(Source: ECI/ABP News/ABP Majha)
ਕੇਜਰੀਵਾਲ ਦੇ ਘਰ 'ਤੇ ਹਮਲੇ ਕਰਨ ਵਾਲੇ ਅੱਠ ਲੋਕ ਗ੍ਰਿਫਤਾਰ, ਸਾਰੇ ਹੀ ਭਾਜਪਾ ਯੁਵਾ ਮੋਰਚਾ ਦੇ ਮੈਂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਕੱਲ੍ਹ ਹੋਏ ਪ੍ਰਦਰਸ਼ਨ ਦੌਰਾਨ ਕੀਤੀ ਤੋੜ-ਫੋੜ ਸਬੰਧੀ ਦਿੱਲੀ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਕੱਲ੍ਹ ਹੋਏ ਪ੍ਰਦਰਸ਼ਨ ਦੌਰਾਨ ਕੀਤੀ ਤੋੜ-ਫੋੜ ਸਬੰਧੀ ਦਿੱਲੀ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਦਿੱਲੀ ਪੁਲਿਸ ਮੁਤਾਬਕ ਇਹ ਸਾਰੇ 8 ਲੋਕ ਉਹ ਹਨ ਜੋ ਕੇਜਰੀਵਾਲ ਦੇ ਘਰ ਦੇ ਬਿਲਕੁਲ ਬਾਹਰ ਪਹੁੰਚੇ ਸਨ, ਜਿਨ੍ਹਾਂ ਨੇ ਘਰ ਦੇ ਬਾਹਰ ਭੰਨਤੋੜ ਕੀਤੀ ਤੇ ਮੁੱਖ ਮੰਤਰੀ ਦੇ ਗੇਟ 'ਤੇ ਪੇਂਟ ਸੁੱਟਿਆ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਹਨ।
ਮਾਮਲਾ ਗਰਮਾਉਣ ਮਗਰੋਂ ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਫੜਨ ਲਈ ਕੁੱਲ 6 ਟੀਮਾਂ ਬਣਾਈਆਂ ਸਨ ਤੇ ਇਨ੍ਹਾਂ ਸਾਰਿਆਂ ਦੀ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪਛਾਣ ਕੀਤੀ ਗਈ ਹੈ। ਫਿਲਹਾਲ ਇਸ 'ਚ ਕੁਝ ਹੋਰ ਲੋਕਾਂ ਦਾ ਫੜਿਆ ਜਾਣਾ ਬਾਕੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਮੈਂਬਰ ਹਨ।
ਦੱਸ ਦਈਏ ਕਿ ਭਾਜਪਾ ਯੁਵਾ ਮੋਰਚਾ ਨੇ ਮੰਗਲਵਾਰ ਨੂੰ ਫਿਲਮ 'ਦ ਕਸ਼ਮੀਰ ਫਾਈਲਜ਼' 'ਤੇ ਵਿਧਾਨ ਸਭਾ 'ਚ ਮੁੱਖ ਮੰਤਰੀ ਕੇਜਰੀਵਾਲ ਦੀ ਤਾਜ਼ਾ ਟਿੱਪਣੀ ਦਾ ਵਿਰੋਧ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਯੁਵਾ ਮੋਰਚਾ ਦੇ ਕੌਮੀ ਸਕੱਤਰ ਤਜਿੰਦਰ ਪਾਲ ਸਿੰਘ ਬੱਗਾ ਤੇ ਕੌਮੀ ਪ੍ਰਧਾਨ ਤੇਜਸਵੀ ਸੂਰਿਆ ਨੇ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਨਿਵਾਸ ਨੇੜੇ ਲਾਏ ਦੋ ਬੈਰੀਕੇਡ ਤੋੜ ਦਿੱਤੇ ਤੇ ਉਥੇ ਹੰਗਾਮਾ ਕੀਤਾ।
ਭਾਜਪਾ ਲਗਾਤਾਰ 'ਆਪ' ਸਰਕਾਰ ਤੋਂ ਫਿਲਮ 'ਦ ਕਸ਼ਮੀਰ ਫਾਈਲਜ਼' ਨੂੰ ਦਿੱਲੀ ਵਿੱਚ ਟੈਕਸ ਮੁਕਤ ਕਰਨ ਦੀ ਮੰਗ ਕਰ ਰਹੀ ਸੀ, ਹਾਲਾਂਕਿ, ਕੇਜਰੀਵਾਲ ਨੇ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਅਜਿਹੀਆਂ ਸਾਰੀਆਂ ਬੇਨਤੀਆਂ ਨੂੰ ਠੁਕਰਾ ਦਿੱਤਾ ਤੇ ਭਾਜਪਾ ਨੂੰ ਫਿਲਮ ਯੂਟਿਊਬ 'ਤੇ ਅਪਲੋਡ ਕਰਨ ਦੀ ਅਪੀਲ ਕੀਤੀ ਸੀ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਫਿਲਮ ਤੋਂ ਕਮਾਇਆ ਪੈਸਾ ਕਸ਼ਮੀਰੀ ਪੰਡਤਾਂ ਦੀ ਭਲਾਈ ਲਈ ਖਰਚਣ ਲਈ ਕਿਹਾ ਸੀ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 'ਦ ਕਸ਼ਮੀਰ ਫਾਈਲਜ਼' ਇੱਕ 'ਝੂਠੀ' (ਤੱਥਾਂ 'ਤੇ ਆਧਾਰਿਤ ਨਹੀਂ) ਫ਼ਿਲਮ ਹੈ। ਹਾਲਾਂਕਿ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ '83' ਤੇ 'ਸਾਂਡ ਕੀ ਆਂਖ' ਵਰਗੀਆਂ ਕਈ ਫਿਲਮਾਂ ਨੂੰ ਟੈਕਸ ਮੁਕਤ ਕੀਤਾ ਸੀ।
‘ਆਪ’ ਆਗੂ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਭਾਜਪਾ ਪੰਜਾਬ ਵਿੱਚ ਆਪਣੀ ਹਾਰ ਤੋਂ ਨਿਰਾਸ਼ ਹੈ ਤੇ ਹੁਣ ਘਟੀਆ ਰਾਜਨੀਤੀ 'ਤੇ ਆ ਗਈ ਹੈ। ਚੱਢਾ ਨੇ ਕਿਹਾ, "ਭਾਜਪਾ ਦੇ ਗੁੰਡਿਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕੀਤਾ ਗਿਆ ਹਮਲਾ ਬਹੁਤ ਹੀ ਨਿੰਦਣਯੋਗ ਹੈ। ਪੁਲਿਸ ਦੀ ਮੌਜੂਦਗੀ 'ਚ ਇਨ੍ਹਾਂ ਗੁੰਡਿਆਂ ਨੇ ਬੈਰੀਕੇਡ ਤੋੜ ਦਿੱਤੇ, ਸੀਸੀਟੀਵੀ ਕੈਮਰੇ ਤੋੜ ਦਿੱਤੇ। ਪੰਜਾਬ ਦੀ ਹਾਰ ਦੇ ਗੁੱਸੇ 'ਚ ਭਾਜਪਾ ਦੇ ਲੋਕ ਨੀਚ ਹਰਕਤਾਂ ਉੱਪਰ ਉੱਤਰ ਆਏ ਹਨ। ਇਹ ਘਟੀਆ ਰਾਜਨੀਤੀ ਹੈ।"