Cyclone Jawad: ਚੱਕਰਵਾਤੀ ਤੂਫ਼ਾਨ ਜਵਾਦ ਨੇ ਮਚਾਈ ਦਹਿਸ਼ਤ, ਪੀਐਮ ਮੋਦੀ ਨੇ ਕੀਤੀ ਮੀਟਿੰਗ, ਜਾਣੋ ਕਿੱਥੇ-ਕਿੱਥੇ ਹੋਵੇਗਾ ਅਸਰ?
ਮੀਟਿੰਗ 'ਚ ਪੀਐਮ ਮੋਦੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੂਫਾਨ ਤੋਂ ਪ੍ਰਭਾਵਿਤ ਹੋਣ 'ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਬਿਜਲੀ, ਦੂਰਸੰਚਾਰ, ਸਿਹਤ, ਪੀਣ ਵਾਲੇ ਪਾਣੀ ਵਰਗੀਆਂ ਸਹੂਲਤਾਂ ਦੀ ਤੁਰੰਤ ਬਹਾਲੀ ਨੂੰ ਯਕੀਨੀ ਬਣਾਉਣ।
Cyclone Jawad: ਬੰਗਾਲ ਦੀ ਖਾੜੀ ਤੋਂ ਮੁੜ ਉੱਭਰ ਰਿਹਾ ਚੱਕਰਵਾਤੀ ਤੂਫ਼ਾਨ ਜਵਾਦ ਭਲਕੇ ਮਤਲਬ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ। ਇਸ ਸਬੰਧੀ ਆਂਧਰਾ ਪ੍ਰਦੇਸ਼, ਉੜੀਸਾ, ਬੰਗਾਲ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਜ਼ਾਸਟਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ 95 ਟਰੇਨਾਂ ਦੇ ਸੰਚਾਲਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੰਗਾਲ ਦੀ ਖਾੜੀ 'ਚ ਜਵਾਦ ਤੂਫਾਨ ਦਾ ਖ਼ਤਰਾ ਕਿੰਨਾ ਵੱਡਾ ਹੈ ਕਿ ਪ੍ਰਧਾਨ ਮੰਤਰੀ ਖੁਦ ਦੇਸ਼ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਪੀਐਮ ਮੋਦੀ ਨੇ ਜਵਾਦ ਤੂਫ਼ਾਨ ਨਾਲ ਨਜਿੱਠਣ ਲਈ ਸਮੀਖਿਆ ਮੀਟਿੰਗ ਬੁਲਾਈ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੀਟਿੰਗ 'ਚ ਕੈਬਨਿਟ ਸਕੱਤਰ ਰਾਜੀਵ ਗਾਬਾ ਤੇ ਐਨਐਸਏ ਅਜੀਤ ਡੋਭਾਲ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਜਵਾਦ ਤੂਫ਼ਾਨ ਭਲਕੇ ਤੱਟ ਨਾਲ ਟਕਰਾ ਸਕਦਾ
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਜਵਾਦ ਤੂਫ਼ਾਨ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਸ਼ਨੀਵਾਰ ਸਵੇਰੇ ਹਵਾ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤਕ ਹੋ ਸਕਦੀ ਹੈ। ਇਸ ਕਾਰਨ ਆਂਧਰਾ ਪ੍ਰਦੇਸ਼, ਉੜੀਸਾ ਤੇ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਜਵਾਦ ਦੇ ਖਤਰੇ ਦੇ ਮੱਦੇਨਜ਼ਰ, ਉੜੀਸ਼ਾ ਦੇ ਚਾਰ ਜ਼ਿਲ੍ਹਿਆਂ - ਗਜਪਤੀ, ਗੰਜਮ, ਪੁਰੀ ਤੇ ਜਗਤਸਿੰਘਪੁਰ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਬਾਕੀ 7 ਜ਼ਿਲ੍ਹਿਆਂ - ਕੇਂਦਰਪਾੜਾ, ਕਟਕ, ਖੁਰਦਾ, ਨਯਾਗੜ੍ਹ, ਕੰਧਮਾਲ, ਰਾਏਗੜਾ, ਕੋਰਾਪੁਟ ਜ਼ਿਲ੍ਹੇ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਦੀ 24 ਘੰਟੇ ਤੂਫਾਨ 'ਤੇ ਨਜ਼ਰ
ਗ੍ਰਹਿ ਮੰਤਰਾਲਾ ਵੀ ਜਵਾਦ ਤੂਫ਼ਾਨ ਨੂੰ ਲੈ ਕੇ 24 ਘੰਟੇ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਸਾਰੇ ਤੱਟਵਰਤੀ ਰਾਜਾਂ ਵਿੱਚ ਐਨਡੀਆਰਐਫ ਦੀਆਂ ਕੁੱਲ 29 ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਜਦਕਿ 33 ਐਨਡੀਆਰਐਫ ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।
ਮਛੇਰਿਆਂ ਨੂੰ ਵੀ ਜਲਦੀ ਤੋਂ ਜਲਦੀ ਤੱਟ 'ਤੇ ਪਰਤਣ ਲਈ ਕਿਹਾ ਗਿਆ ਹੈ। ਭਾਰਤੀ ਤੱਟ ਰੱਖਿਅਕ ਤੇ ਜਲ ਸੈਨਾ ਨੇ ਤੂਫਾਨ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਜਹਾਜ਼ ਤੇ ਹੈਲੀਕਾਪਟਰ ਤਾਇਨਾਤ ਕੀਤੇ ਹਨ। ਸਥਿਤੀ ਦੇ ਮੱਦੇਨਜ਼ਰ ਲੋੜ ਪੈਣ 'ਤੇ ਫੌਜ ਤੇ ਹਵਾਈ ਸੈਨਾ ਦੀ ਮਦਦ ਵੀ ਲਈ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: