿਛਲੇ ਕੁਝ ਹਫਤਿਆਂ ਤੋਂ, ਕੋਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ, ਜਿਸ ਕਾਰਨ ਸਾਰੇ ਦੇਸ਼ਾਂ ਨੂੰ ਵੱਡੀ ਰਾਹਤ ਮਿਲੀ ਹੈ।
Coronavirus: ਕੋਰੋਨਾ ਮਹਾਮਾਰੀ ਨੇ ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਹਾਲਾਂਕਿ, ਪਿਛਲੇ ਕੁਝ ਹਫਤਿਆਂ ਤੋਂ, ਕੋਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ, ਜਿਸ ਕਾਰਨ ਸਾਰੇ ਦੇਸ਼ਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ। WHO ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਰੋਨਾ ਕੇਸਾਂ 'ਚ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ।
ਨਿਊਜ਼ ਏਜੰਸੀ IANS ਮੁਤਾਬਕ, WHO ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਕੇਸ ਅਚਾਨਕ ਵਧ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਕੋਰੋਨਾ ਦੀ ਜਾਂਚ ਲਗਾਤਾਰ ਘਟ ਰਹੀ ਹੈ ਤੇ ਪਿਛਲੇ ਕੁਝ ਹਫ਼ਤਿਆਂ ਤੋਂ ਘੱਟ ਕੇਸ ਦਰਜ ਹੋ ਰਹੇ ਹਨ। ਇਸ ਤੋਂ ਇਲਾਵਾ WHO ਨੇ ਇਹ ਵੀ ਦੱਸਿਆ ਹੈ ਕਿ ਕਿਹੜੇ ਦੇਸ਼ਾਂ ਵਿੱਚ ਸਭ ਤੋਂ ਵੱਧ ਕੇਸ ਸਾਹਮਣੇ ਆ ਸਕਦੇ ਹਨ। WHO ਮੁਤਾਬਕ ਏਸ਼ੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਕੇਸ ਤੇਜ਼ੀ ਨਾਲ ਵਧ ਸਕਦੇ ਹਨ ਜੋ ਕੁਝ ਦੇਸ਼ਾਂ ਵਿੱਚ ਵਧਣਾ ਸ਼ੁਰੂ ਹੋ ਗਿਆ ਹੈ।
WHO ਦੀ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਚੀਨ ਵਿੱਚ ਕੋਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ। ਚੀਨ 'ਚ ਕੋਰੋਨਾ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ, ਜਿਸ ਕਾਰਨ ਕਈ ਖੇਤਰਾਂ 'ਚ ਲੌਕਡਾਊਨ ਵੀ ਲਗਾਇਆ ਗਿਆ ਹੈ, ਜਦਕਿ ਬਾਕੀ ਖੇਤਰਾਂ 'ਚ ਸਖਤੀ ਕੀਤੀ ਜਾ ਰਹੀ ਹੈ। ਇੱਥੇ ਓਮੀਕਰੋਨ ਸਬ-ਵੇਰੀਐਂਟ ਬੀ.ਏ.2 ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਭਾਵੇਂ ਇਸ ਨੂੰ ਘਾਤਕ ਨਹੀਂ ਮੰਨਿਆ ਜਾਂਦਾ ਪਰ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਚੀਨ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਵਿੱਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਕੋਰੋਨਾ ਦੇ ਵੱਖ-ਵੱਖ ਵੇਰੀਐਂਟ ਨੇ ਦੁਨੀਆ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਓਮੀਕਰੋਨ ਤੋਂ ਬਾਅਦ ਹੁਣ ਨਵਾਂ ਵੇਰੀਐਂਟ ਵੀ ਸਾਹਮਣੇ ਆਇਆ ਹੈ ਜਿਸ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵੇਰੀਐਂਟ ਦੇ ਦੋ ਮਾਮਲੇ ਇਜ਼ਰਾਈਲ ਵਿੱਚ ਦਰਜ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਕੋਰੋਨਾ ਦਾ ਇਹ ਨਵਾਂ ਵੇਰੀਐਂਟ ਕੋਵਿਡ-19, BA.1 ਤੇ BA.2 ਦੇ ਸਬ-ਵੇਰੀਐਂਟਸ ਤੋਂ ਬਣਿਆ ਹੈ। ਫਿਲਹਾਲ ਇਸ ਵੇਰੀਐਂਟ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਜ਼ਰਾਈਲ ਨੇ ਕਿਹਾ ਹੈ ਕਿ ਇਹ ਜ਼ਿਆਦਾ ਖਤਰਨਾਕ ਨਹੀਂ।
ਦੁਨੀਆ ਦੇ ਸਾਰੇ ਦੇਸ਼ਾਂ 'ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ 'ਚ ਵੀ ਇਸ ਨੂੰ ਲੈ ਕੇ ਅਲਰਟ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੂਨ ਤੱਕ ਭਾਰਤ 'ਚ ਤੀਜੀ ਲਹਿਰ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸੇ ਲਈ ਸਿਹਤ ਮੰਤਰਾਲਾ ਕੋਰੋਨਾ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਕੋਰੋਨਾ ਦੀ ਸਥਿਤੀ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਮੌਜੂਦਾ ਸਮੇਂ 'ਚ ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟਦੇ ਨਜ਼ਰ ਆ ਰਹੇ ਹਨ ਤੇ ਇਸ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਵੀ ਲਗਭਗ ਹਟ ਗਈਆਂ ਹਨ।