ਬੀਜੇਪੀ MP ਪ੍ਰਗਿਆ ਠਾਕੁਰ ਦਾ ਹੈਰਾਨ ਕਰਦਾ ਬਿਆਨ: ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਇਹ ਕਾਂਗਰਸ ਦਾ ਪ੍ਰੌਪੇਗੰਡਾ
ਪ੍ਰੱਗਿਆ ਨੇ ਮੰਗਲਵਾਰ ਕਿਹਾ ਮਹਿੰਗਾਈ ਹੋਰ ਕੁਝ ਨਹੀਂ ਬਲਕਿ ਕਾਂਗਰਸ ਦਾ ਦੁਸ਼ਟਪ੍ਰਚਾਰ ਹੈ।
ਭੋਪਾਲ: ਬੀਜੇਪੀ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਆਪਣੇ ਬਿਆਨ ਨਾਲ ਇਕ ਵਾਰ ਫਿਰ ਚਰਚਾ 'ਚ ਹੈ। ਪ੍ਰੱਗਿਆ ਠਾਕੁਰ ਨੇ ਮਹਿੰਗਾਈ ਨੂੰ ਕਾਂਗਰਸ ਦੀ ਮਾਨਸਿਕਤਾ ਤੇ ਪ੍ਰੌਪੇਗੰਡਾ ਦੱਸਿਆ ਹੈ। ਪ੍ਰੱਗਿਆ ਨੇ ਮੰਗਲਵਾਰ ਕਿਹਾ ਮਹਿੰਗਾਈ ਹੋਰ ਕੁਝ ਨਹੀਂ ਬਲਕਿ ਕਾਂਗਰਸ ਦਾ ਦੁਸ਼ਟਪ੍ਰਚਾਰ ਹੈ। ਇਹ ਲੋਕ ਸਿਰਫ਼ ਪ੍ਰੌਪੇਗੰਡਾ ਕਰਦੇ ਹਨ ਕਿ ਡੀਜ਼ਲ ਮਹਿੰਗਾ, ਪੈਟਰੋਲ ਮਹਿੰਗਾ, ਇਹ ਮਹਿੰਗਾਈ ਹੋਰ ਕੁਝ ਨਹੀਂ ਹੈ, ਇਹ ਕਾਂਗਰਸੀਆ ਦੀ ਮਾਨਸਿਕਤਾ ਹੈ, ਪ੍ਰੌਪੇਗੰਡਾ ਹੈ।
ਠਾਕੁਰ ਭੋਪਾਲ ਨਗਰ ਨਿਗਮ ਵੱਲੋਂ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੀ ਸੀ। ਜਿਸ ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਰਚੂਅਲ ਤੌਰ 'ਤੇ ਇਕ ਪੰਪ ਹਾਊਸ ਲੋਕਅਰਪਨ ਕੀਤਾ ਤੇ ਬੀਐਮਸੀ ਕੰਪਨੀ ਦੀਆਂ ਨਵੀਆਂ ਸਿਟੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਗਿਆ ਠਾਕੁਰ ਨੇ ਪ੍ਰਦੂਸ਼ਣ ਨੂੰ ਘਾਤਕ ਦੱਸਦਿਆਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ 'ਚ ਸ਼ਹਿਰਾਂ 'ਚ ਜਨਤਕ ਆਵਾਜਾਈ ਦੇ ਰੂਪ 'ਚ ਪੁਰਾਣੇ ਵਾਹਨ ਚਲਾਏ ਜਾਂਦੇ ਸਨ।
ਕਾਂਗਰਸ ਨੇ ਕੀਤਾ ਪਲਟਵਾਰ
ਉਨ੍ਹਾਂ ਕਿਹਾ ਪੁਰਾਣੇ ਦੌਰ 'ਚ ਤਿੰਨ ਪਹੀਆ ਡੀਜ਼ਲ ਵਾਹਨ 'ਚ ਬੈਠਣ 'ਤੇ ਚਿਹਰਾ ਸਾਫ਼ ਕਰਨ 'ਤੇ ਰੁਮਾਲ ਕਾਲਾ ਹੋ ਜਾਂਦਾ ਸੀ। ਪਰ ਮੁੱਖ ਮੰਤਰੀ ਚੌਹਨ ਪ੍ਰਦੂਸ਼ਣ ਦੀ ਚਿੰਤਾ ਕਰ ਰਹੇ ਹਨ ਤੇ ਸ਼ਹਿਰ 'ਚ ਪ੍ਰਦੂਸ਼ਣ ਮੁਕਤ ਵਾਹਨ ਚਲਾਏ ਜਾ ਰਹੇ ਹਨ। ਇਸ ਦਰਮਿਆਨ ਕਾਂਗਰਸ ਦੇ ਕਈ ਲੀਡਰਾਂ ਨੇ ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਸੂਬਾ ਕਾਂਗਰਸ ਦੇ ਬੁਲਾਰੇ ਨਰੇਂਦਰ ਸਲੂਜਾ ਨੇ ਇਕ ਟਵੀਟ 'ਚ ਕਿਹਾ, 'ਹੜ੍ਹਾਂ ਲਈ ਕਾਂਗਰਸ ਜ਼ਿੰਮੇਵਾਰ, ਮਹਿੰਗਾਈ ਲਈ ਨਹਿਰੂ ਜੀ ਦਾ ਭਾਸ਼ਣ ਜ਼ਿੰਮੇਵਾਰ? ਮਹਿੰਗਾਈ ਤੋਂ ਦਿੱਕਤ ਦਾ ਅਫ਼ਗਾਨਿਸਤਾਨ ਚਲੇ ਜਾਓ? ਹੁਣ ਸਾਂਸਦ ਪ੍ਰੱਗਿਆ ਠਾਕੁਰ ਕਹਿ ਰਹੀ ਹੈ ਕਿ ਮਹਿੰਗਾਈ ਕੁਝ ਨਹੀਂ, ਇਹ ਕਾਂਗਰਸ ਦੀ ਮਾਨਸਿਕਤਾ ਦਾ ਪ੍ਰੌਪੇਗੰਡਾ...? ਛੇਤੀ ਇਨਾਂ ਸਾਰਿਆਂ ਨੂੰ ਮਾਨਸਿਕ ਇਲਾਜ ਲਈ ਭੇਜੋ।'