ED Action Against AAP Leaders: ਆਮ ਆਦਮੀ ਪਾਰਟੀ ਦੇ 3 ਲੀਡਰਾਂ ਖਿਲਾਫ ED ਦਾ ਵੱਡਾ ਐਕਸ਼ਨ, ਕਰੋੜਾਂ ਦੇ ਘੁਟਾਲੇ ਦਾ ਖੁਲਾਸਾ
ਆਮ ਆਦਮੀ ਪਾਰਟੀ (AAP) ਦੇ ਆਗੂਆਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਵਿੱਚ AAP ਸਰਕਾਰ ਦੌਰਾਨ ਹੋਏ ਤਿੰਨ ਵੱਖ-ਵੱਖ ਘੁਟਾਲਿਆਂ ਵਿੱਚ ਮਨੀ ਲਾਂਡਰਿੰਗ ਤਹਿਤ...

ED Registered Case Against AAP Leaders: ਆਮ ਆਦਮੀ ਪਾਰਟੀ (AAP) ਦੇ ਆਗੂਆਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਵਿੱਚ AAP ਸਰਕਾਰ ਦੌਰਾਨ ਹੋਏ ਤਿੰਨ ਵੱਖ-ਵੱਖ ਘੁਟਾਲਿਆਂ ਵਿੱਚ ਮਨੀ ਲਾਂਡਰਿੰਗ ਤਹਿਤ ਕੇਸ ਦਰਜ ਕੀਤੇ ਹਨ। ਹਸਪਤਾਲ ਨਿਰਮਾਣ, ਸੀਸੀਟੀਵੀ ਤੇ ਸ਼ੈਲਟਰ ਹੋਮ ਘੁਟਾਲਿਆਂ ਵਿੱਚ ECIR ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਜਲਦੀ ਹੀ AAP ਦੇ ਵੱਡੇ ਆਗੂਆਂ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਜਾ ਸਕਦੇ ਹਨ।
ਹਸਪਤਾਲ ਨਿਰਮਾਣ ਘੁਟਾਲਾ (5,590 ਕਰੋੜ ਰੁਪਏ)
ਏਜੰਸੀਆਂ ਮੁਤਾਬਕ 2018-19 ਵਿੱਚ ਦਿੱਲੀ ਸਰਕਾਰ ਨੇ 24 ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਸੀ। ਯੋਜਨਾ ਅਨੁਸਾਰ ICU ਨਾਲ ਲੈਸ ਹਸਪਤਾਲ 6 ਮਹੀਨਿਆਂ ਵਿੱਚ ਤਿਆਰ ਹੋਣੇ ਸਨ, ਪਰ 3 ਸਾਲਾਂ ਬਾਅਦ ਵੀ ਕੰਮ ਅਧੂਰਾ ਰਿਹਾ। ਹੁਣ ਤੱਕ ਲਗਪਗ 800 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। LNJP ਹਸਪਤਾਲ ਦੀ ਲਾਗਤ 488 ਕਰੋੜ ਰੁਪਏ ਤੋਂ ਵੱਧ ਕੇ 1135 ਕਰੋੜ ਰੁਪਏ ਹੋ ਗਈ। ਕਈ ਥਾਵਾਂ 'ਤੇ ਜ਼ਰੂਰੀ ਪ੍ਰਵਾਨਗੀ ਤੋਂ ਬਿਨਾਂ ਉਸਾਰੀ ਹੋਈ ਤੇ ਠੇਕੇਦਾਰਾਂ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। HIMS ਨਾਮ ਦੀ ਡਿਜੀਟਲ ਸਿਹਤ ਪ੍ਰਣਾਲੀ ਯੋਜਨਾ 2016 ਤੋਂ ਅਟਕੀ ਹੋਈ ਹੈ ਜਿਸ ਨੂੰ ਜਾਣਬੁੱਝ ਕੇ ਲਟਕਾਇਆ ਹੋਇਆ ਹੈ।
ਸੀਸੀਟੀਵੀ ਘੁਟਾਲਾ (571 ਕਰੋੜ ਰੁਪਏ)
2019 ਵਿੱਚ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ 1.4 ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਦਾ ਠੇਕਾ ਸਰਕਾਰੀ ਕੰਪਨੀ BEL ਨੂੰ ਦਿੱਤਾ ਗਿਆ ਸੀ। ਕੰਮ ਸਮੇਂ ਸਿਰ ਪੂਰਾ ਨਹੀਂ ਹੋਇਆ, ਜਿਸ ਲਈ BEL ਨੂੰ 17 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਪਰ ਬਾਅਦ ਵਿੱਚ ਕੋਈ ਠੋਸ ਕਾਰਨ ਦੱਸੇ ਬਿਨਾਂ ਜੁਰਮਾਨਾ ਮੁਆਫ਼ ਕਰ ਦਿੱਤਾ ਗਿਆ। ਏਜੰਸੀਆਂ ਦੀ ਇਲਜ਼ਾਮ ਹੈ ਕਿ ਬਦਲੇ ਵਿੱਚ ਸਤੇਂਦਰ ਜੈਨ ਨੂੰ ਠੇਕੇਦਾਰਾਂ ਰਾਹੀਂ 7 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ।
DUSIB (ਸ਼ੈਲਟਰ ਹੋਮ) ਘੁਟਾਲਾ (207 ਕਰੋੜ ਰੁਪਏ)
ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (DUSIB) ਨਾਲ ਸਬੰਧਤ ਬੇਨਿਯਮੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਾਅਲੀ FDRs ਰਾਹੀਂ 207 ਕਰੋੜ ਰੁਪਏ ਦਾ ਗਬਨ ਕੀਤਾ ਗਿਆ। ਪਟੇਲ ਨਗਰ ਵਿੱਚ 15 ਲੱਖ ਰੁਪਏ ਦੀ ਸੜਕ ਦੀ ਮੁਰੰਮਤ ਦਿਖਾ ਕੇ ਧੋਖਾਧੜੀ ਕੀਤੀ ਗਈ। ਤਾਲਾਬੰਦੀ ਦੌਰਾਨ ਕੀਤੇ ਗਏ ਕੰਮ ਬਾਰੇ ਝੂਠੇ ਕਾਗਜ਼ਾਤ ਵੀ ਬਣਾਏ ਗਏ। 250 ਕਰੋੜ ਰੁਪਏ ਦੇ ਸ਼ੈਲਟਰ ਹੋਮ ਘੁਟਾਲੇ ਵਿੱਚ, ਫਰਜ਼ੀ ਕਰਮਚਾਰੀਆਂ ਦੇ ਨਾਮ 'ਤੇ ਤਨਖਾਹਾਂ ਦਿਖਾਈਆਂ ਗਈਆਂ ਸਨ ਤੇ ਸਿਆਸਤਦਾਨਾਂ ਨੂੰ ਕਮਿਸ਼ਨ ਦੇ ਰੂਪ ਵਿੱਚ ਪੈਸੇ ਦਿੱਤੇ ਗਏ ਸਨ।
ਸੀਬੀਆਈ ਤੇ ਏਸੀਬੀ ਪਹਿਲਾਂ ਹੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਹੁਣ ਉਨ੍ਹਾਂ ਹੀ ਐਫਆਈਆਰ ਦੇ ਆਧਾਰ 'ਤੇ ਈਡੀ ਨੇ ਵੀ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾਵਾਂ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।






















